- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਤਿਮ ਰਸਮਾਂ ਮੌਕੇ ਦੁਖੀ ਪਰਿਵਾਰਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ ਸ਼ਮਸ਼ਾਨਘਾਟ ਵਿਚ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਮ੍ਰਿਤਕ ਦੇਹਾਂ ਨੂੰ ਸੁਰੱਖਿਅਤ ਰੱਖਣ ਲਈ ਸ਼ਮਸ਼ਾਨਘਾਟ ਕੰਪਲੈਕਸ ਵਿਚ 4 ਡੀਪ ਫਰੀਜ਼ਰ (ਫਰਿੱਜ) ਮੌਜੂਦ ਹਨ।

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਆਮ ਤੌਰ ’ਤੇ ਸ਼ਮਸ਼ਾਨਘਾਟ ਦਾ ਨਾਮ ਸੁਣਦਿਆਂ ਹੀ ਮਨ ਵਿਚ ਉਦਾਸੀ ਅਤੇ ਵੀਰਾਨੀ ਦਾ ਅਹਿਸਾਸ ਹੁੰਦਾ ਹੈ, ਪਰ ਸ਼ਾਹਕੋਟ ਦੇ ਮੋਗਾ ਰੋਡ ਸਥਿਤ ਸਵਰਗ ਆਸ਼ਰਮ (ਸ਼ਮਸ਼ਾਨਘਾਟ) ਨੇ ਇਸ ਧਾਰਨਾ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਇੱਕ ਸਮਾਂ ਸੀ ਜਦੋਂ ਗੰਦਗੀ ਅਤੇ ਝਾੜੀਆਂ ਕਾਰਨ ਇਹ ਜਗ੍ਹਾ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਸੀ ਅਤੇ ਲੋਕ ਇੱਥੇ ਆਉਣ ਤੋਂ ਵੀ ਗੁਰੇਜ਼ ਕਰਦੇ ਸਨ। ਪਰ ਅੱਜ ਸ਼ਮਸ਼ਾਨਘਾਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਮ੍ਰਿਤ ਲਾਲ ਕਾਕਾ ਦੀ ਦੂਰਅੰਦੇਸ਼ੀ ਸੋਚ ਅਤੇ ਅਣਥੱਕ ਮਿਹਨਤ ਸਦਕਾ ਇਹ ਸਥਾਨ ਆਧੁਨਿਕ ਸਹੂਲਤਾਂ ਦਾ ਇਕ ਮਾਡਲ ਬਣ ਚੁੱਕਾ ਹੈ।
ਸ਼ਮਸ਼ਾਨਘਾਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਮ੍ਰਿਤ ਲਾਲ ਕਾਕਾ ਨੇ ਦੱਸਿਆ ਕਿ ਇਸ ਜਗ੍ਹਾ ਨੂੰ ਸੰਵਾਰਨ ਦੀ ਸੇਵਾ ਕਰੀਬ 5 ਸਾਲ ਪਹਿਲਾਂ ਕੋਰੋਨਾ ਕਾਲ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ, ਜਦੋਂ ਕੋਈ ਵੀ ਹੋਰ ਅੱਗੇ ਆਉਣ ਨੂੰ ਤਿਆਰ ਨਹੀਂ ਸੀ। ਸ਼ਹਿਰ ਵਾਸੀਆਂ ਅਤੇ ਹਰ ਧਰਮ ਦੇ ਲੋਕਾਂ ਵੱਲੋਂ ਮਿਲੇ ਵੱਡੇ ਸਹਿਯੋਗ ਸਦਕਾ ਹੁਣ ਤੱਕ ਇੱਥੇ ਇਕ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਵਿਕਾਸ ਕਾਰਜਾਂ ’ਤੇ ਲੱਗ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਮੇਟੀ ਦੇ ਹਰ ਪੈਸੇ ਦਾ ਪੂਰਾ ਹਿਸਾਬ ਮੌਜੂਦ ਹੈ ਅਤੇ ਕੋਈ ਵੀ ਵਿਅਕਤੀ ਇਸ ਦੀ ਪਾਰਦਰਸ਼ਤਾ ਦੀ ਜਾਂਚ ਕਰ ਸਕਦਾ ਹੈ।
