ਰੋਡ ਸੰਘਰਸ਼ ਕਮੇਟੀ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦੀ ਹੋਈ ਮੀਟਿੰਗ
ਐਸ ਡੀ ਐਮ ਦੀ ਅਗਵਾਈ ਹੇਠ ਰੋਡ ਸੰਘਰਸ਼ ਕਮੇਟੀ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵਿੱਚਕਾਰ ਹੋਈ ਮੀਟਿੰਗ
Publish Date: Tue, 28 Apr 2026 10:41 PM (IST)
Updated Date: Tue, 28 Apr 2026 10:43 PM (IST)

ਵੱਖ-ਵੱਖ ਮਸਲਿਆਂ ’ਤੇ ਹੋਈ ਚਰਚਾ, ਪ੍ਰਸ਼ਾਸਨ ਤੇ ਨੈਸ਼ਨਲ ਹਾਈਵੇ ਵੱਲੋਂ ਹਰੇਕ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਹਲਕਾ ਸੁਲਤਾਨਪੁਰ ਲੋਧੀ ਦੇ 25 ਪਿੰਡਾਂ ਦੇ ਕਿਸਾਨਾਂ ਦੀਆਂ ਕੀਮਤੀ ਜ਼ਮੀਨਾਂ ਐਕਵਾਇਰ ਕਰ ਕੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਉਸਾਰੇ ਜਾ ਰਹੇ ਦਿੱਲੀ-ਕਟੜਾ ਤੇ ਜਾਮਨਗਰ ਬਠਿੰਡਾ ਐਕਸਪ੍ਰੈੱਸ ਵੇਅ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦੇ ਮੁਆਵਜ਼ੇ ਸਬੰਧੀ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦਿਆਂ ਐੱਸਡੀਐੱਮ ਸੁਲਤਾਨਪੁਰ ਲੋਧੀ ਅਮਨਪਾਲ ਸਿੰਘ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ। ਮੀਟਿੰਗ ’ਚ ਰੋਡ ਸੰਘਰਸ਼ ਕਮੇਟੀ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰੋਜੈਕਟ ਡਾਇਰੈਕਟਰ ਅਨਿਲ ਨਰਵਾਲ, ਸਾਈਟ ਇੰਜੀਨੀਅਰ ਅਰੁਣ ਅਹੂਜਾ, ਟੀਆਰ ਸਿਨ੍ਹਾ ਤੇ ਐੱਸਪੀ ਸਿੰਗਲਾ ਗਰੁੱਪ ਦੇ ਅਧਿਕਾਰੀਆਂ ਅਤੇ ਸਬ-ਰਜਿਸਟਰਾਰ ਗੁਰਵਿੰਦਰ ਸਿੰਘ ਵਿਰਕ ਨਾਲ ਵੱਖ-ਵੱਖ ਮਸਲਿਆਂ ’ਤੇ ਚਰਚਾ ਹੋਈ। ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਭਦਿਆਲ ਸਿੰਘ ਜੋਸਨ, ਸਾਬਕਾ ਬਲਾਕ ਸੰਮਤੀ ਮੈਂਬਰ ਇੰਦਰਜੀਤ ਸਿੰਘ ਲਿਫਟਰ, ਤਰਸੇਮ ਸਿੰਘ, ਜਗਮੋਹਣ ਸਿੰਘ, ਰਣਜੀਤ ਸਿੰਘ ਰਾਣਾ, ਜਗਦੀਪ ਸਿੰਘ ਗਾਂਧਾ ਸਿੰਘ ਵਾਲਾ, ਨੰਬਰਦਾਰ ਮਲਕੀਤ ਸਿੰਘ ਮੈਰੀਪੁਰ ਨੇ ਮੰਗ ਕੀਤੀ ਕਿ ਸੈਸ਼ਨ ਕੋਰਟ ਵਿਚ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਦਾਇਰ ਕੀਤੇ ਕੇਸ ਵਿੱਚ ਮੁਆਵਜ਼ੇ ਸਬੰਧੀ ਕੈਲਕੁਲੇਸ਼ਨ ਸ਼ੀਟਾਂ ਜਲਦ ਦਿੱਤੀਆਂ ਜਾਣ ਤਾਂ ਜੋ ਫੈਸਲਾ ਛੇਤੀ ਹੋ ਸਕੇ। ਇਸ ਤੋਂ ਇਲਾਵਾ ਨਗਰ ਸਭਾ ਦੀਆਂ ਜ਼ਮੀਨਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਤੁਰੰਤ ਦਿੱਤਾ ਜਾਵੇ, ਅੰਡਰ ਗਰਾਊਂਡ ਪਾਈਪਾਂ, ਰੁੱਖਾਂ, ਸੰਪਰਕ ਰਸਤਿਆਂ ਅਤੇ ਹੋਰ ਮਸਲਿਆਂ ’ਤੇ ਸਹਿਮਤੀ ਬਣਨ ਪਿੱਛੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਇਨ੍ਹਾਂ ਦਾ ਹੱਲ ਜਲਦ ਹੋ ਜਾਵੇਗਾ। ਇਸ ਮੌਕੇ ਐੱਸਡੀਐੱਮ ਸੁਲਤਾਨਪੁਰ ਲੋਧੀ ਅਮਨਪਾਲ ਸਿੰਘ ਨੇ ਵੀ ਪ੍ਰਭਾਵਿਤ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜ਼ੇਕਰ ਉਨ੍ਹਾਂ ਨੂੰ ਮੁਆਵਜ਼ੇ ਸਬੰਧੀ ਅਤੇ ਹੋਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉੱਧਰ, ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਦਰਿਆ ਬਿਆਸ ’ਤੇ ਬਣਨ ਵਾਲਾ ਪੁਲ ਅਜੂਬਾ ਹੋਵੇਗਾ ਅਤੇ ਇਸ ਨਾਲ ਇਲਾਕੇ ਵਿੱਚ ਟੂਰਿਜ਼ਮ ਦੇ ਵੱਡੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਪ੍ਰਭਾਵਿਤ ਕਿਸਾਨਾਂ ਦੀਆਂ ਮੁਸ਼ਕਿਲਾਂ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦੇ ਰਹੀ ਹੈ। ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜੇ ਨੈਸ਼ਨਲ ਹਾਈਵੇ ਅਥਾਰਟੀ ਨੇ ਪਹਿਲਾਂ ਵਾਂਗ ਹੀ ਟਾਲ-ਮਟੋਲ ਦੀ ਨੀਤੀ ਅਪਣਾਈ ਤਾਂ ਮੁੜ ਅਣਮਿੱਥੇ ਸਮੇਂ ਦਾ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਦਵਿੰਦਰ ਸਿੰਘ, ਵਿਵੇਕ ਕੁਮਾਰ, ਮਾਸਟਰ ਬਲਜੀਤ ਸਿੰਘ ਟਿੱਬਾ, ਤੇਜਿੰਦਰਪਾਲ ਮੱਟਾ, ਸਰਬਜੀਤ ਸਿੰਘ, ਰਣਜੀਤ ਸਿੰਘ, ਮਹਿੰਦਰ ਸਿੰਘ, ਸੁਖਦੇਵ ਸਿੰਘ, ਸਾਧੂ ਸਿੰਘ ਆਦਿ ਹਾਜ਼ਰ ਸਨ।