- ਬੀਬੀ ਜਗੀਰ ਕੌਰ

- ਬੀਬੀ ਜਗੀਰ ਕੌਰ ਨੇ ਤਾਹਨੇ ਮਿਹਣਿਆ ਦੀ ਰਾਜਨੀਤੀ ਨਹੀਂ, ਰਾਜਨੀਤਿਕ ਨੈਤਕਿਤਾ ਨੂੰ ਤਰਜੀਹ
ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ : ਪੁਨਰ ਸੁਰਜੀਤ ਹੋ ਰਹੇ ਸ਼੍ਰੋਮਣੀ ਅਕਾਲੀ ਦਲ ’ਚ ਇਸਤਰੀ ਅਕਾਲੀ ਦਲ ਦੀ ਕਮਾਨ ਸੰਭਾਲ ਰਹੀ ਬੀਬੀ ਜਗੀਰ ਕੌਰ ਦੀ ਨਿਯੁਕਤੀ ਸਿਰਫ਼ ਇੱਕ ਸੰਗਠਨਾਤਮਕ ਫੈਸਲਾ ਨਹੀਂ, ਸਗੋਂ ਇੱਕ ਅਜਿਹੀ ਲੀਡਰ ਨੂੰ ਅੱਗੇ ਲਿਆਉਣ ਦਾ ਸੰਕੇਤ ਹੈ ਜੋ ਦਲੇਰੀ ਨਾਲ ਪੰਥਕ ਫੈਸਲੇ ਲੈਣ ਦੇ ਸਮਰੱਥ ਅਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਅਨੇਕ ਸੁਧਾਰ ਲਿਆਉਣ ਲਈ ਜਾਣੀ ਜਾਂਦੀ ਹੈ। ਇਹ ਔਰਤਾਂ ਦੀ ਵਧਦੀ ਭੂਮਿਕਾ ਅਤੇ ਪੰਥਕ ਰਾਜਨੀਤੀ ਵਿੱਚ ਉਨ੍ਹਾਂ ਦੀ ਅਹਿਮੀਅਤ ਦਾ ਸੰਕੇਤ ਵੀ ਮੰਨਿਆ ਜਾ ਰਿਹਾ ਹੈ। ਬੀਬੀ ਜਗੀਰ ਕੌਰ ਦੀ ਪਛਾਣ ਇੱਕ ਅਜਿਹੀ ਲੀਡਰ ਵਜੋਂ ਬਣੀ ਹੈ ਜੋ ਮੁਸ਼ਕਲ ਵੇਲੇ ਵੀ ਬੋਲਡ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟਦੀ। ਨਾਨਕਸ਼ਾਹੀ ਕੈਲੰਡਰ ਦੇ ਮਸਲੇ ’ਤੇ ਉਨ੍ਹਾਂ ਨੇ ਖੁੱਲ੍ਹ ਕੇ ਆਪਣਾ ਸਟੈਂਡ ਰੱਖਿਆ ਅਤੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਦੌਰਾਨ ਕੁਝ ਡੇਰੇਦਾਰਾਂ ਵੱਲੋਂ ਮੂਲ ਮੰਤਰ ਦੀ ਮਰਿਆਦਾ ਦੇ ਮਾਮਲੇ ’ਚ ਵੀ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ, ਇੱਥੋਂ ਤੱਕ ਕਿ ਹਰਸਿਮਰਤ ਕੌਰ ਬਾਦਲ ਦੀ ਵੀ ਪ੍ਰਵਾਹ ਕੀਤੇ ਬਿਨਾਂ ਆਪਣਾ ਸਪੱਸ਼ਟ ਅਤੇ ਦਲੇਰਾਨਾ ਰੁੱਖ ਅਖ਼ਤਿਆਰ ਕੀਤਾ। ਪੰਥਕ ਮਸਲਿਆਂ ’ਤੇ ਬੀਬੀ ਜਾਗੀਰ ਕੌਰ ਹਮੇਸ਼ਾ ਸਪੱਸ਼ਟ ਰਹੀ ਹੈ।
ਉਨ੍ਹਾਂ ਦੀ ਰਾਜਨੀਤਿਕ ਯਾਤਰਾ ਵਿੱਚ ਹੋਰ ਵੀ ਕਈ ਅਹਿਮ ਮੋੜ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਕਦੇ ਦਿੱਗਜ ਆਗੂ ਗੁਰਚਰਨ ਸਿੰਘ ਟੋਹੜਾ ਦੇ ਮੁਕਾਬਲੇ ਖੜ੍ਹਾ ਕੀਤਾ ਸੀ, ਜਿੱਥੇ ਬੀਬੀ ਜਗੀਰ ਕੌਰ ਨੇ ਸ਼ਾਨਦਾਰ ਜਿੱਤ ਦਰਜ ਕਰ ਕੇ ਆਪਣੀ ਲੀਡਰਸ਼ਿਪ ਦੀ ਮਜ਼ਬੂਤੀ ਸਾਬਤ ਕੀਤੀ। ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਦੌਰਾਨ ਉਨ੍ਹਾਂ ਨੇ ਮਜ਼ਬੂਤ ਸਟੈਂਡ ਲਿਆ ਅਤੇ ਇਸ ਸਬੰਧੀ ਗਿਆਨੀ ਪੂਰਨ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਵੀ ਉਨ੍ਹਾਂ ਦੇ ਦੌਰ ਵਿੱਚ ਹੋਇਆ, ਜੋ ਉਸ ਸਮੇਂ ਵੱਡੀ ਚਰਚਾ ਦਾ ਕੇਂਦਰ ਬਣਿਆ। ਬੀਬੀ ਜਗੀਰ ਕੌਰ ਦਾ ਪ੍ਰਸ਼ਾਸਕੀ ਅੰਦਾਜ਼ ਹਮੇਸ਼ਾ ਹੀ ਨਿਰਭੀਕ ਅਤੇ ਨਵਾਂਪ੍ਰਯੋਗੀ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਨੇ ਪ੍ਰਸ਼ਾਦ ਚੜ੍ਹਾਵੇ ਨੂੰ ਆਨਲਾਈਨ ਪ੍ਰਣਾਲੀ ਨਾਲ ਜੋੜਨ ਦਾ ਕਦਮ ਚੁੱਕਿਆ, ਜਿਸ ਨਾਲ ਪ੍ਰਬੰਧਕੀ ਪਾਰਦਰਸ਼ਤਾ ਵਧੀ। ਇਸ ਦੇ ਨਾਲ ਹੀ ਹਰਿਮੰਦਰ ਸਾਹਿਬ ਦੇ ਅੰਦਰ ਸਿਰੋਪਾਓ ਦੇਣ ਦੀ ਪ੍ਰਥਾ ਨੂੰ ਬੰਦ ਕਰ ਕੇ ਬਾਹਰ ਕਰਵਾਉਣਾ ਵੀ ਇੱਕ ਵੱਡਾ ਅਤੇ ਚਰਚਿਤ ਫੈਸਲਾ ਸੀ, ਜਿਸ ਨੂੰ ਪ੍ਰਬੰਧਕੀ ਸੁਧਾਰ ਵਜੋਂ ਦੇਖਿਆ ਗਿਆ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 400 ਸਾਲਾ ਸ਼ਤਾਬਦੀ ਮੌਕੇ ਉਨ੍ਹਾਂ ਨੇ ਮੰਚ ਸੰਚਾਲਨ ਦੀ ਅਹਿਮ ਭੂਮਿਕਾ ਨਿਭਾਈ ਅਤੇ ਸਮਾਗਮਾਂ ਨੂੰ ਵਿਸ਼ਵ ਪੱਧਰ ’ਤੇ ਪ੍ਰਸਿੱਧ ਕਰਨ ਵਿੱਚ ਯੋਗਦਾਨ ਦਿੱਤਾ। ਪੰਜਾਬ ਸਰਕਾਰ ਵਿੱਚ ਮੰਤਰੀ ਵਜੋਂ ਵੀ ਉਹ ਆਪਣੀ ਛਾਪ ਛੱਡ ਚੁੱਕੀਆਂ ਹਨ। ਬੀਬੀ ਜਗੀਰ ਕੌਰ ਸਿਰਫ਼ ਪ੍ਰਬੰਧਕੀ ਫੈਸਲਿਆਂ ਲਈ ਹੀ ਨਹੀਂ, ਸਿਆਸੀ ਸੁਧਾਰਾਂ ਲਈ ਵੀ ਆਪਣੀ ਸਪੱਸ਼ਟ ਸੋਚ ਰੱਖਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿਆਸਤ ਵਿੱਚ ਵਧ ਰਹੇ ਨਗਾਰ, ਭ੍ਰਿਸ਼ਟਾਚਾਰ, ਬੋਲਚਾਲ ਵਿੱਚ ਤਾਣੇ-ਮਿਹਣੇ ਅਤੇ ਨਿੱਜੀ ਦੂਸ਼ਣਾਂ ਨੂੰ ਖਤਮ ਕਰਨਾ ਸਮੇਂ ਦੀ ਲੋੜ ਹੈ। ਉਹ ਸਿਆਸੀ ਮਾਹੌਲ ਨੂੰ ਸਾਫ਼-ਸੁਥਰਾ ਬਣਾਉਣ ਅਤੇ ਨੈਤਿਕਤਾ ਨੂੰ ਮੁੜ ਸਥਾਪਿਤ ਕਰਨ ਦੀਆ ਗੱਲ ਕਰਦੀ ਹੈ। ਉਨ੍ਹਾਂ ਦੀ ਇਹ ਨਵੀਂ ਜ਼ਿੰਮੇਵਾਰੀ ਇਸ ਗੱਲ ਦਾ ਸੰਕੇਤ ਹੈ ਕਿ ਅਕਾਲੀ ਦਲ ਅੰਦਰ ਸਿਰਫ਼ ਸੰਗਠਨਾਤਮਕ ਮਜ਼ਬੂਤੀ ਹੀ ਨਹੀਂ, ਸਗੋਂ ਆਦਰਸ਼ਕ ਅਤੇ ਨੈਤਿਕ ਸੁਧਾਰਾਂ ਵੱਲ ਵੀ ਕਦਮ ਚੁੱਕੇ ਜਾ ਰਹੇ ਹਨ। ਬੀਬੀ ਜਗੀਰ ਕੌਰ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਸਤਰੀ ਅਕਾਲੀ ਦਲ ਨੂੰ ਨਵੀਂ ਦਿਸ਼ਾ ਦੇਣਗੀਆਂ ਅਤੇ ਪਾਰਟੀ ਦੇ ਜੜਾਂ ਨਾਲ ਜੁੜੇ ਕੈਡਰ ਨੂੰ ਫਿਰ ਤੋਂ ਇੱਕਜੁੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਦੀ ਦਲੇਰੀ ਅਤੇ ਸਪਸ਼ਟਵਾਦੀ ਸੋਚ ਆਉਣ ਵਾਲੇ ਸਮੇਂ ਵਿੱਚ ਪਾਰਟੀ ਲਈ ਮਜ਼ਬੂਤੀ ਦਾ ਕਾਰਨ ਬਣ ਸਕਦੀ ਹੈ।