ਜਲੰਧਰ-ਪਠਾਨਕੋਟ ਹਾਈਵੇਅ 'ਤੇ ਦਰਦਨਾਕ ਹਾਦਸਾ, ਅਣਪਛਾਤੇ ਵਾਹਨ ਦੀ ਟੱਕਰ ਨਾਲ ਪਰਵਾਸੀ ਨੌਜਵਾਨ ਦੀ ਮੌਕੇ 'ਤੇ ਮੌਤ
ਸੜਕ ਸੁਰੱਖਿਆ ਫੋਰਸ (SSF) ਦੇ ਇੰਚਾਰਜ ਏ.ਐੱਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 7:48 ਵਜੇ ਉਨ੍ਹਾਂ ਨੂੰ ਐੱਮ.ਡੀ.ਟੀ. ਡਿਵਾਈਸ ਰਾਹੀਂ ਹਾਦਸੇ ਦੀ ਸੂਚਨਾ ਮਿਲੀ ਸੀ।
Publish Date: Sun, 12 Apr 2026 12:04 PM (IST)
Updated Date: Sun, 12 Apr 2026 12:11 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ: ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਸਥਿਤ ਅੱਡਾ ਬਿਆਸ ਪਿੰਡ ਵਿਖੇ ਦੇਰ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਪੈਦਲ ਜਾ ਰਹੇ ਪ੍ਰਵਾਸੀ ਵਿਅਕਤੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸੜਕ ਸੁਰੱਖਿਆ ਫੋਰਸ (SSF) ਦੇ ਇੰਚਾਰਜ ਏ.ਐੱਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 7:48 ਵਜੇ ਉਨ੍ਹਾਂ ਨੂੰ ਐੱਮ.ਡੀ.ਟੀ. ਡਿਵਾਈਸ ਰਾਹੀਂ ਹਾਦਸੇ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਐੱਸ.ਐੱਸ.ਐੱਫ. ਦੀ ਟੀਮ ਮੌਕੇ 'ਤੇ ਪਹੁੰਚੀ। ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਦੀ ਪਛਾਣ ਰਵੀ ਸੈਣੀ ਪੁੱਤਰ ਮੋਹਨ ਸੈਣੀ, ਵਾਸੀ ਮੁਜ਼ੱਫਰਪੁਰ (ਬਿਹਾਰ) ਵਜੋਂ ਹੋਈ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰਵੀ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦਕਿ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਪੁਲਿਸ ਕਾਰਵਾਈ
ਐੱਸ.ਐੱਸ.ਐੱਫ. ਦੀ ਟੀਮ ਨੇ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਅਗਲੇਰੀ ਜਾਂਚ ਲਈ ਪੁਲਿਸ ਚੌਂਕੀ ਅਲਾਵਲਪੁਰ ਦੇ ਇੰਚਾਰਜ ਐੱਸ.ਆਈ. ਰਵਿੰਦਰ ਸਿੰਘ ਦੇ ਹਵਾਲੇ ਕਰ ਦਿੱਤਾ ਹੈ। ਤਲਾਸ਼ੀ ਦੌਰਾਨ ਮ੍ਰਿਤਕ ਦੀ ਜੇਬ ਵਿੱਚੋਂ 2900 ਰੁਪਏ ਨਕਦ ਬਰਾਮਦ ਹੋਏ, ਜੋ ਕਿ ਪੁਲਿਸ ਚੌਂਕੀ ਅਲਾਵਲਪੁਰ ਦੇ ਐਸਆਈ ਰਵਿੰਦਰ ਸਿੰਘ ਦੇ ਹਵਾਲੇ ਕੀਤੇ ਗਏ।
ਅਲਾਵਲਪੁਰ ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਫ਼ਰਾਰ ਵਾਹਨ ਦੀ ਪਛਾਣ ਕੀਤੀ ਜਾ ਸਕੇ। ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਕੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।