ਹੱਤਿਆ ਦੇ ਮਾਮਲੇ 'ਚ ਜਲੰਧਰ ਦੇ ਪਤੀ-ਪਤਨੀ ਨੂੰ ਉਮਰ ਕੈਦ, 2021 'ਚ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਦੇ ਮਾਮਲੇ ’ਚ ਸੁਣਾਇਆ ਫ਼ੈਸਲਾ
ਇਹ ਮਾਮਲਾ 19 ਜੂਨ 2021 ਦਾ ਹੈ, ਜਦੋਂ ਅਨਿਲ ਕੁਮਾਰ ਦੀ ਸ਼ਿਕਾਇਤ 'ਤੇ ਉਸ ਦੇ ਭਰਾ ਸ਼ਿਵਾ (ਰਣਜੀਤ ਸਿੰਘ) ਦੀ ਬੇਰਹਿਮੀ ਨਾਲ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ। ਦੋਸ਼ ਸੀ ਕਿ ਗੁਆਂਢੀ ਨੇ ਡੰਡਿਆਂ, ਰਾਡ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਤੌਰ 'ਤੇ ਜ਼ਖ਼ਮੀ ਕਰ ਦਿੱਤਾ ਸੀ।
Publish Date: Fri, 24 Apr 2026 09:44 AM (IST)
Updated Date: Fri, 24 Apr 2026 09:47 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀ ਛੋਕਰਾ ਦੀ ਅਦਾਲਤ ਨੇ ਬਹੁਚਰਚਿਤ ਹੱਤਿਆ ਮਾਮਲੇ ’ਚ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸੋਹਨ ਲਾਲ ਪੁੱਤਰ ਰਾਮ ਲੁਭਾਇਆ ਤੇ ਉਸ ਦੀ ਪਤਨੀ ਰਜਿੰਦਰ ਕੌਰ, ਜੋ ਪਿੰਡ ਮਹੇੜੂ, ਥਾਣਾ ਮਹਿਤਪੁਰ ਦੀ ਵਾਸੀ ਹਨ, ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਦੋਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਤੇ ਉਨ੍ਹਾਂ 'ਤੇ ਇਕ ਲੱਖ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਜੁਰਮਾਨਾ ਨਾ ਦੇਣ ਦੀ ਸਥਿਤੀ ਵਿਚ ਇਕ ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।
ਇਹ ਮਾਮਲਾ 19 ਜੂਨ 2021 ਦਾ ਹੈ, ਜਦੋਂ ਅਨਿਲ ਕੁਮਾਰ ਦੀ ਸ਼ਿਕਾਇਤ 'ਤੇ ਉਸ ਦੇ ਭਰਾ ਸ਼ਿਵਾ (ਰਣਜੀਤ ਸਿੰਘ) ਦੀ ਬੇਰਹਿਮੀ ਨਾਲ ਹੱਤਿਆ ਦਾ ਕੇਸ ਦਰਜ ਕੀਤਾ ਗਿਆ ਸੀ। ਦੋਸ਼ ਸੀ ਕਿ ਗੁਆਂਢੀ ਨੇ ਡੰਡਿਆਂ, ਰਾਡ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਤੌਰ 'ਤੇ ਜ਼ਖ਼ਮੀ ਕਰ ਦਿੱਤਾ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਅਦਾਲਤ ਨੇ ਇਸ ਮਾਮਲੇ ਵਿਚ ਸਬੂਤਾਂ ਦੇ ਆਧਾਰ 'ਤੇ ਸੋਹਨ ਲਾਲ ਤੇ ਰਜਿੰਦਰ ਕੌਰ ਨੂੰ ਦੋਸ਼ੀ ਮੰਨਿਆ, ਜਦਕਿ ਸਬੂਤਾਂ ਦੀ ਕਮੀ ਕਾਰਨ ਰਾਮ ਲੁਭਾਇਆ ਤੇ ਬੂਟਾ ਸ਼ਾਹ ਨੂੰ ਬਰੀ ਕਰ ਦਿੱਤਾ ਗਿਆ। ਨਾਲ ਹੀ, ਇਕ ਹੋਰ ਮੁਲਜ਼ਮ ਜਸਪਾਲ ਸਿੰਘ ਹਾਲੇ ਵੀ ਫਰਾਰ ਹੈ, ਜਿਸ ਦੀ ਭਾਲ ਜਾਰੀ ਹੈ।
ਸ਼ਿਕਾਇਤਕਰਤਾ ਅਨਿਲ ਕੁਮਾਰ ਨੇ ਦੱਸਿਆ ਕਿ 18 ਜੂਨ 2021 ਦੀ ਰਾਤ ਕਰੀਬ 11:45 ਵਜੇ ਮੁਲਜ਼ਮ ਨੇ ਉਸ ਦੇ ਭਰਾ ਸ਼ਿਵਾ ਨੂੰ ਆਪਣੇ ਘਰ ਵਿਚ ਬੁਲਾ ਕੇ ਹਮਲਾ ਕੀਤਾ। ਰੌਲਾ ਸੁਣ ਕੇ ਜਦੋਂ ਉਹ ਤੇ ਉਸ ਦੀ ਮਾਂ ਮੌਕੇ 'ਤੇ ਪੁੱਜੇ ਤਾਂ ਵੇਖਿਆ ਕਿ ਕਈ ਲੋਕ ਮਿਲ ਕੇ ਸ਼ਿਵਾ ਦੀ ਬੇਰਹਮੀ ਨਾਲ ਕੁੱਟਮਾਰ ਕਰ ਰਹੇ ਸਨ। ਦੋਸ਼ੀਆਂ ਦੇ ਹੱਥਾਂ ਵਿਚ ਡੰਡੇ, ਲੋਹੇ ਦੀ ਰਾਡ ਅਤੇ ਤੇਜ਼ਧਾਰ ਹਥਿਆਰ ਸਨ। ਗੰਭੀਰ ਤੌਰ 'ਤੇ ਜ਼ਖਮੀ ਸ਼ਿਵਾ ਨੂੰ ਪਹਿਲਾਂ ਸਿਵਲ ਹਸਪਤਾਲ ਮਹਿਤਪੁਰ, ਫਿਰ ਨਕੋਦਰ ਅਤੇ ਬਾਅਦ ਵਿਚ ਜਲੰਧਰ ਰੈਫਰ ਕੀਤਾ ਗਿਆ। ਹਾਲਤ ਖਰਾਬ ਹੋਣ 'ਤੇ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ 19 ਜੂਨ ਨੂੰ ਉਸ ਦੀ ਮੌਤ ਹੋ ਗਈ ਸੀ।