ਉਹ ਕਹਿੰਦੇ ਹਨ ਕਿ ਬੇਸ਼ੱਕ ਆਮ ਆਦਮੀ ਪਾਰਟੀ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ ਪਰ ਇਸ ਵਾਰ ਲੋਕ ‘ਆਪ’ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਜਾ ਰਹੇ ਹਨ, ਕਿਉਂਕਿ ਅਕਾਲੀ ਦਲ ਦੀ ਆਪਣੇ ਕੋਰ ਵੋਟ ਬੈਂਕ ਕਿਸਾਨਾਂ ਤੇ ਮੁਲਾਜ਼ਮਾਂ ’ਚ ਵਾਪਸੀ ਹੋ ਚੁੱਕੀ ਹੈ।

ਪੰਜਾਬੀ ਜਾਗਰਣ ਕੇਂਦਰ, ਜਲੰਧਰ : ਪੰਜਾਬ ਦੌਰ ਦੀ ਸਿਆਸਤ ’ਚ ਸਮੁੱਚੇ ਵਿਕਾਸ ਦੇ ਕੰਮਾਂ ਨੂੰ ਦੇਖ ਕੇ ਨਹੀਂ, ਸਗੋਂ ਭਾਵਨਾਵਾਂ ਦੇ ਮੱਦੇਨਜ਼ਰ ਵਧੇਰੇ ਵੋਟਾਂ ਪੈਂਦੀਆਂ ਹਨ। ਜੇਕਰ ਕੰਮਾਂ ਨੂੰ ਦੇਖ ਕੇ ਵੋਟਾਂ ਪੈਂਦੀਆਂ ਹੁੰਦੀਆਂ ਤਾਂ ਸ਼ਾਇਦ ਅਕਾਲੀ ਦਲ ਕਦੇ ਵੀ ਨਾ ਹਾਰਦਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਪੰਜਾਬੀ ਜਾਗਰਣ’ ਦੇ ਵਿਹੜੇ ਪਹੁੰਚੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤਾ। ਉਨ੍ਹਾਂ ਮੁਤਾਬਕ ਅਕਾਲੀ ਦਲ ਨੇ ਸੂਬੇ ਦੇ ਸਰਬਪੱਖੀ ਵਿਕਾਸ ਦੇ ਮੱਦੇਨਜ਼ਰ ਬਹੁਤ ਕੰਮ ਕੀਤੇ, ਜਿਨ੍ਹਾਂ ’ਚ ਕਿਸਾਨਾਂ ਦੇ ਟਿਊਬਵੈੱਲਾਂ ਦੇ ਬਿਜਲੀ ਮਾਫ਼ ਕਰਨ ਵਰਗੇ ਵੱਡੇ ਫ਼ੈਸਲੇ ਵੀ ਸ਼ਾਮਲ ਹਨ ਪਰ ਇਸ ਦੇ ਬਾਵਜੂਦ ਅਕਾਲੀ ਦਲ ਪਿਛਲੇ ਦਸ ਸਾਲ ਤੋਂ ਸੱਤਾ ਤੋਂ ਬਾਹਰ ਹੈ। ਇਸ ਵਾਰ ਮੁੜ ਹਵਾ ਦਾ ਰੁਖ਼ ਬਦਲਿਆ ਹੈ ਤੇ ਲੋਕ ਭਾਵਨਾ ਇਹੀ ਹੈ ਕਿ ਇਸ ਵਾਰ ਅਕਾਲੀ ਦਲ ਨੂੰ ਸੱਤਾ ’ਚ ਵਾਪਸ ਲੈ ਕੇ ਆਉਣਾ ਹੈ, ਕਿਉਂਕਿ ਲੋਕ ਸੂਬੇ ’ਚ ਅਮਨ-ਸ਼ਾਂਤੀ ਚਾਹੁੰਦੇ ਹਨ।
