ਆਖਰੀ ਦਿਨ ਸੁਲਤਾਨਪੁਰ ਲੋਧੀ ’ਚ 28 ਉਮੀਦਵਾਰਾਂ ਨੇ ਭਰੇ ਕਾਗਜ਼
ਆਖਰੀ ਦਿਨ ਸੁਲਤਾਨਪੁਰ ਲੋਧੀ ’ਚ 28 ਉਮੀਦਵਾਰਾਂ ਨੇ ਭਰੇ ਕਾਗਜ਼
Publish Date: Sat, 16 May 2026 09:16 PM (IST)
Updated Date: Sat, 16 May 2026 09:18 PM (IST)

--ਨਾਮਜ਼ਦਗੀ ਭਰਨ ਵਾਲਿਆਂ ਦੀ ਗਿਣਤੀ 82 ’ਤੇ ਪੁੱਜੀ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਗਰ ਕੌਂਸਲ ਚੋਣਾਂ 2026 ਨੂੰ ਲੈ ਕੇ ਆਖਰੀ ਦਿਨ ਸ਼ਹਿਰ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ। ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਸਵੇਰੇ ਤੋਂ ਹੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ, ਸਮਰਥਕਾਂ ਤੇ ਆਗੂਆਂ ਦੀ ਭਾਰੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਢੋਲ-ਨਗਾੜਿਆਂ, ਨਾਅਰੇਬਾਜ਼ੀ ਤੇ ਸ਼ਕਤੀ ਪ੍ਰਦਰਸ਼ਨ ਦੇ ਦਰਮਿਆਨ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਨਾਮਜ਼ਦਗੀਆਂ ਦੇ ਆਖਰੀ ਤੇ ਚੌਥੇ ਦਿਨ 28 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਡੀਐੱਮ ਸੁਲਤਾਨਪੁਰ ਲੋਧੀ ਅਮਨਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੁੱਲ 82 ਉਮੀਦਵਾਰਾਂ ਨੇ ਨਗਰ ਕੌਂਸਲ ਚੋਣ ਲਈ ਆਪਣੇ ਕਾਗਜ਼ ਦਾਖਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਚੋਣ ਮੈਦਾਨ ਵਿਚ 16 ਆਮ ਆਦਮੀ ਪਾਰਟੀ, 13 ਭਾਰਤੀ ਜਨਤਾ ਪਾਰਟੀ, 11 ਕਾਂਗਰਸ ਪਾਰਟੀ, 12 ਸ਼੍ਰੋਮਣੀ ਅਕਾਲੀ ਦਲ, 1 ਬਹੁਜਨ ਸਮਾਜ ਪਾਰਟੀ ਤੇ ਸਭ ਤੋਂ ਵੱਧ 29 ਆਜ਼ਾਦ ਉਮੀਦਵਾਰ ਮੈਦਾਨ ਵਿਚ ਹਨ। ਆਜ਼ਾਦ ਉਮੀਦਵਾਰਾਂ ਦੀ ਵੱਡੀ ਗਿਣਤੀ ਨੇ ਇਸ ਵਾਰ ਦੇ ਚੋਣ ਸਮੀਕਰਨ ਪੂਰੀ ਤਰ੍ਹਾਂ ਬਦਲ ਦਿੱਤੇ ਹਨ ਤੇ ਕਈ ਵਾਰਡਾਂ ਵਿਚ ਸਖ਼ਤ ਟੱਕਰ ਦੇ ਆਸਾਰ ਬਣ ਗਏ ਹਨ। ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਨਗਰ ਕੌਂਸਲ ਦੀਆਂ ਸਾਰੀਆਂ ਵਾਰਡਾਂ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਆਖਰੀ ਦਿਨ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਕੇਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਥ, ਭਾਜਪਾ ਦੇ ਹਲਕਾ ਇੰਚਾਰਜ ਰਾਕੇਸ਼ ਕੁਮਾਰ ਨੀਟੂ, ਮੰਡਲ ਪ੍ਰਧਾਨ ਡਾ. ਰਾਕੇਸ਼ ਪੁਰੀ, ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਸਮੇਤ ਵੱਡੀ ਗਿਣਤੀ ’ਚ ਭਾਰਤ ਜਨਤਾ ਪਾਰਟੀ ਦੇ ਵਰਕਰ ਪੁੱਜੇ। ਅੱਜ ਹੋਈਆਂ ਨਾਮਜ਼ਦਗੀਆਂ ਵਿਚ ਵਾਰਡ ਨੰਬਰ 1 ਤੋਂ ਇੰਦਰਜੀਤ ਕੌਰ, ਹਰਪ੍ਰੀਤ ਕੌਰ ਨੇ ਵਾਰਡ ਨੰਬਰ 5 ਤੇ ਜਤਿੰਦਰ ਸੇਠੀ ਤੇ ਅਮਿਤਾਬ ਸੇਠੀ ਨੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਵੱਲੋਂ ਕਾਗਜ਼ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਇੰਚਾਰਜ ਤੇ ਚੇਅਰਮੈਨ ਸੱਜਣ ਸਿੰਘ ਚੀਮਾ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਪ੍ਰਦੀਪ ਥਿੰਦ, ਜ਼ਿਲ੍ਹਾ ਯੂਥ ਦੇ ਪ੍ਰਧਾਨ ਆਕਾਸ਼ਦੀਪ ਸਿੰਘ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਰਡ ਨੰਬਰ 2 ਤੋਂ ਚਰਨਜੀਤ ਸਿੰਘ, ਵਾਰਡ ਨੰਬਰ 3 ਤੋਂ ਮਨਦੀਪ, ਵਾਰਡ ਨੰਬਰ 5 ਤੋਂ ਅਮਰਜੀਤ ਕੌਰ, ਵਾਰਡ ਨੰਬਰ 9 ਤੋਂ ਸਿਮਰਜੀਤ ਧੀਰ, ਵਾਰਡ ਨੰਬਰ 10 ਤੋਂ ਓਮ ਪ੍ਰਕਾਸ਼ ਧੀਰ, ਵਾਰਡ ਨੰਬਰ 12 ਤੋਂ ਰੋਹਿਤ ਕੱਕੜ ਤੇ ਵਾਰਡ ਨੰਬਰ 13 ਤੋਂ ਚਰਨ ਕਮਲ ਪਿੰਟਾ ਨੇ ਆਪਣੇ ਕਾਗਜ਼ ਦਾਖਲ ਕੀਤੇ। ਇਸ ਮੌਕੇ ਸਾਬਕਾ ਚੇਅਰਮੈਨ ਮਾਰਕਫੈੱਡ ਜਥੇਦਾਰ ਜਰਨੈਲ ਸਿੰਘ ਵਾਹਦ, ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਕਮੇਟੀ, ਇੰਜੀ. ਸਵਰਨ ਸਿੰਘ ਮੈਂਬਰ ਪੀਏਸੀ ਅਕਾਲੀ ਦਲ, ਐੱਸਜੀਪੀਸੀ ਦੇ ਸੇਵਾਮੁਕਤ ਸਕੱਤਰ ਮਹਿੰਦਰ ਸਿੰਘ ਆਹਲੀ, ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਨਾਨਕਪੁਰ, ਸੀਨੀਅਰ ਯੂਥ ਅਕਾਲੀ ਆਗੂ ਕਰਨਜੀਤ ਆਹਲੀ ਤੇ ਇੰਦਰਜੀਤ ਸਿੰਘ ਜੋਸਨ, ਬਲਾਕ ਪ੍ਰਧਾਨ ਮਨਜੀਤ ਸਿੰਘ ਗੋਲਡੀ, ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਕੁਲਦੀਪ ਸਿੰਘ ਬੂਲੇ ਪ੍ਰਧਾਨ ਐੱਸਸੀ ਵਿੰਗ ਦੁਆਬਾ ਜ਼ੋਨ, ਸੇਵਾਮੁਕਤ ਮੈਨੇਜਰ ਜਰਨੈਲ ਸਿੰਘ ਬੂਲੇ, ਵਿਕਰਮਜੀਤ ਸਿੰਘ ਬਿੱਕਾ, ਸਰਪੰਚ ਕਾਰਜ ਸਿੰਘ ਤਕੀਆ, ਭਾਈ ਸਰਬਜੀਤ ਸਿੰਘ, ਕੁਲਵੰਤ ਸਿੰਘ ਸ਼ਹਿਰੀ, ਗੁਲਸ਼ਨ ਧੀਰ ਆਦਿ ਵੀ ਹਾਜ਼ਰ ਸਨ। ਭਾਰਤੀ ਜਨਤਾ ਪਾਰਟੀ ਵੱਲੋਂ ਵਾਰਡ ਨੰਬਰ 1 ਤੋਂ ਸੁਦੇਸ਼ ਰਾਣੀ, 2 ਤੋਂ ਮੁਕੇਸ਼ ਕੁਮਾਰ, 3 ਤੋਂ ਰੇਖਾ, 4 ਤੋਂ ਅਜੇ ਸ਼ੰਕਰ ਜੋਸ਼ੀ ਤੇ ਸ਼ਿਵਾਨੀ ਜੋਸ਼ੀ, 5 ਤੋਂ ਹਰਜਿੰਦਰ ਕੌਰ, 6 ਤੋਂ ਚੇਤਨ ਸ਼ਰਮਾ, 7 ਤੋਂ ਕਮਲੇਸ਼ ਰਾਣੀ, 8 ਤੋਂ ਸਰਬਜੀਤ ਕੌਰ, 9 ਤੋਂ ਜਸਵਿੰਦਰ ਕੌਰ ਅਤੇ 12 ਤੋਂ ਪ੍ਰੇਮ ਕੁਮਾਰ ਨੇ ਆਪਣੇ ਕਾਗਜ ਦਾਖਲ ਕੀਤੇ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਸਮਰਥਕਾਂ ਵੱਲੋਂ ਵਾਰਡ ਨੰਬਰ 5 ਤੋਂ ਅਮਨਪ੍ਰੀਤ ਕੌਰ, 6 ਤੋਂ ਮੋਨਿਕਾ ਧੀਰ ਅਤੇ 12 ਤੋਂ ਅੰਮ੍ਰਿਤ ਕੌਰ ਨੇ ਆਪਣੇ ਕਾਗਜ਼ ਦਾਖਲ ਕੀਤੇ। ਇਸ ਤੋਂ ਇਲਾਵਾ ਪ੍ਰਵੀਨ ਕੁਮਾਰੀ ਨੇ ਵਾਰਡ ਨੰਬਰ 3 ਅਤੇ ਰਾਜਦੀਪ ਕੌਰ ਨੇ ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਵੱਜੋਂ ਕਾਗਜ਼ ਦਾਖਲ ਕੀਤੇ। ਸਿਆਸੀ ਮਾਹਿਰਾਂ ਮੁਤਾਬਕ ਇਸ ਵਾਰ ਨਗਰ ਕੌਂਸਲ ਚੋਣਾਂ ਵਿਚ ਤਕੜਾ ਤੇ ਰੋਚਕ ਮੁਕਾਬਲਾ ਦੇਖਣ ਨੂੰ ਮਿਲੇਗਾ, ਕਿਉਂਕਿ ਹਰ ਪਾਰਟੀ ਆਪਣੀ ਪੂਰੀ ਤਾਕਤ ਨਾਲ ਮੈਦਾਨ ਵਿਚ ਉਤਰੀ ਹੋਈ ਹੈ ਤੇ ਕਿਸੇ ਵੀ ਪਾਰਟੀ ਲਈ ਜਿੱਤ ਦਾ ਰਾਹ ਆਸਾਨ ਨਹੀਂ ਦਿਖਾਈ ਦੇ ਰਿਹਾ।