ਮਾਨਵ ਅਧਿਕਾਰ ਕਮਿਸ਼ਨ ਨੇ ਜਲੰਧਰ ਹੱਤਿਆਕਾਂਡ ਮਾਮਲੇ ਦਾ ਲਿਆ ਨੋਟਿਸ, ਪੁਲਿਸ ਤੋਂ ਮੰਗੀ ਰਿਪੋਰਟ
ਸ਼ਿਕਾਇਤਕਰਤਾ ਸਿਮਰਨਜੀਤ ਕੌਰ ਵੱਲੋਂ ਵਕੀਲ ਸਾਰਥਕ ਸ਼ਰਮਾ ਪੇਸ਼ ਹੋਏ। ਦੋਸ਼ ਸੀ ਕਿ 7 ਫਰਵਰੀ ਨੂੰ ਅਣਪਛਾਤੇ ਵਿਅਕਤੀਆਂ ਨੇ ਸਿਮਰਨਜੀਤ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਤੇ ਮਾਮਲੇ ਨੂੰ ਅੱਗੇ ਨਾ ਵਧਾਉਣ ਦੇ ਲਈ ਦਬਾਅ ਬਣਾਇਆ
Publish Date: Sat, 21 Feb 2026 10:38 AM (IST)
Updated Date: Sat, 21 Feb 2026 10:40 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਪੰਜਾਬ ਰਾਜ ਅਤੇ ਚੰਡੀਗੜ੍ਹ ਮਾਨਵ ਅਧਿਕਾਰ ਕਮਿਸ਼ਨ ਨੇ ਜਲੰਧਰ ਵਿਚ ਹੋਏ ਲੱਕੀ ਓਬਰਾਏ ਹੱਤਿਆਕਾਂਡ ਦਾ ਨੋਟਿਸ ਲਿਆ ਹੈ। ਇਹ ਕਾਰਵਾਈ ਜਲੰਧਰ ਲੱਕੀ ਓਬਰਾਏ ਦੀ ਪਤਨੀ ਦੀ ਸਿਮਰਨਜੀਤ ਕੌਰ 11 ਫਰਵਰੀ 2026 ਨੂੰ ਦਾਇਰ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ। ਸ਼ਿਕਾਇਤ ਵਿਚ ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਤੀ ਦੀ 6 ਫਰਵਰੀ 2026 ਨੂੰ ਇਕ ਸ਼ੂਟਰ ਨੇ ਹੱਤਿਆ ਕਰ ਦਿੱਤੀ ਜਿਸ ਨੂੰ ਉਨ੍ਹਾਂ ਦੇ ਨੌਕਰ ਸ਼ਿਮੰਦਰ ਸਿੰਘ ਤੇ ਹੋਰ ਵਿਅਕਤੀਆਂ ਨੇ ਅੰਜਾਮ ਦਿੱਤਾ।
ਇਸ ਸਬੰਧ ਵਿਚ ਥਾਣਾ ਡਿਵੀਜ਼ਨ 6, ਜਲੰਧਰ ਵਿਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਸਿਮਰਨਜੀਤ ਕੌਰ ਵੱਲੋਂ ਵਕੀਲ ਸਾਰਥਕ ਸ਼ਰਮਾ ਪੇਸ਼ ਹੋਏ। ਦੋਸ਼ ਸੀ ਕਿ 7 ਫਰਵਰੀ ਨੂੰ ਅਣਪਛਾਤੇ ਵਿਅਕਤੀਆਂ ਨੇ ਸਿਮਰਨਜੀਤ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਤੇ ਮਾਮਲੇ ਨੂੰ ਅੱਗੇ ਨਾ ਵਧਾਉਣ ਦੇ ਲਈ ਦਬਾਅ ਬਣਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਤੱਕ ਪੁਲਿਸ ਨੇ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਸ਼ਿਕਾਇਤ ਵਿਚ ਕੁਝ ਹੋਰ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਪੈਂਡਿੰਗ ਹੈ।
ਸਿਮਰਨਜੀਤ ਕੌਰ ਨੇ ਕਮਿਸ਼ਨ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਕਮਿਸ਼ਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਹੁਕਮ ਦਿੱਤਾ ਹੈ ਕਿ ਅਗਲੀ ਸੁਣਵਾਈ ਤੋਂ ਇਕ ਹਫ਼ਤਾ ਪਹਿਲਾਂ ਵਿਸਥਾਰਤ ਰਿਪੋਰਟ ਪੇਸ਼ ਕੀਤੀ ਜਾਵੇ। ਹੁਕਮ ਦੀ ਕਾਪੀ ਈ-ਮੇਲ ਅਤੇ ਡਾਕ ਰਾਹੀਂ ਸੰਬੰਧਿਤ ਅਧਿਕਾਰੀਆਂ ਨੂੰ ਭੇਜੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 27 ਮਾਰਚ 2026 ਨੂੰ ਨਿਰਧਾਰਿਤ ਕੀਤੀ ਗਈ ਹੈ।