ਹੋਰਮੁਜ਼ ਸਟ੍ਰੇਟ ਤੋਂ LPG ਲੱਦ ਕੇ ਭਾਰਤ ਪੁੱਜੇ ਪੰਜਾਬ ਦੇ ਲਾਲ ਕੈਪਟਨ ਸੁਖਮੀਤ, ਈਰਾਨ-ਇਜ਼ਰਾਈਲ ਜੰਗ ਕਾਰਨ ਸਮੁੰਦਰ 'ਚ ਫਸਿਆ ਸੀ ਜਹਾਜ਼
ਕੈਪਟਨ ਸੁਖਮੀਤ ਸਿੰਘ ਦੇ ਪਿਤਾ ਰਿਟਾਇਰਡ ਕੈਪਟਨ ਗੁਰਮੀਤ ਸਿੰਘ, ਮਾਤਾ ਕੌਂਸਲਰ ਸੁਖਵਿੰਦਰ ਕੌਰ ਅਤੇ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਕੈਪਟਨ ਸੁਖਮੀਤ ਸਿੰਘ 'ਸ਼ਿਵਾਲਿਕ ਸ਼ਿਪ' 'ਚ ਤਾਇਨਾਤ ਹਨ। ਬੀਤੀ 26 ਫਰਵਰੀ ਨੂੰ ਉਹ ਕਤਰ ਪਹੁੰਚੇ ਸਨ, ਜਿੱਥੇ ਉਨ੍ਹਾਂ ਦੇ ਜਹਾਜ਼ 'ਤੇ 28 ਫਰਵਰੀ ਨੂੰ ਕਰੀਬ 46 ਹਜ਼ਾਰ ਮੀਟ੍ਰਿਕ ਟਨ ਐਲਪੀਜੀ ਗੈਸ ਲੋਡ ਕੀਤੀ ਗਈ ਸੀ। ਇਸੇ ਦੌਰਾਨ ਈਰਾਨ ਅਤੇ ਇਜ਼ਰਾਈਲ ਦੀ ਜੰਗ ਸ਼ੁਰੂ ਹੋ ਗਈ।
Publish Date: Tue, 17 Mar 2026 09:58 AM (IST)
Updated Date: Tue, 17 Mar 2026 10:03 AM (IST)
ਸੰਵਾਦ ਸੂਤਰ, ਆਦਮਪੁਰ (ਜਲੰਧਰ) : ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਛਿੜੀ ਜੰਗ ਕਾਰਨ ਹੋਰਮੁਜ਼ ਸਟ੍ਰੇਟ 'ਚ ਫਸਿਆ ਹਜ਼ਾਰਾਂ ਟਨ ਐਲਪੀਜੀ (LPG) ਨਾਲ ਭਰਿਆ ਜਹਾਜ਼ 'ਸ਼ਿਵਾਲਿਕ' ਭਾਰਤ ਪਹੁੰਚ ਗਿਆ ਹੈ। ਇਸ ਜਹਾਜ਼ ਦੇ ਕੈਪਟਨ ਸੁਖਮੀਤ ਸਿੰਘ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਦੇ ਰਹਿਣ ਵਾਲੇ ਹਨ।
ਹਜ਼ਾਰਾਂ ਟਨ ਐਲਪੀਜੀ ਲੈ ਕੇ ਜਹਾਜ਼ ਦਾ ਗੁਜਰਾਤ ਸਥਿਤ ਬੰਦਰਗਾਹ 'ਤੇ ਪਹੁੰਚਣਾ ਵੱਡੀ ਰਾਹਤ ਦੀ ਖ਼ਬਰ ਹੈ। ਆਦਮਪੁਰ ਲਈ ਵੀ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਇਸ ਜਹਾਜ਼ ਦੇ ਕੈਪਟਨ ਸੁਖਮੀਤ ਸਿੰਘ ਸਹੀ-ਸਲਾਮਤ ਹਨ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਹੈ।
ਕੈਪਟਨ ਸੁਖਮੀਤ ਸਿੰਘ ਦੇ ਪਿਤਾ ਰਿਟਾਇਰਡ ਕੈਪਟਨ ਗੁਰਮੀਤ ਸਿੰਘ, ਮਾਤਾ ਕੌਂਸਲਰ ਸੁਖਵਿੰਦਰ ਕੌਰ ਅਤੇ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਕੈਪਟਨ ਸੁਖਮੀਤ ਸਿੰਘ 'ਸ਼ਿਵਾਲਿਕ ਸ਼ਿਪ' 'ਚ ਤਾਇਨਾਤ ਹਨ। ਬੀਤੀ 26 ਫਰਵਰੀ ਨੂੰ ਉਹ ਕਤਰ ਪਹੁੰਚੇ ਸਨ, ਜਿੱਥੇ ਉਨ੍ਹਾਂ ਦੇ ਜਹਾਜ਼ 'ਤੇ 28 ਫਰਵਰੀ ਨੂੰ ਕਰੀਬ 46 ਹਜ਼ਾਰ ਮੀਟ੍ਰਿਕ ਟਨ ਐਲਪੀਜੀ ਗੈਸ ਲੋਡ ਕੀਤੀ ਗਈ ਸੀ। ਇਸੇ ਦੌਰਾਨ ਈਰਾਨ ਅਤੇ ਇਜ਼ਰਾਈਲ ਦੀ ਜੰਗ ਸ਼ੁਰੂ ਹੋ ਗਈ।
ਉਨ੍ਹਾਂ ਦੀ ਕੰਪਨੀ ਨੇ ਹੁਕਮ ਦਿੱਤਾ ਕਿ ਦੁਬਈ ਆ ਜਾਓ, ਉੱਥੇ ਪ੍ਰਬੰਧ ਕਰਵਾ ਦਿੰਦੇ ਹਾਂ, ਪਰ ਉਨ੍ਹਾਂ ਨੂੰ ਵਿਚਾਲੇ ਹੀ ਈਰਾਨ ਕੋਲ ਰੁਕਣਾ ਪਿਆ। ਇਸ ਦੀ ਸੂਚਨਾ ਕੈਪਟਨ ਨੇ ਕੰਪਨੀ ਰਾਹੀਂ ਭਾਰਤ ਸਰਕਾਰ ਨੂੰ ਦਿੱਤੀ। ਇਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਉਪਰਾਲੇ ਕੀਤੇ ਗਏ ਅਤੇ ਫਿਰ 14 ਮਾਰਚ ਨੂੰ ਈਰਾਨ ਨੇ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ।
ਪਰਿਵਾਰ ਨੇ ਦੱਸਿਆ ਕਿ ਚਿੰਤਾ ਕਾਰਨ ਉਨ੍ਹਾਂ ਨੇ ਸੁਖਮੀਤ ਨੂੰ ਕੰਮ ਛੱਡਣ ਦੀ ਗੱਲ ਵੀ ਕਹੀ ਸੀ, ਪਰ ਕੈਪਟਨ ਸੁਖਮੀਤ ਨੇ ਸਾਫ਼ ਜਵਾਬ ਦਿੱਤਾ ਕਿ ਉਹ ਆਪਣੇ ਜਹਾਜ਼ ਦੇ ਨਾਲ ਹੀ ਰਹਿਣਗੇ ਤੇ ਇਸ ਨੂੰ ਭਾਰਤ ਪਹੁੰਚਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਪਰਿਵਾਰ ਨੂੰ ਖ਼ੁਸ਼ੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਂਦੇ ਹੋਏ ਜਲਦ ਆਪਣੇ ਘਰ ਪਰਤਣਗੇ।