.jpg)
ਅੰਤਿਮ ਰਸਮਾਂ ਮੌਕੇ ਦੁਖੀ ਪਰਿਵਾਰਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ ਸ਼ਮਸ਼ਾਨਘਾਟ ਵਿਚ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਮ੍ਰਿਤਕ ਦੇਹਾਂ ਨੂੰ ਸੁਰੱਖਿਅਤ ਰੱਖਣ ਲਈ ਸ਼ਮਸ਼ਾਨਘਾਟ ਕੰਪਲੈਕਸ ਵਿਚ 4 ਡੀਪ ਫਰੀਜ਼ਰ (ਫਰਿੱਜ) ਮੌਜੂਦ ਹਨ। ਇਸ ਤੋਂ ਇਲਾਵਾ ਲੋੜ ਪੈਣ ‘ਤੇ ਘਰ ਲਿਜਾਣ ਲਈ ਵੀ 2 ਵੱਖਰੇ ਫਰੀਜ਼ਰਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਗਰੀਬ ਅਤੇ ਬੇਸਹਾਰਾ ਪਰਿਵਾਰਾਂ ਨੂੰ ਅੰਤਿਮ ਸਸਕਾਰ ਲਈ ਬਾਲਣ (ਲੱਕੜੀਆਂ) ਮੁਫ਼ਤ ਦਿੱਤਾ ਜਾਂਦਾ ਹੈ। ਮ੍ਰਿਤਕ ਦੇਹ ਨੂੰ ਸਨਮਾਨ ਸਹਿਤ ਲਿਆਉਣ ਲਈ ਕਮੇਟੀ ਵੱਲੋਂ ਗੱਡੀ ਦੀ ਸੁਵਿਧਾ ਵੀ ਬਿਲਕੁਲ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ। ਬਿਜਲੀ ਕੱਟਾਂ ਦੌਰਾਨ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ 25 ਕਿਲੋਵਾਟ ਦਾ ਵੱਡਾ ਜਨਰੇਟਰ ਲਾਇਆ ਗਿਆ ਹੈ। ਮੀਂਹ ਅਤੇ ਧੁੱਪ ਤੋਂ ਬਚਾਅ ਲਈ ਵਿਸ਼ਾਲ ਸ਼ੈੱਡ ਬਣਾਏ ਗਏ ਹਨ। ਇਸ ਤੋਂ ਇਲਾਵਾ ਸਸਕਾਰ ‘ਤੇ ਆਉਣ ਵਾਲੇ ਲੋਕਾਂ ਲਈ ਠੰਢੇ ਪਾਣੀ ਦੇ ਕੂਲਰ ਤੇ ਫਰਿੱਜ, ਬੈਠਣ ਲਈ ਆਰਾਮਦਾਇਕ ਕੁਰਸੀਆਂ ਅਤੇ ਮਾਹੌਲ ਨੂੰ ਸ਼ਾਂਤਮਈ ਬਣਾਉਣ ਲਈ ਸਾਊਂਡ ਸਿਸਟਮ ਲਾਇਆ ਗਿਆ ਹੈ, ਜਿਸ ਰਾਹੀਂ ਹਲਕੀ ਆਵਾਜ਼ ਵਿਚ ਧਾਰਮਿਕ ਪਾਠ ਚੱਲਦੇ ਰਹਿੰਦੇ ਹਨ। ਪ੍ਰਧਾਨ ਕਾਕਾ ਨੇ ਸਪੱਸ਼ਟ ਕੀਤਾ ਕਿ ਕਮੇਟੀ ਪੈਸੇ ਪਿੱਛੇ ਕੰਮ ਨਹੀਂ ਕਰਦੀ, ਬਲਕਿ ਇਹ ਸਾਰੀ ਸੇਵਾ ਸ਼ਹਿਰਦਾਰੀ, ਭਾਈਚਾਰੇ ਤੇ ਹਮਦਰਦੀ ਦੀ ਭਾਵਨਾ ਨਾਲ ਨਿਭਾਈ ਜਾ ਰਹੀ ਹੈ।
---
ਭਵਿੱਖ ਦੀਆਂ ਯੋਜਨਾਵਾਂ : ਬਣੇਗੀ ਪਾਰਕਿੰਗ, ਬੱਚਿਆਂ ਲਈ ਪਾਰਕ ਅਤੇ ਤਲਾਅ
ਅਗਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਅੰਮ੍ਰਿਤ ਲਾਲ ਕਾਕਾ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਰੰਗ-ਰੋਗਨ ਅਤੇ ਸ਼ੈੱਡ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਬਾਅਦ ਸ਼ਮਸ਼ਾਨਘਾਟ ਦੇ ਨਾਲ ਪਈ ਸਾਢੇ ਛੇ ਕਨਾਲ ਖਾਲੀ ਜਗ੍ਹਾ ਨੂੰ ਵਿਕਸਤ ਕੀਤਾ ਜਾਵੇਗਾ। ਇਸ ਜਗ੍ਹਾ ’ਤੇ ਗੇਟ ਲਾ ਕੇ ਵੱਡੀ ਪਾਰਕਿੰਗ ਬਣਾਈ ਜਾਵੇਗੀ ਤਾਂ ਜੋ ਗੱਡੀਆਂ ਆਸਾਨੀ ਨਾਲ ਖੜ੍ਹੀਆਂ ਹੋ ਸਕਣ। ਇੱਥੇ ਬੱਚਿਆਂ ਦੇ ਖੇਡਣ ਲਈ ਝੂਲੇ ਲਗਾਏ ਜਾਣਗੇ ਅਤੇ ਇਕ ਤਲਾਅ ਬਣਾਇਆ ਜਾਵੇਗਾ। ਇਕ ਵਧੀਆ ਪਾਰਕ ਬਣਾਈ ਜਾਵੇਗੀ ਤੇ ਸੁੰਦਰਤਾ ਲਈ ਪਾਣੀ ਦੇ ਫੁਵਾਰੇ ਲਗਾਏ ਜਾਣਗੇ। ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਛਾਂਦਾਰ ਅਤੇ ਫੁੱਲਦਾਰ ਦਰੱਖਤ ਲਗਾਏ ਜਾਣਗੇ। ਕਮੇਟੀ ਦਾ ਮੁੱਖ ਉਦੇਸ਼ ਹੈ ਕਿ ਇਸ ਜਗ੍ਹਾ ਨੂੰ ਇੰਨਾ ਸ਼ਾਂਤਮਈ ਅਤੇ ਹਰਿਆ-ਭਰਿਆ ਬਣਾਇਆ ਜਾਵੇ ਕਿ ਸ਼ਾਮ ਵੇਲੇ ਆਮ ਲੋਕ ਅਤੇ ਬੱਚੇ ਇੱਥੇ ਆਰਾਮ ਨਾਲ ਸੈਰ ਕਰਨ ਆ ਸਕਣ।
---
ਪ੍ਰਧਾਨ ਦੇ ਉਪਰਾਲਿਆਂ ਨੂੰ ਦੇਖ ਹੋਰ ਸੰਸਥਾਵਾਂ ਵੀ ਆਈਆਂ ਅੱਗੇ
ਪ੍ਰਧਾਨ ਅੰਮ੍ਰਿਤ ਲਾਲ ਕਾਕਾ ਦੀ ਨਿਰਸਵਾਰਥ ਸੇਵਾ, ਪਾਰਦਰਸ਼ਤਾ ਅਤੇ ਸ਼ਮਸ਼ਾਨਘਾਟ ਦੀ ਬਦਲਦੀ ਨੁਹਾਰ ਨੇ ਸ਼ਹਿਰ ਦੀਆਂ ਹੋਰ ਜਥੇਬੰਦੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਕਾਰਜਾਂ ਨੂੰ ਦੇਖਦਿਆਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸਮੇਤ ਇਲਾਕੇ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੇ ਵੀ ਅੱਗੇ ਆ ਕੇ ਸ਼ਮਸ਼ਾਨਘਾਟ ਦੇ ਵਿਕਾਸ ਅਤੇ ਸਾਂਭ-ਸੰਭਾਲ ਲਈ ਖੁੱਲ੍ਹਦਿਲੀ ਨਾਲ ਆਰਥਿਕ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਹੈ। ਇਲਾਕਾ ਵਾਸੀਆਂ ਵੱਲੋਂ ਪ੍ਰਧਾਨ ਕਾਕਾ ਅਤੇ ਸਮੁੱਚੀ ਕਮੇਟੀ ਦੇ ਇਨ੍ਹਾਂ ਬੇਮਿਸਾਲ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਦਾ ਮੰਨਣਾ ਹੈ ਕਿ ਬਾਕੀ ਸ਼ਹਿਰਾਂ ਦੀਆਂ ਕਮੇਟੀਆਂ ਨੂੰ ਵੀ ਸ਼ਾਹਕੋਟ ਤੋਂ ਸੇਧ ਲੈਣੀ ਚਾਹੀਦੀ ਹੈ।