- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਪਿੱਛੇ ਪਹਿਲੀ ਵਜ੍ਹਾ ਇਹ ਹੈ ਕਿ ਜੇ ਸਕੂਲ ਮੁਖੀ ਆਪਣੇ ਹੋਣਹਾਰਾਂ ਨੂੰ ਐੱਸਓਈ ’ਚ ਭੇਜ ਦੇਣਗੇ ਤਾਂ ਉਨ੍ਹਾਂ ਦੇ ਸਕੂਲ ਦਾ ਨਤੀਜਾ ਵਧੀਆ ਨਹੀਂ ਆਉਂਦਾ ਪਰ ਵਿਭਾਗ ਨੇ ਇਸ ਨੂੰ ਮੁੱਖ ਕਾਰਨ ਮੰਨ ਕੇ ਐੱਸਓਈ ਸਕੂਲਾਂ ਦੀਆਂ ਖਾਲੀ ਪਈਆਂ ਸੀਟਾਂ ਨੂੰ ਤੁਰੰਤ ਭਰਨ ਲਈ ਹੁਕਮ ਜਾਰੀ ਕੀਤੇ ਹਨ।

ਅੰਕਿਤ ਸ਼ਰਮਾ, ਜਾਗਰਣ, ਜਲੰਧਰ : ਜ਼ਿਲ੍ਹੇ ’ਚ ਨੌਂ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ (ਐੱਸਓਈ) ਦਾ ਦਰਜਾ ਮਿਲਿਆ ਹੋਇਆ ਹੈ। ਇਸ ਦੇ ਬਾਵਜੂਦ, ਇਨ੍ਹਾਂ ਸਕੂਲਾਂ ’ਚ ਨੌਵੀਂ ਤੇ 11ਵੀਂ ਕਲਾਸ ’ਚ 50 ਫੀਸਦ ਤੱਕ ਦੀਆਂ ਸੀਟਾਂ ਖਾਲੀ ਪਈਆਂ ਹਨ। ਇਨ੍ਹਾਂ ਨੂੰ ਭਰਨ ਲਈ ਹੁਣ ਵਿਭਾਗ ਨੇ ਸਖਤ ਰਵੱਈਆ ਅਪਣਾਉਣ ਦਾ ਫੈਸਲਾ ਕੀਤਾ ਹੈ, ਕਿਉਂਕਿ ਵਿਦਿਆਰਥੀਆਂ ਵੱਲੋਂ ਦਾਖਲਾ ਪ੍ਰੀਖਿਆ ਤਾਂ ਦਿੱਤੀ ਜਾਂਦੀ ਹੈ ਪਰ ਉਹ ਐੱਸਓਈ ’ਚ ਨਹੀਂ ਆਉਂਦੇ। ਕਾਰਨ ਲੱਭਣ ’ਤੇ ਪਤਾ ਲੱਗਾ ਕਿ ਸਕੂਲ ਮੁਖੀਆਂ ਵੱਲੋਂ ਆਪੋ-ਆਪਣੇ ਸਕੂਲਾਂ ਦੇ ਹੋਣਹਾਰਾਂ ਨੂੰ ਨਹੀਂ ਭੇਜਿਆ ਜਾ ਰਿਹਾ। ਇਸ ਪਿੱਛੇ ਪਹਿਲੀ ਵਜ੍ਹਾ ਇਹ ਹੈ ਕਿ ਜੇ ਸਕੂਲ ਮੁਖੀ ਆਪਣੇ ਹੋਣਹਾਰਾਂ ਨੂੰ ਐੱਸਓਈ ’ਚ ਭੇਜ ਦੇਣਗੇ ਤਾਂ ਉਨ੍ਹਾਂ ਦੇ ਸਕੂਲ ਦਾ ਨਤੀਜਾ ਵਧੀਆ ਨਹੀਂ ਆਉਂਦਾ ਪਰ ਵਿਭਾਗ ਨੇ ਇਸ ਨੂੰ ਮੁੱਖ ਕਾਰਨ ਮੰਨ ਕੇ ਐੱਸਓਈ ਸਕੂਲਾਂ ਦੀਆਂ ਖਾਲੀ ਪਈਆਂ ਸੀਟਾਂ ਨੂੰ ਤੁਰੰਤ ਭਰਨ ਲਈ ਹੁਕਮ ਜਾਰੀ ਕੀਤੇ ਹਨ। ਇਸ ਨਾਲ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵੀ ਸਾਫ ਸੂਚਨਾ ਦਿੱਤੀ ਗਈ ਹੈ ਕਿ ਉਹ ਵੀ ਸੀਟਾਂ ਦੇ ਖਾਲੀ ਰਹਿਣ ਦੇ ਕਾਰਨ ਵੇਖਣ। ਜੇ ਕਿਸੇ ਸਕੂਲ ਮੁਖੀ ਜਾਂ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਐੱਸਓਈ ’ਚ ਜਾਣ ਤੋਂ ਰੋਕਿਆ ਗਿਆ ਤਾਂ ਇਹ ਬਹੁਤ ਵੱਡੀ ਲਾਪਰਵਾਹੀ ਮੰਨੀ ਜਾਵੇਗੀ ਤੇ ਵਿਭਾਗ ਦੇ ਹੁਕਮਾਂ ਦੀ ਉਲੰਘਣਾ ਮੰਨਿਆ ਜਾਵੇਗਾ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰਨਗੇ। ਹੁਕਮਾਂ ’ਚ ਇਹ ਵੀ ਸਾਫ ਕੀਤਾ ਗਿਆ ਹੈ ਕਿ 12 ਜੂਨ ਤੱਕ ਖਾਲੀ ਸੀਟਾਂ ਭਰਨ, ਜੇ ਫਿਰ ਵੀ ਖਾਲੀ ਰਹਿੰਦੀਆਂ ਹਨ ਤਾਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨਾਲ ਸੀਟਾਂ ਭਰਣ ਲਈ ਆਖ਼ਰੀ ਤਰੀਕ 15 ਜੂਨ ਹੈ। ਐੱਸਓਈ ਤੱਕ ਦਾ ਫਾਸਲਾ 10 ਕਿੱਲੋਮੀਟਰ ਤੋਂ ਵੀ ਜ਼ਿਆਦਾ ਸਕੂਲ ਆਫ ਐਮੀਨੈਂਸ ’ਚ ਸੀਟਾਂ ਖਾਲੀ ਰਹਿਣ ਦਾ ਦੂਜਾ ਮਹੱਤਵਪੂਰਨ ਕਾਰਨ ਇਹ ਹੈ ਕਿ ਵਿਦਿਆਰਥੀਆਂ ਦੇ ਸਕੂਲ ਜਿੱਥੇ ਉਹ ਪਹਿਲਾਂ ਤੋਂ ਪੜ੍ਹਦੇ ਆ ਰਹੇ ਹਨ, ਉਹ ਘਰ ਨੇੜੇ ਹਨ। ਜਿੱਥੇ ਮਾਪੇ ਜਾਂ ਵਿਦਿਆਰਥੀ ਖ਼ੁਦ ਹੀ ਪੈਦਲ ਆ ਜਾ ਸਕਦੇ ਹਨ ਪਰ ਸਕੂਲ ਆਫ ਐਮੀਨੈਂਸ ਦਾ ਫਾਸਲਾ ਉਨ੍ਹਾਂ ਦੇ ਘਰ ਤੋਂ ਅੱਠ ਤੋਂ ਦਸ ਜਾਂ ਇਸ ਤੋਂ ਵੱਧ ਕਿੱਲੋਮੀਟਰ ਤੱਕ ਬਣ ਰਿਹਾ ਹੈ। ਅਜਿਹੇ ਹਾਲਾਤ ’ਚ ਮਾਪੇ ਵੀ ਬੱਚਿਆਂ ਨੂੰ ਇੰਨੀ ਦੂਰ ਭੇਜਣ ਲਈ ਤਿਆਰ ਨਹੀਂ ਹਨ। ਪਤਾਰਾ ਪਿੰਡ ਦੀ ਮਨਜੀਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਸਕੂਲ ਆਫ ਐਮੀਨੈਂਸ ’ਚ ਦਾਖਲੇ ਲਈ ਅਧਿਆਪਕਾਂ ਦੇ ਕਹਿਣ 'ਤੇ ਪ੍ਰੀਖਿਆ ਦਿਵਾਈ ਸੀ, ਜਿਸ ਵਿਚ ਉਹ ਪਾਸ ਹੋ ਗਿਆ ਹੈ ਪਰ ਜਦੋਂ ਪਤਾ ਲੱਗਾ ਕਿ ਉਹ ਸਕੂਲ ਉਨ੍ਹਾਂ ਦੇ ਘਰ ਤੋਂ ਲਗਪਗ 10 ਕਿੱਲੋਮੀਟਰ ਦੀ ਦੂਰੀ 'ਤੇ ਹੈ ਤਾਂ ਉਨ੍ਹਾਂ ਨੇ ਉਥੇ ਭੇਜਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਸ ਦਾ ਦਾਖਲਾ ਨੇੜਲੇ ਸਕੂਲ ਵਿਚ ਕਰਵਾਇਆ ਗਿਆ।
ਮੈਰੀਟੋਰੀਅਸ ਸਕੂਲਾਂ ਨੂੰ ਤਰਜੀਹ
ਸਕੂਲ ਆਫ ਐਮੀਨੈਂਸ ’ਚ ਆਮ ਸਕੂਲਾਂ ਦੇ ਮੁਕਾਬਲੇ ਕੋਈ ਖਾਸ ਪ੍ਰਬੰਧ ਨਹੀਂ ਹਨ। ਬਿਲਡਿੰਗ ਤੋਂ ਲੈ ਕੇ ਪੜ੍ਹਾਈ ਤੇ ਫੀਸਾਂ ਤੱਕ ਇਕੋ ਜਿਹੀਆਂ ਹਨ। ਹਾਲਾਂਕਿ ਇੱਥੇ ਖੇਡ ਮੈਦਾਨ, ਕੋਚਿੰਗ ਆਦਿ ਦੇ ਨਾਲ-ਨਾਲ ਕਈ ਕਿਸਮ ਦੀਆਂ ਸੁਵਿਧਾਵਾਂ ਦੇਣ ਦੇ ਵਾਅਦੇ ਕੀਤੇ ਗਏ ਸਨ ਪਰ ਜੋ ਅਜੇ ਤੱਕ ਪੂਰੇ ਨਹੀਂ ਹੋ ਸਕੇ ਹਨ। ਅਜਿਹੇ ’ਚ ਮੈਰੀਟੋਰੀਅਸ ਸਕੂਲਾਂ ’ਚ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਹੈ ਤੇ ਉਥੇ ਰਹਿਣ, ਖਾਣ-ਪੀਣ ਦੇ ਨਾਲ-ਨਾਲ ਕੋਚਿੰਗ ਤੱਕ ਦੀਆਂ ਸਾਰੀਆਂ ਸੁਵਿਧਾਵਾਂ ਮਿਲ ਰਹੀਆਂ ਹਨ। ਇਹੀ ਕਾਰਨ ਹੈ ਕਿ ਵਿਦਿਆਰਥੀਆਂ ਦੇ ਨਾਲ-ਨਾਲ ਮਾਪਿਆਂ ਵੱਲੋਂ ਮੈਰੀਟੋਰੀਅਸ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ।
