ਆਫਤ ਬਣੀ ਬਾਰਿਸ਼ ਤੇ ਗੜੇਮਾਰੀ, ਕਿਸਾਨਾਂ ਦੀ ਮਿਹਨਤ ’ਤੇ ਫਿਰਿਆ ਪਾਣੀ
ਢਿੱਲਵਾਂ, ਨਡਾਲਾ, ਸੁਭਾਨਪੁਰ ਸਮੇਤ
Publish Date: Sun, 05 Apr 2026 10:46 PM (IST)
Updated Date: Mon, 06 Apr 2026 04:14 AM (IST)

ਢਿੱਲਵਾਂ, ਨਡਾਲਾ, ਸੁਭਾਨਪੁਰ ਸਮੇਤ ਕਈ ਪਿੰਡਾਂ ’ਚ ਸੈਂਕੜੇ ਏਕੜ ਫਸਲ ਪ੍ਰਭਾਵਿਤ ਕਣਕ ਖੇਤਾਂ ’ਚ ਵਿਛੀ, ਉਤਪਾਦਨ ਘਟਣ ਦਾ ਖ਼ਤਰਾ ਜਾਗਰਣ ਸੰਵਾਦਦਾਤਾ, ਕਪੂਰਥਲਾ : ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਪੂਰਥਲਾ ਜ਼ਿਲ੍ਹੇ ਦੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ। ਕਟਾਈ ਲਈ ਤਿਆਰ ਖੜ੍ਹੀ ਕਣਕ ਦੀ ਫਸਲ ਦੇਖਦੇ ਹੀ ਦੇਖਦੇ ਖੇਤਾਂ ’ਚ ਜ਼ਮੀਨ ’ਤੇ ਵਿਛ ਗਈ, ਜਿਸ ਨਾਲ ਕਿਸਾਨਾਂ ਦੀਆਂ ਮਹੀਨਿਆਂ ਦੀ ਮਿਹਨਤ ’ਤੇ ਪਾਣੀ ਫਿਰ ਗਿਆ। ਜਾਣਕਾਰੀ ਅਨੁਸਾਰ, ਜ਼ਿਲ੍ਹੇ ਦੇ ਢਿੱਲਵਾਂ, ਨਡਾਲਾ, ਸੁਭਾਨਪੁਰ, ਤਲਵੰਡੀ ਚੌਧਰੀਆਂ, ਫੱਤੂਢੀਗਾ ਤੇ ਆਸ-ਪਾਸ ਦੇ ਪਿੰਡਾਂ ’ਚ ਸੈਂਕੜੇ ਏਕੜ ਫਸਲ ਪ੍ਰਭਾਵਿਤ ਹੋਈ ਹੈ। ਕਈ ਜਗ੍ਹਾਂ ਤੇਜ਼ ਹਵਾਵਾਂ ਤੇ ਗੜੇਮਾਰੀ ਕਾਰਨ ਕਣਕ ਪੂਰੀ ਤਰ੍ਹਾਂ ਡਿੱਗ ਗਈ ਹੈ, ਜਦਕਿ ਕੁਝ ਇਲਾਕਿਆਂ ’ਚ ਖੇਤਾਂ ’ਚ ਪਾਣੀ ਭਰ ਗਿਆ ਹੈ। ਇਸ ਨਾਲ ਫਸਲ ਦੇ ਸੜਨ ਤੇ ਦਾਣੇ ਖਰਾਬ ਹੋਣ ਦਾ ਖ਼ਤਰਾ ਵਧ ਗਿਆ ਹੈ। ਪਿੰਡ ਢਿੱਲਵਾਂ ਦੇ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਲੈ ਕੇ ਫਸਲ ਤਿਆਰ ਕੀਤੀ ਸੀ, ਪਰ ਬਰਸਾਤ ਨੇ ਸਭ ਕੁਝ ਖਰਾਬ ਕਰ ਦਿੱਤਾ। ਅਸੀਂ ਸੋਚਿਆ ਸੀ ਕਿ ਇਸ ਵਾਰ ਚੰਗੀ ਪੈਦਾਵਾਰ ਹੋਵੇਗੀ ਪਰ ਹੁਣ ਫਸਲ ਜ਼ਮੀਨ ’ਤੇ ਡਿੱਗ ਗਈ ਹੈ। ਕਟਾਈ ’ਚ ਖਰਚ ਵੀ ਜ਼ਿਆਦਾ ਆਵੇਗਾ ਤੇ ਉਤਪਾਦਨ ਵੀ ਘਟੇਗਾ। ਦੂਜੇ ਪਿੰਡ ਨਡਾਲਾ ਦੇ ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਬਰਸਾਤ ਤੇ ਗੜੇਮਾਰੀ ਇੰਨੀ ਤੇਜ਼ ਸੀ ਕਿ ਕੁਝ ਹੀ ਮਿੰਟਾਂ ’ਚ ਪੂਰੀ ਫਸਲ ਵਿਛ ਗਈ। ਹੁਣ ਸਮਝ ਨਹੀਂ ਆ ਰਿਹਾ ਕਿ ਨੁਕਸਾਨ ਦੀ ਭਰਪਾਈ ਕਿਵੇਂ ਹੋਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਲੰਬੇ ਸਮੇਂ ਤੱਕ ਬਰਸਾਤ ਨਹੀਂ ਹੋਈ, ਜਿਸ ਨਾਲ ਫਸਲ ਕਮਜ਼ੋਰ ਰਹੀ ਤੇ ਹੁਣ ਜਦੋਂ ਕਟਾਈ ਦਾ ਸਮਾਂ ਆਇਆ ਤਾਂ ਮੌਸਮ ਨੇ ਵੱਡਾ ਝਟਕਾ ਦੇ ਦਿੱਤਾ। ਕৃਈ ਮਾਹਿਰਾਂ ਅਨੁਸਾਰ ਡਿੱਗੀ ਹੋਈ ਫਸਲ ਨਾਲ ਉਤਪਾਦਨ ’ਚ 20 ਤੋਂ 40 ਪ੍ਰਤੀਸ਼ਤ ਤੱਕ ਕਮੀ ਆ ਸਕਦੀ ਹੈ। ਇਸ ਦੇ ਨਾਲ ਹੀ ਕਟਾਈ ’ਚ ਦੇਰੀ ਤੇ ਲਾਗਤ ਵਧਣ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ’ਤੇ ਵੀ ਅਸਰ ਪਵੇਗਾ। ਕਿਸਾਨੀ ਵਿਭਾਗ ਦੀਆਂ ਟੀਮਾਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ ਤੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਗਿਰਦਾਵਰੀ ਕਰ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਮੁਆਵਜ਼ਾ ਮਿਲ ਸਕੇ। ਬਾਕਸ-- ਮੌਸਮ ਦਾ ਹਾਲ ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟਿਆਂ ਤੱਕ ਮੌਸਮ ਪੂਰੀ ਤਰ੍ਹਾਂ ਸਾਫ ਹੋਣ ਦੀ ਸੰਭਾਵਨਾ ਘੱਟ ਹੈ। ਬਦਲ ਛਾਏ ਰਹਿਣ ਤੇ ਵਿਚ-ਵਿਚ ਹਲਕੀ ਤੋਂ ਮੱਧਮ ਬਰਸਾਤ ਦੀ ਸੰਭਾਵਨਾ ਬਣੀ ਰਹੇਗੀ। ਇਸ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ, ਜਿਸ ਨਾਲ ਪਹਿਲਾਂ ਤੋਂ ਡਿੱਗੀਆਂ ਫਸਲਾਂ ਨੂੰ ਹੋਰ ਨੁਕਸਾਨ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਖੇਤਾਂ ’ਚ ਨਮੀ ਵੱਧ ਜਾਣ ਨਾਲ ਕਣਕ ਦੇ ਦਾਣੇ ਖਰਾਬ ਹੋਣ ਤੇ ਸੜਨ ਦਾ ਖ਼ਤਰਾ ਵਧ ਗਿਆ ਹੈ, ਜੇ ਜਲਦੀ ਧੁੱਪ ਨਹੀਂ ਨਿਕਲੀ ਤਾਂ ਫਸਲ ਦੀ ਗੁਣਵੱਤਾ ’ਤੇ ਅਸਰ ਪੈ ਸਕਦਾ ਹੈ। ਮੌਸਮ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਮੌਸਮ ਸਾਫ ਹੋਣ ’ਤੇ ਤੁਰੰਤ ਕਟਾਈ ਸ਼ੁਰੂ ਕਰਨ ਤੇ ਖੇਤਾਂ ’ਚ ਪਾਣੀ ਨਿਕਾਸ ਦਾ ਪ੍ਰਬੰਧ ਕਰਨ ਤਾਂ ਜੋ ਨੁਕਸਾਨ ਨੂੰ ਘਟਾਇਆ ਜਾ ਸਕੇ।