ਨੈਸ਼ਨਲ ਲੋਕ ਅਦਾਲਤ ’ਚ 6503 ਕੇਸਾਂ ਦਾ ਕੀਤਾ ਨਿਪਟਾਰਾ
ਨੈਸ਼ਨਲ ਲੋਕ ਅਦਾਲਤ ਰਾਹੀਂ ਕਪੂਰਥਲਾ ਵਿੱਚ 10424 ਕੇਸਾਂ ਵਿੱਚੋਂ 6503 ਕੇਸਾਂ ਦਾ ਨਿਪਟਾਰਾ
Publish Date: Sat, 09 May 2026 10:10 PM (IST)
Updated Date: Sat, 09 May 2026 10:11 PM (IST)

--17,22,60,870 ਰਕਮ ਦੇ ਪਾਸ ਕੀਤੇ ਗਏ ਐਵਾਰਡ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਤੋਂ ਪ੍ਰਾਪਤ ਹੋਏ ਨਿਰਦੇਸ਼ਾਂ ਅਨੁਸਾਰ ਮਾਣਯੋਗ ਹਰਪਾਲ ਸਿੰਘ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੀ ਰਹਿਨੁਮਾਈ ਹੇਠ ਅੱਜ ਮਿਤੀ 9-5-2026 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਚਹਿਰੀ ਕਪੂਰਥਲਾ ਵਿਖੇ 7, ਸਬ-ਡਿਵੀਜ਼ਨ ਫਗਵਾੜਾ ਵਿਖੇ 2, ਸੁਲਤਾਨਪੁਰ ਲੋਧੀ ਵਿਖੇ 2 ਤੇ ਰੈਵੀਨਿਊ ਦੇ 3 ਬੈਂਚ ਗਠਿਤ ਕੀਤੇ ਗਏ। ਅੱਜ ਦੀ ਨੈਸ਼ਨਲ ਲੋਕ ਅਦਾਲਤ ਵਿਚ ਕ੍ਰਿਮੀਨਲ ਕੰਪਾਉਂਡਏਬਲ, ਧਾਰਾ 138 ਐੱਨਆਈ ਐਕਟ, ਬੈਂਕ ਰਿਕਵਰੀ ਕੇਸ ਐੱਮਏ ਸਿਟੀ ਕੇਸ ਲੇਬਰ ਮੈਟਰਸ ਬਿਜਲੀ ਤੇ ਪਾਣੀ ਦੇ ਬਿਲਾਂ ਸਬੰਧੀ ਮਾਮਲੇ, ਲੈਂਡ ਐਕੈਜੀਸ਼ਨ ਕੇਸ, ਸਰਵਿਸ ਮੈਟਰਸ, ਰੈਵੇਨਿਊ ਕੇਸ ਤੇ ਹੋਰ ਸਿਵਲ ਮੈਟਰਸ, ਰੈਂਟ, ਵਗੈਰਾ ਦੇ ਲੰਬਿਤ ਤੇ ਪ੍ਰੀ-ਲਿਟੀਗੇਟਿਵ ਸ਼ਾਮਲ ਕੀਤੇ ਗਏ। ਇਸ ਮੌਕੇ ਮਾਣਯੋਗ ਹਿਰਦੇਜੀਤ ਸਿੰਘ, ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤ ਵਿਚ ਕੇਸ ਨਿਪਟਾਉਣ ਨਾਲ ਸਮਾਂ ਤੇ ਧਨ ਦੋਵਾਂ ਦੀ ਬੱਚਤ ਹੁੰਦੀ ਹੈ, ਇਸ ਦੇ ਫੈਸਲੇ ਦੇ ਖਿਲਾਫ ਅਪੀਲ ਕਿਸੇ ਵੀ ਉੱਚ ਅਦਾਲਤ ਵਿਚ ਨਹੀਂ ਲਗਾਈ ਜਾ ਸਕਦੀ ਹੈ ਤੇ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ ਦੌਰਾਨ ਨਿਪਟਾਏ ਜਾਂਦੇ ਦੀਵਾਨੀ ਕੇਸਾਂ ਵਿਚ ਲੱਗੀ ਕੋਰਟ ਫੀਸ ਵੀ ਸਬੰਧਤ ਧਿਰ ਨੂੰ ਵਾਪਸ ਕੀਤੀ ਜਾਂਦੀ ਹੈ। ਨੈਸ਼ਨਲ ਲੋਕ ਅਦਾਲਤ ਮੌਕੇ ਹਾਜ਼ਰ ਲੋਕਾਂ ਵਿਚ ਆਪਣੇ ਕੇਸਾਂ ਦੇ ਨਿਪਟਾਰੇ ਕਰਵਾਉਣ ਪ੍ਰਤੀ ਬੜਾ ਉਤਸ਼ਾਹ ਸੀ। ਨੈਸ਼ਨਲ ਲੋਕ ਅਦਾਲਤ ਵਿਚ ਜੂਡੀਸ਼ੀਅਲ ਤੇ ਰੈਵੇਨਿਊ ਅਦਾਲਤਾਂ ਵੱਲੋਂ ਲਗਭਗ 10,424 ਕੇਸ ਸ਼ਾਮਲ ਕੀਤੇ ਗਏ, ਜਿਨ੍ਹਾਂ ਵਿਚੋਂ 6,503 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਤੇ ਲਗਭਗ 172260870 ਰੁਪਏ ਦੀ ਰਕਮ ਮੁਆਵਜ਼ੇ ਵਜੋਂ ਸੈਟਲ ਕੀਤੀ ਗਈ। ਕਪੂਰਥਲਾ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸ੍ਰੀਮਤੀ ਰਸ਼ਮੀ ਕਪਿਲਾ, ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ, ਗੁਰਮੀਤ ਟਿਵਾਨਾ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ, ਸ੍ਰੀਮਤੀ ਰਾਣਾ ਕੰਵਰਦੀਪ ਕੌਰ ਚਾਹਲ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਕਪੂਰਥਲਾ ਸ੍ਰੀਮਤੀ ਨਵਜੀਤ ਪਾਲ ਕੌਰ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਕਪੂਰਥਲਾ, ਸੁਰੇਸ਼ ਕੁਮਾਰ ਸਿਵਲ ਜੱਜ ਜੂਨੀਅਰ ਡਿਵੀਜ਼ਨ ਕਪੂਰਥਲਾ, ਅਮਰਜੀਤ ਸਿੰਘ ਸਿਵਲ ਜੱਜ ਜੂਨੀਅਰ ਡਿਵੀਜ਼ਨ ਕਪੂਰਥਲਾ ਤੇ ਮੁਕੇਸ਼ ਬਾਂਸਲ ਚੇਅਰਮੈਨ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਕਪੂਰਥਲਾ ਵੱਲੋਂ ਕੀਤੀ ਗਈ। ਇਨ੍ਹਾਂ ਬੈਂਚਾਂ ਵਿਚ ਐੱਸਐੱਸ ਮੱਲ੍ਹੀ, ਪੀਐੱਸ ਘੁੰਮਣ, ਹਮੀਸ਼ ਕੁਮਾਰ, ਮਨੀਸ਼ ਲੁਥਰਾ, ਮਿਸ ਪਰਮਜੀਤ ਕੌਰ ਕਾਹਲੋਂ ਐਡਵੋਕੇਟ, ਵਿਕਾਸ ਉਪਲ ਐਡਵੋਕੇਟ, ਗੁਰਮੀਤ ਸਿੰਘ, ਸੁਰਿੰਦਰ ਕੁਮਾਰ ਸ਼ਰਮਾ, ਵਜਤ ਢਿੱਲੋਂ, ਹਰਮਨਦੀਪ ਸਿੰਘ ਸਾਹੀ ਐਡਵੋਕੇਟ, ਡਾ. ਉਪਾਸਨਾ ਵਰਮਾ ਤੇ ਪਰਮਜੀਤ ਸਿੰਘ ਸਹੋਤਾ ਮੈਂਬਰ ਸਥਾਈ ਲੋਕ ਅਦਾਲਤ ਡਾ. ਰਣਵੀਰ ਕੌਂਸ਼ਲ ਤੇ ਅਨਿਲ ਕੁਮਾਰ ਸੋਸ਼ਲ ਵਰਕਰ ਵੱਲੋਂ ਬਤੌਰ ਮੈਂਬਰਾਨ ਭਾਗ ਲਿਆ ਗਿਆ। ਮਾਣਯੋਗ ਹਿਰਦੇਜੀਤ ਸਿੰਘ ਚੀਫ ਜੂਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਅਗਲੀ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਮਿਤੀ 12 ਸਤੰਬਰ 2026 ਨੂੰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸਏਐੱਸ ਨਗਰ, ਮੁਹਾਲੀ ਤੋਂ ਪ੍ਰਾਪਤ ਹੋਏ ਨਿਰਦੇਸ਼ਾਂ ਅਨੁਸਾਰ ਧਾਰਾ 138 ਐੱਨਆਈ ਐਕਟ ਦੇ ਕੇਸਾਂ ਦੇ ਨਿਪਟਾਰੇ ਕਰਨ ਲਈ ਜ਼ਿਲ੍ਹਾ ਕਪੂਰਥਲਾ ਵਿਖੇ ਮਿਤੀ 18-07-2026 ਤੇ ਮਿਤੀ 21-11-2026 ਨੂੰ ਵਿਸ਼ੇਸ਼ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।