ਮੈਪਿੰਗ ’ਚ ਫਾਸਲਾ ਬਹੁਤ ਵੱਡਾ
ਜਲੰਧਰ ਜ਼ਿਲ੍ਹੇ ਦੇ ਨੌਂ ਬਲਾਕਾਂ ਵਿਚ ਹੀ ਇਕ-ਇਕ ਸਕੂਲ ਖੋਲ੍ਹਿਆ ਗਿਆ ਹੈ। ਅਜਿਹੇ ਵਿਚ ਹਰ ਸਕੂਲ ਨੂੰ ਕਿਸੇ ਨਾ ਕਿਸੇ ਸਕੂਲ ਨਾਲ ਜੋੜਿਆ ਗਿਆ ਹੈ ਪਰ ਇਸ ਨੂੰ ਲੈ ਕੇ ਕੀਤੀ ਗਈ ਮੈਪਿੰਗ ਬਹੁਤ ਗਲਤ ਹੋਈ ਹੈ, ਕਿਉਂਕਿ ਇਸ ’ਚ 10 ਜਾਂ ਇਸ ਤੋਂ ਵੱਧ ਕਿੱਲੋਮੀਟਰ ਤੱਕ ਦਾ ਵੀ ਫਾਸਲਾ ਵਿਦਿਆਰਥੀਆਂ ਦੇ ਘਰ ਤੋਂ ਵੱਧ ਗਿਆ ਹੈ। ਜੇ ਗੱਲ ਕੀਤੀ ਜਾਵੇ ਸਕੂਲ ਆਫ ਐਮੀਨੈਂਸ ਲਾਡੋਵਾਲੀ ਰੋਡ ਦੀ ਤਾਂ ਇਸ ਵਿਚ ਆਸ-ਪਾਸ ਦੇ ਖੇਤਰ ਦੇ ਨਾਲ-ਨਾਲ ਜੰਡੂਸਿੰਘਾ, ਪਤਾਰਾ ਪਿੰਡ, ਹਜ਼ਾਰਾ ਆਦਿ ਦੇ ਇਲਾਕੇ ਨੂੰ ਜੋੜ ਕੇ ਮੈਪਿੰਗ ਕੀਤੀ ਗਈ ਹੈ। ਇਹ ਹੀ ਨਹੀਂ, ਭੋਗਪੁਰ ਸਕੂਲ ’ਚ ਆਸ-ਪਾਸ ਦੇ ਇਲਾਕਿਆਂ ਤੇ ਪਿੰਡਾਂ ਦੇ ਹੀ ਨਹੀਂ, ਸਗੋਂ ਟਾਂਡਾ ਤੱਕ ਦੇ ਸਕੂਲਾਂ ਨੂੰ ਵੀ ਜੋੜਿਆ ਗਿਆ ਹੈ। ਭੋਗਪੁਰ ਸਕੂਲ ਤੋਂ ਟਾਂਡਾ ਦੀ ਦੂਰੀ ਹੀ ਲਗਪਗ 18 ਕਿੱਲੋਮੀਟਰ ਹੈ। ਅਜਿਹੇ ’ਚ ਉਥੇ ਰਹਿਣ ਵਾਲੇ ਵਿਦਿਆਰਥੀਆਂ ਲਈ ਸਕੂਲ ਇਸ ਤੋਂ ਵੀ ਜ਼ਿਆਦਾ ਦੂਜੀ ’ਤੇ ਹਨ। ਇੱਥੇ-ਇੱਥੇ ਹਨ ਜ਼ਿਲ੍ਹੇ ਦੇ ਨੌਂ ਐੱਸਓਈ ਸਕੂਲ ਆਫ ਐਮੀਨੈਂਸ ਲਾਡੋਵਾਲੀ ਰੋਡ, ਮਾਡਲ ਟਾਊਨ, ਭਾਰਗੋ ਨਗਰ, ਮਕਸੂਦਾਂ, ਕਰਤਾਰਪੁਰ, ਬਾਜਵਾ ਕਲਾਂ, ਆਦਮਪੁਰ, ਫਿਲੌਰ, ਨਕੋਦਰ।