ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਐਲਾਨ: ਡੇਰਾ ਸੱਚਖੰਡ ਬੱਲਾਂ ਨੇੜੇ 10 ਏਕੜ 'ਚ ਬਣੇਗਾ ‘ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ’
ਚੀਮਾ ਨੇ ਦੱਸਿਆ ਕਿ ਉਹ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਣ ਲਈ ਪਹੁੰਚੇ ਸਨ, ਜਿੱਥੇ ਉਨ੍ਹਾਂ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਡੇਰਾ ਸਚਖੰਡ ਬੰਲਾਂ ਨਾਲ ਲੱਗਦੇ ਦੋ ਪਿੰਡਾਂ ਫਰੀਦਪੁਰ ਤੇ ਨੌਗਜਾ ’ਚ 10 ਏਕੜ ਜ਼ਮੀਨ ਖ਼ਰੀਦੀ ਹੈ।
Publish Date: Sat, 21 Mar 2026 08:43 AM (IST)
Updated Date: Sat, 21 Mar 2026 08:45 AM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਸ਼ੁੱਕਰਵਾਰ ਦੁਪਹਿਰ ਡੇਰਾ ਸ੍ਰੀ ਸੱਚਖੰਡ ਬੱਲਾਂ ’ਚ ਮੱਥਾ ਟੇਕਣ ਲਈ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਸੰਤ ਨਿਰੰਜਨ ਦਾਸ ਜੀ ਨਾਲ ਮੁਲਾਕਾਤ ਕੀਤੀ। ਵਿੱਤ ਮੰਤਰੀ ਦੀ ਫੇਰੀ ਲਈ ਡੇਰੇ ਵਿਖੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਡੇਰੇ ਦੇ ਬਾਹਰ ਭਾਰੀ ਪੁਲਿਸ ਤਾਇਨਾਤ ਰਹੀ।
ਚੀਮਾ ਨੇ ਦੱਸਿਆ ਕਿ ਉਹ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਣ ਲਈ ਪਹੁੰਚੇ ਸਨ, ਜਿੱਥੇ ਉਨ੍ਹਾਂ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਡੇਰਾ ਸਚਖੰਡ ਬੰਲਾਂ ਨਾਲ ਲੱਗਦੇ ਦੋ ਪਿੰਡਾਂ ਫਰੀਦਪੁਰ ਤੇ ਨੌਗਜਾ ’ਚ 10 ਏਕੜ ਜ਼ਮੀਨ ਖ਼ਰੀਦੀ ਹੈ। ਉੱਥੇ ਸ੍ਰੀ ਗੁਰੂ ਰਵਿਦਾਸ ਵਾਣੀ ਅਧਿਐਨ ਕੇਂਦਰ ਬਣਾਇਆ ਜਾਵੇਗਾ, ਜਿੱਥੇ ਬਹੁਤ ਸਾਰੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨਗੇ ਅਤੇ ਲਗਭਗ 500 ਬੱਚੇ ਇਕ ਸਮੇਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਅਧਿਐਨ ਕਰਨਗੇ। ਫਿਰ ਬੱਚੇ ਉਨ੍ਹਾਂ ਸਿੱਖਿਆਵਾਂ ਨੂੰ ਦੁਨੀਆ ਭਰ ’ਚ ਫੈਲਾਉਣਗੇ। ਸ਼ੁਰੂ ’ਚ ਉਹ ਉੱਚ ਸਿੱਖਿਆ ਦੇ ਕੋਰਸ ਪੇਸ਼ ਕਰਨਗੇ ਅਤੇ ਕੁਝ ਸਮੇਂ ਬਾਅਦ, ਕੇਂਦਰ ਪੀਐੱਚਡੀ ਡਿਗਰੀਆਂ ਤੱਕ ਦੀਆਂ ਡਿਗਰੀਆਂ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਸ ਕੇਂਦਰ ਦਾ ਉਦਘਾਟਨ ਜਲਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੀਤਾ ਜਾਵੇਗਾ ਅਤੇ ਨੀਂਹ ਪੱਥਰ ਸੰਤ ਨਿਰਜਨ ਦਾਸ ਮਹਾਰਾਜ ਵੱਲੋਂ ਰੱਖਿਆ ਜਾਵੇਗਾ। ਸੰਤ ਨਿਰੰਜਨ ਦਾਸ ਮਹਾਰਾਜ ਵੱਲੋਂ ਆਮ ਆਦਮੀ ਪਾਰਟੀ ਦੀ ਸਾਰੀ ਹੀ ਲੀਡਰਸ਼ਿਪ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ, ਵਿਧਾਇਕ ਇੰਦਰਜੀਤ ਕੌਰ ਮਾਨ, ਹਲਕਾ ਇੰਚਾਰਜ ਜਲੰਧਰ ਕੈਂਟ ਰਾਜਵਿੰਦਰ ਕੌਰ ਥਿਆੜਾ, ਵਿਧਾਇਕ ਕਰਤਾਰਪੁਰ ਤੇ ਸਾਬਕਾ ਕੈਬਨਟ ਮੰਤਰੀ ਬਲਕਾਰ ਸਿੰਘ, ਹਲਕਾ ਇੰਚਾਰਜ ਜਲੰਧਰ ਉੱਤਰੀ ਦਿਨੇਸ਼ ਢੱਲ, ਡੀਸੀ ਜਲੰਧਰ ਡਾਕਟਰ ਹਿਮਾਂਸ਼ੂ ਅਗਰਵਾਲ, ਐੱਸਡੀਐੱਮ ਜਲੰਧਰ ਟੂ ਸ਼ਾਇਰੀ ਮਲਹੋਤਰਾ, ਬੀਡੀਪੀਓ ਸੇਵਾ ਸਿੰਘ ਆਦਿ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਡੇਰਾ ਟਰੱਸਟੀ ਧਰਮਪਾਲ ਸਿੰਮਕ, ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਬਰਿੰਦਰ ਦਾਸ ਬੱਬੂ, ਸੇਵਾਦਾਰ ਦਵਿੰਦਰ ਦਾਸ ਆਦਿ ਸਮੇਤ ਹੋਰ ਸੰਗਤ ਵੀ ਹਾਜ਼ਰ ਸੀ।