- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸਣਯੋਗ ਹੈ ਕਿ 2024-25 ਦੇ ਸੀਜ਼ਨ ਦੌਰਾਨ ਸੂਬੇ ’ਚ 35,12,000 ਹੈਕਟੇਅਰ ਰਕਬੇ ’ਚ ਕਣਕ ਦੀ ਬਿਜਾਈ ਹੋਈ ਸੀ ਅਤੇ ਪ੍ਰਤੀ ਹੈਕਟੇਅਰ ਝਾੜ 5382 ਕਿੱਲੋ ਨਿਕਲਿਆ ਸੀ। ਇਸ ਤਰ੍ਹਾਂ ਕਣਕ ਦਾ ਕੁੱਲ ਉਤਪਾਦਨ 1,89,02,300 ਮੀਟ੍ਰਿਕ ਟਨ ਹੋਇਆ ਸੀ। ਇਸ ਸਾਲ ਸੂਬੇ ’ਚ ਕਣਕ ਹੇਠ ਰਕਬਾ ਅੰਦਾਜ਼ਨ 34,99,400 ਹੈਕਟੇਅਰ ਹੈ ਜਦੋਂਕਿ ਅੰਦਾਜ਼ਨ 1,85,37,900 ਮੀਟ੍ਰਿਕ ਟਨ ਉਤਪਾਦਨ ਹੋਣ ਦੀ ਸੰਭਾਵਨਾ ਹੈ।

ਜਤਿੰਦਰ ਪੰਮੀ, ਪੰਜਾਬੀ ਜਾਗਰਣ , ਜਲੰਧਰ : ਪਿਛਲੇ ਸਾਲਾਂ ਦੌਰਾਨ ਲਗਾਤਾਰ ਮੌਸਮ ਦੀ ਅਨਿਸ਼ਚਤਤਾ ਦਾ ਮਾੜਾ ਅਸਰ ਫਸਲਾਂ ’ਤੇ ਪੈਣ ਲੱਗਾ ਹੈ। ਮੌਜੂਦਾ ਸੀਜ਼ਨ ਦੌਰਾਨ ਤਾਪਮਾਨ ’ਚ ਇਕਦਮ ਵਾਧਾ ਹੋਣ ਕਾਰਨ ਨਿੱਸਰ ਰਹੀ ਕਣਕ ਦੀ ਫਸਲ ਦਾ ਝਾੜ ਘਟਣ ਦੀ ਚਿੰਤਾ ਕਿਸਾਨਾਂ ਨੂੰ ਸਤਾਉਣ ਲੱਗੀ ਹੈ। ਓਧਰ ਖੇਤੀਬਾੜੀ ਵਿਭਾਗ ਦੇ ਮਾਹਰਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਮੌਸਮ ’ਚ ਲਗਾਤਾਰ ਤਬਦੀਲੀ ਹੋ ਰਹੀ ਹੈ ਤੇ ਫਰਵਰੀ ਦੇ ਮਹੀਨੇ ਹੀ ਤਾਪਮਾਨ 27 ਡਿਗਰੀ ਤੱਕ ਪੁੱਜਣ ਕਾਰਨ ਕਣਕ ਦਾ ਝਾੜ ਘਟਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ 2024-25 ਦਾ ਸੀਜ਼ਨ ਕਣਕ ਦੀ ਫਸਲ ਲਈ ਚੰਗਾ ਰਿਹਾ ਸੀ ਜਦੋਂਕਿ 2023-24 ’ਚ ਵੀ ਮੌਸਮ ’ਚ ਇਕਦਮ ਗਰਮਾਹਟ ਆਉਣ ਨਾਲ ਝਾੜ 10 ਤੋਂ 15 ਫੀਸਦੀ ਤੱਕ ਪ੍ਰਤੀ ਹੈਕਟੇਅਰ ਆਮ ਸੀਜ਼ਨ ਨਾਲੋਂ ਘੱਟ ਨਿਕਲਿਆ ਸੀ। ਇਸ ਵਾਰ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਤਾਪਮਾਨ ’ਚ ਵਾਧਾ ਦਰਜ ਹੋਣ ਕਾਰਨ ਦੋਧੀ ਹੋ ਚੁੱਕੀ ਕਣਕ ਦਾ ਦਾਣਾ ਬਾਰੀਕ ਹੋ ਸਕਦਾ ਹੈ, ਜਿਸ ਨਾਲ ਝਾੜ ਘਟਣ ਦੀ ਸੰਭਾਵਨਾ ਹੈ।
ਦੱਸਣਯੋਗ ਹੈ ਕਿ 2024-25 ਦੇ ਸੀਜ਼ਨ ਦੌਰਾਨ ਸੂਬੇ ’ਚ 35,12,000 ਹੈਕਟੇਅਰ ਰਕਬੇ ’ਚ ਕਣਕ ਦੀ ਬਿਜਾਈ ਹੋਈ ਸੀ ਅਤੇ ਪ੍ਰਤੀ ਹੈਕਟੇਅਰ ਝਾੜ 5382 ਕਿੱਲੋ ਨਿਕਲਿਆ ਸੀ। ਇਸ ਤਰ੍ਹਾਂ ਕਣਕ ਦਾ ਕੁੱਲ ਉਤਪਾਦਨ 1,89,02,300 ਮੀਟ੍ਰਿਕ ਟਨ ਹੋਇਆ ਸੀ। ਇਸ ਸਾਲ ਸੂਬੇ ’ਚ ਕਣਕ ਹੇਠ ਰਕਬਾ ਅੰਦਾਜ਼ਨ 34,99,400 ਹੈਕਟੇਅਰ ਹੈ ਜਦੋਂਕਿ ਅੰਦਾਜ਼ਨ 1,85,37,900 ਮੀਟ੍ਰਿਕ ਟਨ ਉਤਪਾਦਨ ਹੋਣ ਦੀ ਸੰਭਾਵਨਾ ਹੈ।
ਜ਼ਿਲ੍ਹੇ ਦੇ ਪਿੰਡ ਮਸ਼ਿਆਣਾ ਵਾਸੀ ਕਿਸਾਨ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰਾਂ ਦੀਆਂ ਮਾਰੂ ਨੀਤੀਆਂ ਤੇ ਮੌਸਮ ਦੀ ਗੜਬੜੀ ਨੇ ਖੇਤੀ ਨੂੰ ਘਾਟੇਵੰਦਾ ਬਣਾ ਦਿੱਤਾ ਹੈ। ਮੌਸਮ ਦੀ ਖਰਾਬੀ ਕਾਰਨ ਕਿਸਾਨਾਂ ਦਾ ਝੋਨੇ ਤੇ ਹੋਰ ਫਸਲਾਂ ਦਾ ਸੀਜ਼ਨ ਕਾਫੀ ਮਾੜਾ ਰਿਹਾ ਹੈ। ਹੜ੍ਹਾਂ ਦੇ ਪਾਣੀ ਕਾਰਨ ਫਸਲਾਂ ਡੁੱਬ ਜਾਣ ਨਾਲ ਕਿਸਾਨਾਂ ਨੂੰ ਕਾਫੀ ਘਾਟਾ ਸਹਿਣਾ ਪਿਆ ਸੀ। ਹੁਣ ਫਿਰ ਤਾਪਮਾਨ ’ਚ ਇਕਦਮ ਵਾਧਾ ਹੋਣ ਕਾਰਨ ਕਣਕ ਦਾ ਝਾੜ ਘੱਟ ਨਾਲ ਕਿਸਾਨਾਂ ਲਈ ਖਰਚੇ ਪੂਰੇ ਕਰਨੇ ਵੀ ਔਖੇ ਜਾਣਗੇ। ਕਿਸਾਨ ਕੁਲਵਿੰਦਰ ਸਿੰਘ ਨੇ ਕਿਹਾ ਕਿ ਤਾਪਮਾਨ ਵਧਣ ਕਾਰਨ ਕਣਕ ਦਾ ਦਾਣਾ ਪਤਲਾ ਪੈਣ ਨਾਲ ਕਿਸਾਨਾਂ ਨੂੰ ਮੰਡੀ ’ਚ ਫਸਲ ਵੇਚਣ ਦੌਰਾਨ ਵੀ ਖੱਜਲ-ਖਰਾਬੀ ਦਾ ਸਾਹਮਣਾ ਕਰਨਾ ਪਵੇਗਾ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਤੇ ਕਿਸਾਨ ਭਲਾਈ ਅਫਸਰ ਡਾ. ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਗਰਮੀ ਤੋਂ ਕਣਕ ਦਾ ਬਚਾਅ ਕਰਨ ਲਈ 10 ਦਿਨਾਂ ਦੇ ਵਕਫੇ ਦੌਰਾਨ ਹਲਕਾ ਪਾਣੀ ਦੇਣਾ ਚਾਹੀਦਾ ਹੈ। ਇਸ ਦੇ ਨਾਲ ਫਸਲ ਦੀ ਨਮੀ ਬਰਕਰਾਰ ਰੱਖਣ ਲਈ 13045 ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕਰਨਾ ਚਾਹੀਦਾ ਹੈ।
ਦਿਨ-ਰਾਤ ਦੇ ਤਾਪਮਾਨ ’ਚ ਵਧੇਰੇ ਫਰਕ ਫਸਲ ਲਈ ਨੁਕਸਾਨਦੇਹ
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਪਿਛਲੇ ਦਿਨਾਂ ਦੌਰਾਨ ਅਚਾਨਕ ਤਾਪਮਾਨ ’ਚ ਵਾਧਾ ਦਰਜ ਕੀਤਾ ਗਿਆ ਹੈ। ਦਿਨ ਵੇਲੇ ਤਾਪਮਾਨ 27 ਡਿਗਰੀ ਸੈਲਸੀਅਸ ਤਕ ਪੁੱਜ ਗਿਆ ਹੈ ਜਦੋਂਕਿ ਰਾਤ ਦਾ ਤਾਪਮਾਨ 13-15 ਡਿਗਰੀ ਸੈਲਸੀਅਸ ਹੁੰਦਾ ਹੈ। ਤਾਪਮਾਨ ’ਚ ਵਧੇਰੇ ਫਰਕ ਆਉਣ ਨਾਲ ਰਾਤ ਨੂੰ ਠੰਢ ਤੇ ਦਿਨੇ ਗਰਮੀ ਹੋਣ ਨਾਲ ਕਣਕ ਦਾ ਦਾਣਾ ਬਾਰੀਕ ਹੋਣ ਦੀ ਸੰਭਾਵਨਾ ਹੈ। ਡਾ. ਬਰਾੜ ਨੇ ਕਿਹਾ ਕਿ ਇਨ੍ਹੀਂ ਦਿਨੀਂ ਕਣਕ ਦੇ ਸਿੱਟੇ ਨਿਕਲ ਚੁੱਕੇ ਹਨ ਅਤੇ ਦਾਣਾ ਬਣਨਾ ਸ਼ੁਰੂ ਹੋ ਚੁੱਕਾ ਹੈ। ਇਸ ਦੌਰਾਨ ਕਣਕ ਲਈ ਤਾਪਮਾਨ 22 ਡਿਗਰੀ ਸੈਲਸੀਅਸ ਤਕ ਰਹਿਣਾ ਚਾਹੀਦਾ ਹੈ, ਜਿਸ ਨਾਲ ਦਾਣਾ ਵਧੀਆ ਢੰਗ ਨਾਲ ਵੱਧ-ਫੁੱਲ ਸਕਦਾ ਹੈ। ਜੇਕਰ ਤਾਪਮਾਨ ਵਧੇਰੇ ਹੋਵੇਗਾ ਤਾਂ ਦਾਣਾ ਛੇਤੀ ਪੱਕਣ ਲੱਗਦਾ ਹੈ ਅਤੇ ਪੂਰੀ ਤਰ੍ਹਾਂ ਪ੍ਰਫੁੱਲਤ ਨਹੀਂ ਹੁੰਦਾ ਤੇ ਬਾਰੀਕ ਹੋ ਜਾਂਦਾ ਹੈ।
ਜ਼ਿਲ੍ਹਾ ਰਕਬਾ (ਹਜ਼ਾਰ ਹੈਕਟੇਅਰ ’ਚ) ਅਨੁਮਾਨਤ ਉਤਪਾਦਨ (ਹਜ਼ਾਰ ਮੀਟ੍ਰਿਕ ਟਨ ’ਚ)
ਅੰਮ੍ਰਿਤਸਰ 188.2 978.6
ਬਰਨਾਲਾ 113.0 644.1
ਬਠਿੰਡਾ 253.0 1429.5
ਫਰੀਦਕੋਟ 115.0 632.5
ਫਤਿਹ. ਸਾਹਿਬ 84.7 470.1
ਫਾਜ਼ਿਲਕਾ 195.4 1038.7
ਫਿਰੋਜ਼ਪੁਰ 188.0 1034.0
ਗੁਰਦਾਸਪੁਰ 184.0 938.4
ਹੁਸ਼ਿਆਰਪੁਰ 143.0 654.9
ਜਲੰਧਰ 173.5 914.3
ਕਪੂਰਥਲਾ 106.9 572.4
ਲੁਧਿਆਣਾ 243.0 1312.2
ਮਾਲੇਰਕੋਟਲਾ 52.1 297.0
ਮਾਨਸਾ 171.0 966.2
ਮੋਗਾ 177.5 1011.6
ਪਠਾਨਕੋਟ 39.6 172.0
ਪਟਿਆਲਾ 233.1 1241.3
ਰੂਪਨਗਰ 66.8 326.0
ਐੱਸਏਐੱਸ ਨਗਰ 50.6 210.2
ਐੱਸਬੀਐੱਸ ਨਗਰ 77.5 410.8
ਸੰਗਰੂਰ 239.5 1365.2
ਮੁਕਤਸਰ 216.0 1231.2
ਤਰਨਤਾਰਨ 189.0 985.6
ਕੁੱਲ ਰਕਬਾ 3499.4 ਕੁੱਲ ਉਤਪਾਦਨ 18537.9