ਦਿਵਿਆਂਗ ਐਕਸ਼ਨ ਕਮੇਟੀ ਦਾ ਵਫ਼ਦ ਵੱਲੋਂ ਮੀਟਿੰਗ ਅੱਜ
ਦਿਿਵਆਂਗ ਐਕਸ਼ਨ ਕਮੇਟੀ ਦਾ ਵਫ਼ਦ ਹਲਕਾ ਇੰਚਾਰਜ ਹਰਜੀ ਮਾਨ ਨਾਲ਼ ਅੱਜ ਕਰੇਗਾ ਮੀਟਿੰਗ
Publish Date: Sun, 19 Apr 2026 06:57 PM (IST)
Updated Date: Sun, 19 Apr 2026 07:00 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਮਹਿੰਗਾਈ ਦੇ ਯੁੱਗ ਵਿੱਚ ਬੇਰੁਜ਼ਗਾਰ ਦਿਵਿਆਂਗ ਵਿਅਕਤੀਆਂ ਨੂੰ ਰੋਜ਼ੀ-ਰੋਟੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਕਿਉਂਕਿ ਵਿੱਤੀ ਸਹਾਇਤਾ ਪੈਨਸ਼ਨ 1500/ ਰੁਪਏ ਨਾਲ਼ ਰੋਜ਼ਮਰਾ ਜੀਵਨ ਜਿਊਣ ਲਈ ਕਾਫੀ ਨਹੀਂ ਹਨ, ਜਦਕਿ ਕੰਮਕਾਜ ਕਰਨ ਤੋਂ ਅਸਮਰਥ ਵਰਗ ਦੇ ਅਣਵਿਆਹੇ ਵਿਅਕਤੀਆਂ ਨੂੰ ਪੰਜ ਹਜ਼ਾਰ ਰੁਪਏ ਤੇ ਪਰਿਵਾਰ ਵਾਲੇ ਵਿਅਕਤੀਆਂ ਨੂੰ ਘੱਟੋ-ਘੱਟ 10.000 ਰੁਪਏ ਵਿੱਤੀ ਸਹਾਇਤਾ ਪੈਨਸ਼ਨ ਸਕੀਮ ਦਾ ਲਾਭ ਦੇਣਾ ਚਾਹੀਦਾ ਹੈ। ਪਹਿਲੀਆਂ ਸਰਕਾਰਾਂ ਵਾਂਗ ਬਦਲਾਅ ਦੀ ਕ੍ਰਾਂਤੀ ਹੇਠ ਆਮ ਆਦਮੀ ਪਾਰਟੀ ਨੇ ਵੀ ਦਿਵਿਆਂਗ ਵਰਗ ਨੂੰ ਅੱਖੋ-ਪਰੋਖੇ ਕੀਤਾ ਹੈ, ਜਦਕਿ ਪੰਜਾਬ ਭਰ ਦੇ ਦਿਵਿਆਂਗਾਂ ਨੇ ਬਹੁਤ ਹੀ ਉਤਸ਼ਾਹ ਨਾਲ ਵੋਟਾਂ ਪਾ ਕੇ ਸਰਕਾਰ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ ਪਰ ਅੰਗਹੀਣ ਵਿਧਵਾ ਬੁੱਢਾਪਾ ਪੈਨਸ਼ਨਰਾਂ ਨੂੰ 2500/ ਰੁਪਏ ਵਿੱਤੀ ਸਹਾਇਤਾ ਪੈਨਸ਼ਨ ਦੀ ਗਰੰਟੀ ਦਿੱਤੀ ਗਈ ਸੀ, ਜੋ ਕਿ ਵਫ਼ਾ ਨਾ ਹੋਈ, ਜਿਸ ਕਾਰਨ ਦਿਵਿਆਂਗ ਵਰਗ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ, ਦਵਿੰਦਰ ਕੌਰ ਫਗਵਾੜਾ, ਪਲਵਿੰਦਰ ਪਿੰਦਾ, ਮੋਹਨ ਲਾਲ ਅਤੇ ਗੁਰਿੰਦਰਜੀਤ ਸਿੰਘ ਢਿੱਲੋਂ ਪ੍ਰਧਾਨ ਗੁਰਦਾਸਪੁਰ ਨੇ ਦੱਸਿਆ ਕਿ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਜੀ ਮਾਨ ਨਾਲ਼ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਮੰਗ ਪੱਤਰ ਸੌਂਪਿਆ ਜਾਵੇਗਾ, ਜਿਸ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸਨ ਤੋਂ ਇਲਾਵਾ ਪਿਛਲੇ ਸਮੇਂ ਦਿੱਤੇ ਮੰਗ ਪੱਤਰਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਵਾਉਣ ਲਈ ਵਿਚਾਰ ਸਾਂਝੇ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਐਕਸ਼ਨ ਕਮੇਟੀ ਵੱਲੋਂ ਅਪ੍ਰੈਲ ਮਹੀਨੇ ਫਗਵਾੜਾ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸਨ ਕਰਨ ਦਾ ਐਲਾਨ ਕੀਤਾ ਗਿਆ ਹੈ ਕਿਉਂਕਿ ਜਥੇਬੰਦੀ ਦੀ ਮੰਗ ਹੈ ਕਿ ਅਸੀਂ ਸਬ ਕਮੇਟੀ ਸਮੇਤ ਅਨੇਕਾਂ ਕੈਬਨਿਟ ਮੰਤਰੀਆਂ ਨੂੰ ਮਿਲ ਕੇ ਮੰਗ ਪੱਤਰ ਦੇ ਚੁੱਕੇ ਹਾਂ ਪਰ ਇੱਕ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ਼ ਕਰਵਾਈ ਜਾਵੇ। ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਵੀ ਲਿਖਤੀ ਮੰਗ ਕੀਤੀ ਗਈ ਸੀ ਪਰ ਕੋਈ ਹੱਲ ਨਹੀਂ ਨਿਕਲਦਾ ਵੇਖ ਹਲਕਾ ਇੰਚਾਰਜ ਹਰਜੀ ਮਾਨ ਤੇ ਸਾਬਕਾ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਦੇ ਧਿਆਨ ਵਿੱਚ ਲਿਆਉਣ ਲਈ ਵਫ਼ਦ ਫਗਵਾੜਾ ਵਿਖੇ 20 ਅਪ੍ਰੈਲ ਨੂੰ ਮਿਲੇਗਾ।