ਫਿਲੌਰ: ਨੈਸ਼ਨਲ ਹਾਈਵੇਅ 'ਤੇ ਵਾਪਰਿਆ ਦਿਲ ਕੰਬਾਊ ਹਾਦਸਾ, ਬਿਜਲੀ ਦਾ ਕਰੰਟ ਲੱਗਣ ਨਾਲ ਮਕੈਨਿਕ ਬੁਰੀ ਤਰ੍ਹਾਂ ਝੁਲਸਿਆ
ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ ਟਿੱਪਰ ਮਾਲਕ ਆਪਣੇ ਵਾਹਨ ਦੀਆਂ ਕਮਾਣੀਆਂ ਠੀਕ ਕਰਵਾਉਣ ਲਈ ਸੜਕ ਕਿਨਾਰੇ ਸਥਿਤ ਇੱਕ ਵਰਕਸ਼ਾਪ 'ਤੇ ਆਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦੇ ਉੱਪਰੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਸਨ।
Publish Date: Sun, 12 Apr 2026 12:37 PM (IST)
Updated Date: Sun, 12 Apr 2026 12:40 PM (IST)
ਅਜੇ ਸਿੰਘ ਨਾਗੀ, ਫਿਲੌਰ : ਨਜ਼ਦੀਕੀ ਪਿੰਡ ਰਾਮਗੜ੍ਹ ਵਿਖੇ ਨੈਸ਼ਨਲ ਹਾਈਵੇਅ 'ਤੇ ਇੱਕ ਦਿਲ ਦਹਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿੱਥੇ ਬਿਜਲੀ ਦਾ ਕਰੰਟ ਲੱਗਣ ਕਾਰਨ ਇੱਕ ਮਕੈਨਿਕ ਬੁਰੀ ਤਰ੍ਹਾਂ ਝੁਲਸ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ, ਇੱਕ ਟਿੱਪਰ ਮਾਲਕ ਆਪਣੇ ਵਾਹਨ ਦੀਆਂ ਕਮਾਣੀਆਂ ਠੀਕ ਕਰਵਾਉਣ ਲਈ ਸੜਕ ਕਿਨਾਰੇ ਸਥਿਤ ਇੱਕ ਵਰਕਸ਼ਾਪ 'ਤੇ ਆਇਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਦੁਕਾਨ ਦੇ ਉੱਪਰੋਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਸਨ। ਕੰਮ ਦੌਰਾਨ ਜਦੋਂ ਡਰਾਈਵਰ ਵੱਲੋਂ ਟਿੱਪਰ ਦਾ ਟਰਾਲਾ ਉੱਪਰ ਚੁੱਕਿਆ ਗਿਆ, ਤਾਂ ਉਹ ਸਿੱਧਾ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਨਾਲ ਜਾ ਟਕਰਾਇਆ। ਇਸ ਕਾਰਨ ਟਿੱਪਰ ਦੇ ਹੇਠਾਂ ਕੰਮ ਕਰ ਰਹੇ ਮਕੈਨਿਕ ਨੂੰ ਜ਼ੋਰਦਾਰ ਕਰੰਟ ਲੱਗ ਗਿਆ।
ਕਰੰਟ ਇੰਨਾ ਜ਼ਬਰਦਸਤ ਸੀ ਕਿ ਮਕੈਨਿਕ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਦੇ ਨਾਲ ਹੀ ਬਿਜਲੀ ਦੀਆਂ ਤਾਰਾਂ ਵਿੱਚ ਹੋਏ ਸ਼ਾਰਟ ਸਰਕਟ ਕਾਰਨ ਨੇੜਲੀਆਂ ਕਈ ਦੁਕਾਨਾਂ ਦੇ ਬਿਜਲੀ ਮੀਟਰ ਵੀ ਧਮਾਕੇ ਨਾਲ ਉੱਡ ਗਏ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜ਼ਖ਼ਮੀ ਮਕੈਨਿਕ ਦੀ ਪਛਾਣ ਅਮਰੀਕ ਸਿੰਘ ਵਾਸੀ ਲਸਾੜਾ ਵਜੋਂ ਹੋਈ ਹੈ। ਉਸਨੂੰ ਤੁਰੰਤ ਫਿਲੌਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਹੈ।