Sad News : ਸਾਬਕਾ ਓਲੰਪੀਅਨ ਤੇ ਸੇਵਾਮੁਕਤ IG ਦਵਿੰਦਰ ਸਿੰਘ ਗਰਚਾ ਦਾ ਦੇਹਾਂਤ
ਗਰਚਾ 1980 ਦੀਆਂ ਸਮਰ ਓਲੰਪਿਕ ਗੇਮਜ਼ 'ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਸਨ ਜਿੱਥੇ ਉਨ੍ਹਾਂ ਨੇ 6 ਓਲੰਪਿਕ ਮੈਚਾਂ 'ਚ ਕੁੱਲ 8 ਗੋਲ ਕੀਤੇ ਸਨ ਅਤੇ 30 ਤੋਂ ਵੱਧ ਅੰਤਰਰਾਸ਼ਟਰੀ ਮੈਚਾਂ ਦੇ ਸਿਰਫ਼ 3 ਟੂਰਨਾਮੈਂਟਾਂ 'ਚ ਹੀ 19 ਗੋਲ ਕੀਤੇ ਸਨ। ਉਹ ਪ੍ਰਸਿੱਧ ਮੋਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਦੇ ਪ੍ਰਧਾਨ ਸਨ।
Publish Date: Sat, 10 Jan 2026 02:02 PM (IST)
Updated Date: Sat, 10 Jan 2026 03:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 1980 ਦੀਆਂ ਮਾਸਕੋ ਓਲੰਪਿਕ ਖੇਡਾਂ 'ਚ ਹਾਕੀ ਗੋਲਡ ਮੈਡਲ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰ ਓਲੰਪੀਅਨ ਦਵਿੰਦਰ ਸਿੰਘ ਗਰਚਾ ਦਾ ਦੇਹਾਂਤ ਹੋ ਗਿਆ। ਪੰਜਾਬ ਪੁਲਿਸ ਦੇ ਸੇਵਾਮੁਕਤ ਆਈਜੀ ਗਰਚਾ ਨੂੰ ਅੱਜ ਸਵੇਰੇ ਘਰ 'ਚ ਹਾਰਟ ਅਟੈਕ ਆ ਗਿਆ। ਪਤਾ ਲੱਗਿਆ ਹੈ ਕਿ ਹਫਤਾ ਪਹਿਲਾਂ ਹੀ ਉਨ੍ਹਾਂ ਦੇ ਦਿਲ ਵਿਚ ਸਟੰਟ ਪਏ ਸਨ ਤੇ ਠੀਕ ਸਨ ਪਰ ਅੱਜ ਸਵੇਰੇ ਅਚਾਨਕ ਵਿਛੋੜਾ ਦੇ ਗਏ। ਓਲੰਪੀਅਨ ਗਰਚਾ ਦੀ ਮੌਤ ਨਾਲ ਹਾਕੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਜ਼ਿਕਰਯੋਗ ਹੈ ਕਿ ਗਰਚਾ 1980 ਦੀਆਂ ਸਮਰ ਓਲੰਪਿਕ ਗੇਮਜ਼ 'ਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਸਨ ਜਿੱਥੇ ਉਨ੍ਹਾਂ ਨੇ 6 ਓਲੰਪਿਕ ਮੈਚਾਂ 'ਚ ਕੁੱਲ 8 ਗੋਲ ਕੀਤੇ ਸਨ ਅਤੇ 30 ਤੋਂ ਵੱਧ ਅੰਤਰਰਾਸ਼ਟਰੀ ਮੈਚਾਂ ਦੇ ਸਿਰਫ਼ 3 ਟੂਰਨਾਮੈਂਟਾਂ 'ਚ ਹੀ 19 ਗੋਲ ਕੀਤੇ ਸਨ। ਉਹ ਪ੍ਰਸਿੱਧ ਮੋਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਦੇ ਪ੍ਰਧਾਨ ਸਨ।
ਆਈ.ਪੀ.ਐੱਸ. ਅਧਿਕਾਰੀ ਸਨ ਗਰਚਾ
ਖੇਡ ਕਰੀਅਰ ਦੇ ਨਾਲ-ਨਾਲ ਦਵਿੰਦਰ ਸਿੰਘ ਗਰਚਾ ਦਾ ਪ੍ਰਸ਼ਾਸਨਿਕ ਜੀਵਨ ਵੀ ਓਨਾ ਹੀ ਪ੍ਰਭਾਵਸ਼ਾਲੀ ਰਿਹਾ। ਉਨ੍ਹਾਂ ਭਾਰਤੀ ਪੁਲਿਸ ਸੇਵਾ (IPS) 'ਚ ਸ਼ਲਾਘਾਯੋਗ ਯੋਗਦਾਨ ਪਾਇਆ ਤੇ ਉਹ ਆਪਣੇ ਇਮਾਨਦਾਰ ਅਕਸ ਤੇ ਸਖ਼ਤ ਕਾਰਜਸ਼ੈਲੀ ਲਈ ਜਾਣੇ ਜਾਂਦੇ ਸਨ। ਹਾਕੀ ਨਾਲ ਜੁੜੇ ਰਹਿਣ ਲਈ ਉਹ ਪ੍ਰਸਿੱਧ ਮੋਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਦੇ ਪ੍ਰਧਾਨ ਵਜੋਂ ਸਰਗਰਮ ਭੂਮਿਕਾ ਨਿਭਾਉਂਦੇ ਰਹੇ। ਉਨ੍ਹਾਂ ਦੀ ਅਗਵਾਈ ਹੇਠ ਇਹ ਟੂਰਨਾਮੈਂਟ ਨੌਜਵਾਨਾਂ 'ਚ ਹਾਕੀ ਪ੍ਰਤੀ ਉਤਸ਼ਾਹ ਪੈਦਾ ਕਰਨ ਦਾ ਇੱਕ ਵੱਡਾ ਮੰਚ ਬਣਿਆ।
ਹਾਕੀ ਖਿਡਾਰੀਆਂ 'ਚ ਸੋਗ ਦੀ ਲਹਿਰ
ਗਰਚਾ ਦੇ ਦੇਹਾਂਤ 'ਤੇ ਸੁਰਜੀਤ ਹਾਕੀ ਕਮੇਟੀ, ਕਈ ਓਲੰਪੀਅਨਾਂ ਤੇ ਅੰਤਰਰਾਸ਼ਟਰੀ ਖਿਡਾਰੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਦੇ ਯੋਗਦਾਨ ਨੂੰ ਭਾਰਤੀ ਹਾਕੀ ਦੇ ਸੁਨਹਿਰੀ ਯੁਗ ਦਾ ਹਿੱਸਾ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਕਮੀ ਲੰਬੇ ਸਮੇਂ ਤੱਕ ਮਹਿਸੂਸ ਕੀਤੀ ਜਾਵੇਗੀ। ਦਵਿੰਦਰ ਸਿੰਘ ਗਰਚਾ ਦੇ ਸਸਕਾਰ ਦੀ ਤਾਰੀਕ ਤੇ ਸਮਾਂ ਹਾਲੇ ਤੈਅ ਨਹੀਂ ਹੋਇਆ ਹੈ। ਪਰਿਵਾਰ ਅਨੁਸਾਰ, ਇਸ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਦੇ ਅਕਾਲ ਚਲਾਣੇ ਨੂੰ ਭਾਰਤੀ ਹਾਕੀ ਅਤੇ ਪੁਲਿਸ ਸੇਵਾ, ਦੋਵਾਂ ਲਈ ਇੱਕ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ।