ਆਪ ਤੇ ਰਾਣਾ ਧੜੇ ਦੇ ਸਮਰਥਕ ਦਰਜਨਾਂ ਪਰਿਵਾਰ ਨੇ ਦਿੱਤਾ ਝਟਕਾ
ਆਪ ਤੇ ਰਾਣਾ ਧੜੇ ਨੂੰ ਝਟਕਾ, ਦਰਜਨਾਂ ਪਰਿਵਾਰ ਵਾਰਿਸ ਪੰਜਾਬ ਦੇ ’ਚ ਸ਼ਾਮਲ
Publish Date: Mon, 20 Apr 2026 09:23 PM (IST)
Updated Date: Mon, 20 Apr 2026 09:24 PM (IST)
ਵੱਡੀ ਗਿਣਤੀ ’ਚ ਲੋਕਾਂ ‘ਵਾਰਿਸ ਪੰਜਾਬ ਦੇ’ ਦਾ ਪੱਲਾ ਫੜਿਆ
ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ’ਚ ਰੱਖਣਾ ਸੰਵਿਧਾਨ ਦੀ ਉਲੰਘਣਾ : ਭੰਡਾਲ
ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ
ਫੱਤੂਢੀਂਗਾ : ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਤਲਵੰਡੀ ਸਾਬੋ ਵਿਖੇ ਕੀਤੀ ਗਈ ਪੰਥਕ ਕਾਨਫਰੰਸ ਕਾਨਫਰੰਸ ਨੇ ਪੰਜਾਬ ਦੀ ਸਿਆਸੀ ਹਵਾ ਬਦਲ ਕੇ ਰੱਖ ਦਿੱਤੀ ਹੈ। ਪੰਜਾਬ ਦੇ ਲੋਕਾਂ ਖਾਸ ਕਰ ਨੌਜਵਾਨਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਮਨ ਬਣਾ ਲਿਆ ਹੈ। ਪੰਥ ਬਚਾਓ ਪੰਜਾਬ ਬਚਾਓ ਮੁਹਿੰਮ ਤਹਿਤ ਸੁਲਤਾਨਪੁਰ ਲੋਧੀ ਹਲਕੇ ਵਿਚ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ, ਜਦ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਦੀ ਅਗਵਾਈ ਹੇਠ ਪਿੰਡ ਕਿਸਨਸਿੰਘ ਵਾਲਾ ਦੇ ਦਰਜਨਾਂ ਪਰਿਵਾਰਾਂ ਨੇ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਤੇ ਰਾਣਾ ਇੰਦਰਪਾਲ ਸਿੰਘ ਦੇ ਧੜੇ ਨੂੰ ਅਲਵਿਦਾ ਆਖ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਿਚ ਸ਼ਮੂਲੀਅਤ ਕੀਤੀ। ਗੁਰਦੀਪ ਸਿੰਘ ਭੰਡਾਲ ਵੱਲੋਂ ਸਿਰੋਪਾਓ ਦੇ ਕੇ ਸਾਰੇ ਸ਼ਾਮਲ ਹੋਏ ਮੈਂਬਰਾਂ ਦਾ ਪਾਰਟੀ ਵਿਚ ਸਵਾਗਤ ਕਰਦੇ ਹੋਏ ਕਿਹਾ ਕਿ ਹਰ ਵਿਅਕਤੀ ਨੂੰ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਨੌਜਵਾਨਾਂ ਵਿਚ ਪਾਰਟੀ ਪ੍ਰਤੀ ਉਤਸ਼ਾਹ ਦੇਖ ਭੰਡਾਲ ਵੱਲੋਂ ਅੱਗੇ ਆ ਕੇ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਪ੍ਰੇਰਿਤ ਕੀਤਾ ਗਿਆ। ਭੰਡਾਲ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਲਕਾ ਖਡੂਰ ਸਹਿਬ ਦੇ ਲੋਕਾਂ ਦੀ ਅਵਾਜ਼ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਐੱਨਐੱਸਏ ਖ਼ਤਮ ਹੋਣ ਦੇ ਬਾਵਜੂਦ ਵੀ ਡਿਬਰੂਗੜ੍ਹ ਦੀਆਂ ਜੇਲ੍ਹਾਂ ਵਿਚ ਬੰਦ ਰੱਖਣਾ ਸਿੱਧੇ ਤੌਰ ’ਤੇ ਸੰਵਿਧਾਨ ਦੀ ਉਲੰਘਣਾ ਤੇ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਆਖਿਆ ਕਿ ਭਗਵੰਤ ਮਾਨ ਸਰਕਾਰ ਸਿਆਸੀ ਵਿਰੋਧਤਾ ਤੋਂ ਡਰੀ ਹੋਈ ਹੈ। ਇਸ ਲਈ ਲੋਕਾਂ ਦੀ ਅਵਾਜ਼ ਨੂੰ ਕੁਚਲਣਾ ਚਾਹੁੰਦੀ ਹੈ। ਅੱਜ ਨੌਜਵਾਨ ਤੋਂ ਲੈ ਬਜ਼ੁਰਗ ਤੱਕ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਖੜ੍ਹਾ ਹੈ ਤੇ ਉਨ੍ਹਾਂ ਨੂੰ ਆਪਣੀ ਅਵਾਜ਼ ਮੰਨ ਰਿਹਾ ਹੈ। ਪੰਜਾਬ ਦੇ ਲੋਕ ਵੱਡੀ ਗਿਣਤੀ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸੋਚ ਨੂੰ ਸਵੀਕਾਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਮੌਜੂਦਾ ਸਰਕਾਰ ਵਿਚ ਡਰ ਤੇ ਘਬਰਾਹਟ ਦਾ ਮਾਹੌਲ ਹੈ। ਇਸ ਸਮੇਂ ਬਲਾਕ ਆਗੂ ਸੁਖਦੇਵ ਸਿੰਘ ਖੀਰਾਂਵਾਲੀ ਵੀ ਮੌਜੂਦ ਰਹੇ।