PM Modi ਦਾ 1 ਫਰਵਰੀ ਨੂੰ ਜਲੰਧਰ ਆਉਣਾ ਤੈਅ, BJP ਨੇ ਕਿਹਾ- 2 ਫਰਵਰੀ ਦੀਆਂ ਖਬਰਾਂ ਭਰਮਾਊ; ਸਿਰਸਾ ਨੇ ਵੀ ਦਿੱਤਾ ਸਪੱਸ਼ਟੀਕਰਨ
PM Modi ਇਕ ਫਰਵਰੀ ਨੂੰ ਹੀ ਪੰਜਾਬ ਦੌਰੇ 'ਤੇ ਆ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 2 ਫਰਵਰੀ ਨੂੰ ਲੈ ਕੇ ਚੱਲ ਰਹੀਆਂ ਖ਼ਬਰਾਂ ਭਰਮਾਊ ਹਨ ਤੇ ਪ੍ਰੋਗਰਾਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
Publish Date: Fri, 30 Jan 2026 02:44 PM (IST)
Updated Date: Fri, 30 Jan 2026 03:26 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੈਅ ਪ੍ਰੋਗਰਾਮ ਅਨੁਸਾਰ 1 ਫਰਵਰੀ ਨੂੰ ਜਲੰਧਰ 'ਚ ਡੇਰਾ ਬੱਲਾਂ ਆਉਣਗੇ। ਇਸ ਸੂਚਨਾ ਨੂੰ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨੇ ਵੀ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ 1 ਫਰਵਰੀ ਨੂੰ ਹੀ ਪੰਜਾਬ ਦੌਰੇ 'ਤੇ ਆ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 2 ਫਰਵਰੀ ਨੂੰ ਲੈ ਕੇ ਚੱਲ ਰਹੀਆਂ ਖ਼ਬਰਾਂ ਭਰਮਾਊ ਹਨ ਤੇ ਪ੍ਰੋਗਰਾਮ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਸਿਰਸਾ ਨੂੰ ਜਾਰੀ ਕਰਨ ਪਿਆ ਸਪੱਸ਼ਟੀਕਰਨ
ਇਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦੇ ਦਫ਼ਤਰ ਵੱਲੋਂ ਮੀਡੀਆ ਨੂੰ ਸਪੱਸ਼ਟੀਕਰਨ ਜਾਰੀ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ 1 ਫਰਵਰੀ ਨੂੰ ਹੀ ਫਾਈਨਲ ਹੈ ਅਤੇ ਪਹਿਲਾਂ ਤਾਰੀਖ ਦੱਸਣ 'ਚ ਅਣਜਾਣੇ ਵਿੱਚ ਚੂਕ ਹੋ ਗਈ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਦੌਰੇ ਦੌਰਾਨ ਡੇਰਾ ਸੱਚਖੰਡ ਬੱਲਾਂ ਜਾਣਗੇ, ਜਿੱਥੇ ਉਹ ਸੰਤ ਨਿਰੰਜਨ ਦਾਸ ਜੀ ਤੋਂ ਅਸ਼ੀਰਵਾਦ ਲੈਣਗੇ। ਇਸ ਦੇ ਨਾਲ ਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਇਸ ਮੌਕੇ 'ਤੇ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਦਾ ਵਰਚੁਅਲ ਉਦਘਾਟਨ ਵੀ ਕਰ ਸਕਦੇ ਹਨ। ਭਾਜਪਾ ਆਗੂਆਂ ਦੇ ਤਾਜ਼ਾ ਬਿਆਨਾਂ ਤੋਂ ਬਾਅਦ ਹੁਣ ਦੌਰੇ ਦੀ ਤਾਰੀਖ ਨੂੰ ਲੈ ਕੇ ਸਥਿਤੀ ਸਾਫ਼ ਮੰਨੀ ਜਾ ਰਹੀ ਹੈ।