ਕਪੂਰਥਲਾ ਤੇ ਸੁਲਤਾਨਪੁਰ ਲੋਧੀ ’ਚ 6 ਨਾਮਜ਼ਦਗੀ ਪੱਤਰ ਰੱਦ
ਨਗਰ ਨਿਗਮ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਨਗਰ ਕੌਂਸਲ ਲਈ 6 ਨਾਮਜ਼ਦਗੀ ਪੱਤਰ ਰੱਦ; ਹੁਣ ਕ੍ਰਮਵਾਰ 301 ਅਤੇ 80 ਉਮੀਦਵਾਰ ਮੈਦਾਨ ਵਿੱਚ
Publish Date: Mon, 18 May 2026 09:18 PM (IST)
Updated Date: Mon, 18 May 2026 09:18 PM (IST)

ਹੁਣ ਕਪੂਰਥਲਾ ’ਚ 301 ਤੇ ਸੁਲਤਾਨਪੁਰ ਲੋਧੀ ’ਚ 80 ਉਮੀਦਵਾਰ ਲੜਨਗੇ ਚੋਣ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਦੇ ਕੁੱਲ 50 ਵਾਰਡਾਂ ਲਈ 305 ਤੇ ਸੁਲਤਾਨਪੁਰ ਲੋਧੀ ਨਗਰ ਕੌਂਸਲ ਦੇ ਕੁੱਲ 13 ਵਾਰਡਾਂ ਲਈ 82 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ, ਜਿਨ੍ਹਾਂ ਦੀ ਅੱਜ ਪੜਤਾਲ (ਜਾਂਚ) ਦੌਰਾਨ ਚਾਰ ਨਾਮਜ਼ਦਗੀਆਂ ਕਪੂਰਥਲਾ ਨਗਰ ਨਿਗਮ ਤੋਂ ਰੱਦ ਕੀਤੀਆਂ ਗਈਆਂ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਤੋਂ ਦੋ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੋਈ ਇਸ ਪੜਤਾਲ ਦੌਰਾਨ ਨਗਰ ਨਿਗਮ ਕਪੂਰਥਲਾ ਦੇ ਚਾਰ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ, ਜਿਸ ਕਾਰਨ ਹੁਣ ਉਥੇ ਕੁੱਲ 301 ਉਮੀਦਵਾਰ ਰਹਿ ਗਏ ਹਨ। ਇਸੇ ਤਰ੍ਹਾਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿਖੇ ਪੜਤਾਲ ਦੌਰਾਨ ਦੋ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਹੁਣ ਸਿਰਫ਼ 80 ਉਮੀਦਵਾਰ ਚੋਣ ਮੈਦਾਨ ਵਿਚ ਹਨ। ਉਨ੍ਹਾਂ ਦੱਸਿਆ ਕਿ ਹੁਣ ਅਗਲੇ ਪੜਾਅ ਤਹਿਤ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 19 ਮਈ ਦਿਨ ਮੰਗਲਵਾਰ ਨੂੰ ਦੁਪਹਿਰ 3 ਵਜੇ ਤੱਕ ਨਿਰਧਾਰਿਤ ਕੀਤੀ ਗਈ ਹੈ, ਜਿਸ ਤੋਂ ਬਾਅਦ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। ਚੋਣਾਂ ਲਈ ਵੋਟਾਂ ਪੈਣ ਦਾ ਕਾਰਜ 26 ਮਈ ਦਿਨ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ ਤੇ ਵੋਟਾਂ ਦੀ ਗਿਣਤੀ 29 ਮਈ ਦਿਨ ਸ਼ੁੱਕਰਵਾਰ ਨੂੰ ਸਥਾਪਿਤ ਗਿਣਤੀ ਕੇਂਦਰਾਂ ‘ਤੇ ਕਰਕੇ ਨਤੀਜੇ ਐਲਾਨੇ ਜਾਣਗੇ।