ਉਹ ਕਹਿੰਦੇ ਹਨ ਕਿ ਬੇਸ਼ੱਕ ਆਮ ਆਦਮੀ ਪਾਰਟੀ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ ਪਰ ਇਸ ਵਾਰ ਲੋਕ ‘ਆਪ’ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣ ਜਾ ਰਹੇ ਹਨ, ਕਿਉਂਕਿ ਅਕਾਲੀ ਦਲ ਦੀ ਆਪਣੇ ਕੋਰ ਵੋਟ ਬੈਂਕ ਕਿਸਾਨਾਂ ਤੇ ਮੁਲਾਜ਼ਮਾਂ ’ਚ ਵਾਪਸੀ ਹੋ ਚੁੱਕੀ ਹੈ। ਇਸ ਦੀ ਵੱਡੀ ਵਜ੍ਹਾ ਹੈ ਕਿ ਕਿਸਾਨ ਜਥੇਬੰਦੀਆਂ ਮੌਜੂਦਾ ਸਰਕਾਰ ਖ਼ਿਲਾਫ਼ ਹੋ ਚੁੱਕੀਆਂ ਹਨ ਅਤੇ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਮੁਲਾਜ਼ਮਾਂ ਦਾ 16 ਫ਼ੀਸਦੀ ਡੀਏ ਸਰਕਾਰ ਦੱਬ ਕੇ ਬੈਠੀ ਹੈ, ਜਦਕਿ ਅਕਾਲੀ ਦਲ ਨੇ ਮੁਲਾਜ਼ਮਾਂ ਨੂੰ ਪੇਅ ਕਮਿਸ਼ਨ ਤੱਕ ਦਿੱਤਾ। ਮਾਲਵੇ ’ਚ ਕਿਸਾਨਾਂ ’ਤੇ ਡਾਂਗਾਂ ਵਰ੍ਹਾਈਆਂ ਜਾ ਰਹੀਆਂ ਹਨ। ਸੂਬੇ ਦੀ ਸਿਆਸਤ ’ਚ ਇਹ ਦੋਵੇਂ ਤਬਕਿਆਂ ਦਾ ਇਕ ਵੱਡਾ ਆਧਾਰ ਹੈ ਅਤੇ ਇਸ ਵੇਲੇ ਇਹ ਦੋਵੇਂ ਸਰਕਾਰ ਤੋਂ ਨਾਰਾਜ਼ ਹਨ। ਉਹ ਦਾਅਵਾ ਕਰਦੇ ਹਨ ਕਿ ਮਾਲਵੇ ਦੀਆਂ 69 ਸੀਟਾਂ ’ਤੇ ‘ਆਪ’ ਬੁਰੀ ਤਰ੍ਹਾਂ ਹਾਰੇਗੀ ਤੇ ਉਨ੍ਹਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਬਠਿੰਡਾ ਜ਼ਿਲ੍ਹੇ ’ਚ ਅਕਾਲੀ ਦਲ ਜਿੱਤ ਦਾ ਵੱਡਾ ਪਰਚਮ ਲਹਿਰਾਏਗਾ।
ਮਲੂਕਾ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ’ਚ ਕਾਨੂੰਨ-ਵਿਵਸਥਾ ਦੀ ਹਾਲਤ ਬਹੁਤ ਖ਼ਸਤਾ ਹੋ ਚੁੱਕੀ ਹੈ। ਲੁੱਟਾਂ-ਖੋਹਾਂ, ਫਿਰੌਤੀਆਂ ਦੀਆਂ ਘਟਨਾਵਾਂ ਨਿੱਤ ਵਾਪਰ ਰਹੀਆਂ ਹਨ। ਇਸ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਉਦੋਯਗਪਤੀ, ਵਪਾਰੀ ਤੇ ਕਾਰੋਬਾਰੀ ਇਸ ਤੋਂ ਡਾਹਢੇ ਪਰੇਸ਼ਾਨ ਹਨ ਤੇ ਉਹ ਸਰਕਾਰ ਤੋਂ ਖ਼ਾਸੇ ਨਾਰਾਜ਼ ਚੱਲ ਰਹੇ ਹਨ। ਇਸੇ ਤਰ੍ਹਾਂ ਨਸ਼ੇ ਦੀ ਸਮੱਸਿਆ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਬੁਰੀ ਤਰ੍ਹਾਂ ਫਲਾਪ ਹੋ ਚੁੱਕਾ ਹੈ। ਅਸਲ ’ਚ ਤਾਂ ਇਹ ਸਭ ਰੁਜ਼ਗਾਰ ਨਾਲ ਬੱਝਾ ਹੋਇਆ ਹੈ। ਵਿਦੇਸ਼ ਜਾਣ ਦੇ ਰਸਤੇ ਲਗਾਤਾਰ ਬੰਦ ਹੋ ਰਹੇ ਹਨ, ਇੱਥੇ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਪੜ੍ਹੇ-ਲਿਖੇ ਨੌਜਵਾਨ ਧੱਕੇ ਖਾ ਰਹੇ ਹਨ। ਸਰਕਾਰ ਵੱਲੋਂ 65 ਹਜ਼ਾਰ ਨੌਕਰੀਆਂ ਦੇਣ ਦੇ ਦਾਅਵੇ ਝੂਠ ਦਾ ਪੁਲੰਦਾ ਹਨ। ਜ਼ਮੀਨੀ ਪੱਧਰ ’ਤੇ ਜਾ ਕੇ ਦੇਖਿਆ ਜਾ ਸਕਦਾ ਹੈ ਕਿ ਕਿੰਨੇ ਨੌਜਵਾਨਾਂ ਨੂੰ ਨੌਕਰੀ ਮਿਲੀ? ਉਹ ਕਹਿੰਦੇ ਹਨ ਕਿ ਸੂਬੇ ਵਿਚ ਇੰਡਸਟਰੀ ਆ ਨਹੀਂ ਰਹੀ, ਜਦੋਂ ਇੰਡਸਟਰੀ ਨਹੀਂ ਆ ਰਹੀ ਤਾਂ ਰੁਜ਼ਗਾਰ ਜਾਂ ਹੋਰ ਸਮੁੱਚਾ ਵਿਕਾਸ ਕਿਵੇਂ ਹੋ ਸਕਦਾ ਹੈ? ਪੰਜਾਬ ਇਨਵੈਸਟ ਸਮਿਟ ਦੇ ਨਾਂ ’ਤੇ ਕਰੋੜਾਂ ਰੁਪਏ ਖ਼ਰਚ ਕਰ ਦਿੱਤੇ ਗਏ ਪਰ ਕੋਈ ਉਦਯੋਗਪਤੀ ਇੱਥੇ ਆਪਣਾ ਕੰਮ ਖੋਲ੍ਹਣ ਲਈ ਤਿਆਰ ਨਹੀਂ ਹੈ ਕਿਉਂਕਿ ਇਸ ਸਰਕਾਰ ਨੇ ਸਿਵਾਏ ਮਸ਼ਹੂਰੀਆਂ ਦੇ ਹੋਰ ਕੁਝ ਨਹੀਂ ਕੀਤਾ। ਸ਼ਾਸਨ-ਪ੍ਰਸ਼ਾਸਨ ’ਚ ਭ੍ਰਿਸ਼ਟਾਚਾਰ ਸਿਖ਼ਰਾਂ ’ਤੇ ਪੁੱਜਾ ਹੋਇਆ ਹੈ। ਸਰਕਾਰ ਅੰਕੜਿਆਂ ਦੀ ਖੇਡ ਖੇਡਣ ’ਚ ਲੱਗੀ ਹੋਈ ਹੈ ਅਤੇ ਜ਼ਮੀਨੀ ਪੱਧਰ ’ਤੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ। ਇਸੇ ਕਰਕੇ ਲੋਕ ਪੁਰਾਣੀ ਅਕਾਲੀ ਸਰਕਾਰ ਨੂੰ ਯਾਦ ਕਰਦੇ ਹਨ।
ਔਰਤਾਂ ਨੂੰ ਹਜ਼ਾਰ-ਪੰਦਰਾਂ ਸੌ ਰੁਪਏ ਦੇਣ ਦੇ ਸਵਾਲ ’ਤੇ ਉਹ ਕਹਿੰਦੇ ਹਨ ਕਿ ਇਸ ਨਾਲ ‘ਆਪ’ ਆਪਣੀ ਜਿੱਤ ਦਾ ਦਾਅਵਾ ਨਹੀਂ ਕਰ ਸਕਦੀ, ਕਿਉਂਕਿ ਔਰਤਾਂ ਨੂੰ ਇਸ ਗੱਲ ਦੀ ਸਮਝ ਲੱਗ ਚੁੱਕੀ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਵੋਟਾਂ ਹਾਸਲ ਕਰਨ ਲਈ ਹੀ ਇਹ ਰਾਸ਼ੀ ਦਿੱਤੀ ਹੈ। ਇਸ ਲਈ ਔਰਤਾਂ ਇਹ ਮੰਗ ਕਰ ਰਹੀਆਂ ਹਨ ਕਿ ਵਾਅਦੇ ਮੁਤਾਬਕ ਸਰਕਾਰ ਉਨ੍ਹਾਂ ਨੂੰ ਪਿਛਲੇ ਸਾਲਾਂ ਦਾ 48,000 ਰੁਪਏ ਵੀ ਦੇਵੇ। ਸਿਹਤ ਯੋਜਨਾ ਤਾਂ ਬਿਲਕੁਲ ਹੀ ਫਰਾਡ ਹੈ। ਇਕ ਗੱਲ ਉਹ ਮੰਨਦੇ ਹਨ ਕਿ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਾਸ਼ਨ ਕਿੱਟ ਖੇਡ ਵਿਗਾੜ ਵੀ ਸਕਦੀ ਹੈ, ਕਿਉਂਕਿ ਇਹ ਕਿਸੇ ਨੇ ਉਮੀਦ ਨਹੀਂ ਕੀਤੀ ਸੀ। ਬਾਕੀ ਸਰਕਾਰੀ ਯੋਜਨਾਵਾਂ ਠੁੱਸ ਹੋ ਚੁੱਕੀਆਂ ਹਨ ਅਤੇ ਜਿਹੜੇ ਦਾਅਵੇ ਤੇ ਵਾਅਦੇ ਕੀਤੇ ਗਏ ਸਨ, ਉਹ ਵੀ ਹਵਾ-ਹਵਾਈ ਹੋ ਚੁੱਕੇ ਹਨ। ਇਸ ਲਈ ਲੋਕ ਇਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਕਮਰਕੱਸ ਚੁੱਕੇ ਹਨ।
ਪੰਜਾਬ ਦੇ ਮੁੱਦਿਆਂ ’ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਲਈ ਇਕ ਬੱਝਵੇਂ ਸੰਘਰਸ਼ ਦੀ ਲੋੜ ਹੈ। ਭਾਵੇਂ ਉਹ ਪਾਣੀਆਂ ਦਾ ਮਸਲਾ ਹੋਵੇ ਤੇ ਭਾਵੇਂ ਚੰਡੀਗੜ੍ਹ ਦਾ ਮਸਲਾ ਹੋਵੇ। ਇਨ੍ਹਾਂ ਵਿਚ ਹੀ ਅਨੰਦਪੁਰ ਦਾ ਮਤਾ ਵੀ ਸ਼ਾਮਲ ਹੈ। ਬਿਆਨਾਂ ਨਾਲ ਕੇਂਦਰ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸ ਵਾਸਤੇ ਜ਼ਮੀਨੀ ਪੱਧਰ ’ਤੇ ਲੜਾਈ ਤੋਂ ਬਿਨਾਂ ਕੁਝ ਹਾਸਲ ਨਹੀਂ ਹੋਣਾ। ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਿੱਚੋਂ ਬਾਹਰ ਆਉਣ ਅਤੇ ਸੁਖਬੀਰ ਬਾਦਲ ਨਾਲ ਨਾਰਾਜ਼ਗੀ ਦੇ ਮਾਮਲੇ ’ਤੇ ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਸੁਖਬੀਰ ਬਾਦਲ ਨਾਲ ਨਾਰਾਜ਼ਗੀ ਹੋ ਗਈ ਸੀ, ਜਿਸ ਕਾਰਨ ਉਹ ਨਵੀਂ ਪਾਰਟੀ ਵਿਚ ਚਲੇ ਗਏ ਸਨ ਪਰ ਇਨ੍ਹਾਂ ਦੇ ਕੰਮ ਕਰਨ ਦੇ ਤਰੀਕਿਆਂ ਨੇ ਉਨ੍ਹਾਂ ਨੂੰ ਨਿਰਾਸ਼ ਹੀ ਕੀਤਾ। ਅਸਲ ਵਿਚ ਤਾਂ ਇੱਥੇ ਸਾਰੇ ਹੀ ਪ੍ਰਧਾਨ ਬਣਨਾ ਚਾਹੁੰਦੇ ਸਨ, ਜਿਸ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣਾ ਪਿਆ ਪਰ ਇੱਥੇ ਹੋਰ ਵੀ ਦਿੱਕਤਾਂ ਹਨ, ਪਾਰਟੀ ਦੇ ਅੰਦਰ ਹੀ ਬਹੁਤ ਸਾਰੇ ਧੜੇ ਹਨ, ਜਿਸ ਕਾਰਨ ਇਨ੍ਹਾਂ ਦਾ ਕੁਝ ਬਣਦਾ-ਜੁੜਦਾ ਲੱਗਦਾ ਨਹੀਂ। ਬਾਕੀ ਸੁਖਬੀਰ ਬਾਦਲ ਨੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕੀਤੀ ਅਤੇ ਉਨ੍ਹਾਂ ਨੇ ਵਾਪਸੀ ਵਿਚ ਹੀ ਬਿਹਤਰੀ ਸਮਝੀ। ਉਹ ਕਹਿੰਦੇ ਹਨ ਕਿ ਹੋਰ ਆਗੂ ਵੀ ਪਾਰਟੀ ਵਿਚ ਵਾਪਸੀ ਕਰ ਰਹੇ ਹਨ, ਛੇਤੀ ਹੀ ਖ਼ੁਸ਼ਖ਼ਬਰੀ ਦਿੱਤੀ ਜਾਵੇਗੀ। ਵੱਡੇ ਨਾਂ ਦੁਬਾਰਾ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਰਹੀ ਗੱਲ ਸਿਮਰਨਜੀਤ ਸਿੰਘ ਮਾਨ ਜਾਂ ਅੰਮ੍ਰਿਤਪਾਲ ਨਾਲ ਸਮਝੌਤੇ ਦੀ ਤਾਂ ਇਹ ਕਦੀ ਨਹੀਂ ਹੋ ਸਕਦਾ ਕਿਉਂਕਿ ਅਕਾਲੀ ਦਲ ਗਰਮਖ਼ਿਆਲੀਆਂ ਨਾਲ ਕਦੇ ਵੀ ਭਾਈਵਾਲੀ ਨਹੀਂ ਪਾ ਸਕਦਾ।
ਭਾਜਪਾ ਨਾਲ ਸਮਝੌਤੇ ਦੇ ਸਵਾਲ ’ਤੇ ਉਹ ਕਹਿੰਦੇ ਹਨ ਕਿ ਦੋਵਾਂ ਪਾਰਟੀਆਂ ਦੀ ਆਪਣੀ ਤਰ੍ਹਾਂ ਦੀ ਸਮਝ ਹੈ ਪਰ ਦੋਹਾਂ ਪਾਰਟੀਆਂ ਵਿਚ ਇਸ ਗੱਲ ਦੀਆਂ ਸੰਭਾਵਨਾਵਾਂ ਤਾਂ ਪਈਆਂ ਹੀ ਹੋਈਆਂ ਹਨ ਕਿ ਸਮਝੌਤਾ ਹੋ ਸਕਦਾ ਹੈ। ਬਾਕੀ ਇਸ ਬਾਰੇ ਕੁਝ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ। ਪੰਜਾਬ ’ਚ ਇਸ ਵਾਰ ਆਮ ਆਦਮੀ ਪਾਰਟੀ ਰੇਸ ਤੋਂ ਹੀ ਬਾਹਰ ਹੈ। ਅਕਾਲੀ ਦਲ ਦਾ ਮੁੱਖ ਮੁਕਾਬਲਾ ਕਾਂਗਰਸ ਨਾਲ ਹੀ ਹੈ। ਬਾਕੀ ਹਾਲੇ ਚੋਣਾਂ ’ਚ ਵਕਤ ਹੈ, ਸਥਿਤੀਆਂ ਦਿਨੋਂ-ਦਿਨ ਬਦਲਦੀਆਂ ਰਹਿੰਦੀਆਂ ਹਨ। ਮੁਕਾਬਲਾ ਤਿਕੋਣਾ ਜਾਂ ਚਾਰ ਕੋਣਾ ਵੀ ਹੋ ਸਕਦਾ ਹੈ ਪਰ ਏਨਾ ਜ਼ਰੂਰ ਹੈ ਕਿ ਲੋਕ ਭਾਵਨਾ ਇਸ ਵੇਲੇ ਇਹੀ ਹੈ ਕਿ ਉਹ ਅਕਾਲੀ ਦਲ ਨੂੰ ਇਕ ਵਾਰ ਫਿਰ ਸੱਤਾ ਦੀ ਚਾਬੀ ਸੌਂਪਣਾ ਚਾਹੁੰਦੇ ਹਨ ਕਿਉਂਕਿ ਉਹ ਪੰਜਾਬ ’ਚ ਅਮਨ ਚਾਹੁੰਦੇ ਹਨ ਅਤੇ ਸਮੁੱਚਾ ਵਿਕਾਸ ਦੇਖਣਾ ਚਾਹੁੰਦੇ ਹਨ।