ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਕਪੂਰਥਲਾ ਦਾ ਵਫਦ ਜਿਲ੍ਹਾ ਸਿੱਖਿਆ ਅਫਸਰ ਨੂੰ ਮਿਲਿਆ

ਡੀਟੀਐੱਫ ਕਪੂਰਥਲਾ ਦਾ ਵਫਦ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲਣ ਗਿਆ, ਪਰ ਉਹ ਨਾ ਮਿਲੇ
ਉੱਪ ਜ਼ਿਲ੍ਹਾ ਸਿੱਖਿਆ ਅਫਸਰ ਨਾਲ ਕੀਤੀ ਮੁਲਾਕਾਤ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀਟੀਐੱਫ) ਕਪੂਰਥਲਾ ਦਾ ਇਕ ਵਫਦ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਨੂੰ ਮਿਲਣ ਲਈ ਪਹੁੰਚਿਆ, ਪਰ ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹਾ ਸਿੱਖਿਆ ਅਫਸਰ ਨਾ ਤਾਂ ਦਫਤਰ ਵਿਚ ਮੌਜੂਦ ਸਨ ਤੇ ਨਾ ਹੀ ਉਨ੍ਹਾਂ ਨੇ ਫੋਨ ਉਠਾਉਣਾ ਜ਼ਰੂਰੀ ਸਮਝਿਆ। ਇਹ ਸਿੱਖਿਆ ਵਿਭਾਗ ਦੀ ਲਾਪਰਵਾਹੀ ਤੇ ਅਧਿਆਪਕ ਵਿਰੋਧੀ ਰਵੱਈਏ ਦੀ ਖੁੱਲ੍ਹੀ ਮਿਸਾਲ ਹੈ। ਵਫਦ ਵੱਲੋਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਭੱਲਾ ਨਾਲ ਮੀਟਿੰਗ ਕਰਕੇ ਮੈਥ ਮਾਸਟਰ ਸੁਰਿੰਦਰ ਸਿੰਘ (ਅੰਮ੍ਰਿਤਪੁਰ ਰਾਜੇਵਾਲ) ਨਾਲ ਹੋ ਰਹੀਆਂ ਗੰਭੀਰ ਵਧੀਕੀਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਆਗੂਆਂ ਕਿਹਾ ਕਿ ਇਹ ਗੱਲ ਬੜੀ ਚਿੰਤਾਜਨਕ ਹੈ ਕਿ 4161 ਕਾਡਰ ਵਿਚ ਭਰਤੀ ਹੋਣ ਦੇ ਬਾਵਜੂਦ ਸੁਰਿੰਦਰ ਸਿੰਘ ਦੀ ਤਨਖਾਹ ਜੁਲਾਈ 2025 ਤੋਂ ਲੈ ਕੇ ਬਿਨਾਂ ਕਿਸੇ ਨੋਟਿਸ ਦੇ ਮਨਮਰਜ਼ੀ ਨਾਲ ਘਟਾ ਕੇ 10,300 ਰੁਪਏ ਕਰ ਦਿੱਤੀ ਗਈ ਹੈ, ਜਦਕਿ ਇਸੇ ਕਾਡਰ ਦੇ ਹੋਰ ਅਧਿਆਪਕਾਂ ਦੀ ਤਨਖਾਹ 35,500 ਨਿਯਮਾਂ ਅਨੁਸਾਰ ਕੱਢਵਾਈ ਜਾ ਰਹੀ ਹੈ। ਇਸ ਤੋਂ ਇਲਾਵਾ, ਸਕੂਲ ਮੁਖੀ ਅੰਮ੍ਰਿਤਪੁਰ ਰਾਜੇਵਾਲ ਵੱਲੋਂ ਅਧਿਆਪਕ ਨਾਲ ਧੱਕੇਸ਼ਾਹੀ ਕਰਦੇ ਹੋਏ, ਸਕੂਲ ਵਿਚ ਹਾਜ਼ਰ ਹੋਣ ਦੇ ਬਾਵਜੂਦ ਵੀ ਲਗਾਤਾਰ ਗੈਰ-ਹਾਜ਼ਰੀਆਂ ਲਗਾਈਆਂ ਗਈਆਂ। ਇਸ ਅਨਿਆਏ ਖ਼ਿਲਾਫ਼ 27 ਜਨਵਰੀ 2025 ਨੂੰ ਡੀਟੀਐੱਫ, ਪਿੰਡ ਵਾਸੀਆਂ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਦਫਤਰ ਅੱਗੇ ਧਰਨਾ ਵੀ ਦਿੱਤਾ ਗਿਆ ਤੇ ਡੀਪੀਆਈ (ਸੈਕੰਡਰੀ) ਦੇ ਧਿਆਨ ਵਿਚ ਮਾਮਲਾ ਵੀ ਲਿਆਂਦਾ ਗਿਆ, ਜਿਸ ਤੋਂ ਬਾਅਦ ਅਧਿਆਪਕ ਨੂੰ ਪੈਂਡਿੰਗ ਇਨਕੁਆਇਰੀ ‘ਤੇ ਬਹਾਲ ਕੀਤਾ ਗਿਆ ਪਰ ਇਸ ਤੋਂ ਬਾਅਦ ਵੀ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਵਾਰ-ਵਾਰ ਮੀਟਿੰਗਾਂ ਦੇ ਬਾਵਜੂਦ ਕੇਵਲ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਤੇ ਇਨਸਾਫ ਨੂੰ ਲੰਬਾ ਖਿੱਚਿਆ ਜਾ ਰਿਹਾ ਹੈ। ਵਿਭਾਗ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਅਧਿਆਪਕ ਦੀ ਤਨਖਾਹ ਘਟਾਈ ਨਹੀਂ ਗਈ, ਜਦਕਿ ਹਕੀਕਤ ਵਿਚ ਸਕੂਲ ਮੁਖੀ ਵੱਲੋਂ ਧੱਕੇ ਨਾਲ ਤਨਖਾਹ ਘਟਾਈ ਗਈ ਹੈ। ਇਸ ਮਾਮਲੇ ਵਿਚ ਪਿੰਡ ਅੰਮ੍ਰਿਤਪੁਰ ਰਾਜੇਵਾਲ, ਮੁੰਡੀ ਛੰਨਾ ਸਮੇਤ ਤਿੰਨੋਂ ਪਿੰਡਾਂ ਦੀਆਂ ਪੰਚਾਇਤਾਂ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਵੀ ਅਧਿਆਪਕ ਦੇ ਹੱਕ ਵਿਚ ਖੜ੍ਹੀਆਂ ਹੋ ਚੁੱਕੀਆਂ ਹਨ ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਦਫਤਰ ਅੱਗੇ ਧਰਨਾ ਦੇ ਚੁੱਕੀਆਂ ਹਨ। ਫਿਰ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨਾ ਬਹੁਤ ਹੀ ਨਿੰਦਣਯੋਗ ਹੈ। ਅੱਜ ਦੀ ਮੀਟਿੰਗ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਉਕਤ ਮਸਲੇ ਨੂੰ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਹੈ, ਪਰ ਡੀਟੀਐੱਫ ਜਥੇਬੰਦੀ ਵੱਲੋਂ ਸਪੱਸ਼ਟ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸ ਮਸਲੇ ਦਾ ਤੁਰੰਤ ਨਿਆਇਕ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਪਿੰਡਾਂ ਦੀਆਂ ਪੰਚਾਇਤਾਂ, ਭਰਾਤਰੀ ਜਥੇਬੰਦੀਆਂ ਤੇ ਅਧਿਆਪਕ ਇਕੱਠੇ ਹੋ ਕੇ ਤਿੱਖਾ ਸੰਘਰਸ਼ ਸ਼ੁਰੂ ਕਰਨ ਲਈ ਮਜ਼ਬੂਰ ਹੋਣਗੇ, ਜਿਸਦੀ ਸਾਰੀ ਜ਼ਿੰਮੇਵਾਰੀ ਸਿੱਖਿਆ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਹਰਵਿੰਦਰ ਸਿੰਘ ਅੱਲੂਵਾਲ (ਜ਼ਿਲ੍ਹਾ ਪ੍ਰਧਾਨ, ਡੀਟੀਐੱਫ), ਤਜਿੰਦਰ ਸਿੰਘ ਅਲੌਦੀਪੁਰ (ਜਨਰਲ ਸਕੱਤਰ), ਜੈਮਲ ਸਿੰਘ (ਸੀਨੀਅਰ ਮੀਤ ਪ੍ਰਧਾਨ) ਨੇ ਕੀਤੀ। ਹੋਰ ਹਾਜ਼ਰ ਅਧਿਆਪਕਾਂ ਵਿਚ ਅਵਤਾਰ ਸਿੰਘ ਗਿੱਲ, ਨਰਿੰਦਰ ਭੰਡਾਰੀ, ਪਵਨ ਜੋਸ਼ੀ, ਬਲਬੀਰ ਸਿੰਘ, ਮੁਖਤਿਆਰ ਸਿੰਘ, ਹਰਵੇਲ ਸਿੰਘ, ਗੁਰਦੀਪ ਧੰਮ, ਸੁਰਿੰਦਰ ਸਿੰਘ 4161 ਸੁਖਦਰਸ਼ਨ ਸਿੰਘ 4161 ਆਦਿ ਅਧਿਆਪਕ ਤੇ ਹੋਰ ਅਧਿਆਪਕ ਆਗੂ ਸ਼ਾਮਲ ਸਨ।