ਅਸਲ ਵਿਚ ਸੰਨ 1927 ਵਿਚ ਦੁਸਹਿਰਾ ਬੰਬ ਧਮਾਕੇ ਵਿਚ ਝੂਠੀ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਪਿਤਾ ਕਿਸ਼ਨ ਸਿੰਘ ਸੱਠ ਹਜ਼ਾਰ ਰੁਪਏ ਜ਼ਮਾਨਤ ’ਤੇ ਭਗਤ ਸਿੰਘ ਨੂੰ ਛੁਡਵਾ ਕੇ ਲਿਆਏ ਤਾਂ ਫਿਰ ਉਨ੍ਹਾਂ ਭਗਤ ਸਿੰਘ ਦੇ ਵਿਆਹ ਦੀ ਸੋਚੀ। ਉਨ੍ਹਾਂ ਦਾ ਨੌਗਾ (ਰਿਸ਼ਤਾ) ਮਾਨਾਂਵਾਲਾ ਦੇ ਸਰਦਾਰਾਂ (ਜਗੀਰਦਾਰਾਂ) ਦੀ ਕੁੜੀ ਨਾਲ ਕਰਨ ਦੀ ਗੱਲ ਚੱਲੀ ਤਾਂ ਭਗਤ ਸਿੰਘ ਘਰ ਤੋਂ ਭੱਜ ਕੇ ਕਾਨਪੁਰ ਚਲੇ ਗਏ ਅਤੇ ਗਣੇਸ਼ ਸ਼ੰਕਰ ਵਿਦਿਆਰਥੀ ਨਾਲ ਕੰਮ ਕਰਨ ਲੱਗੇ।

ਅਰੁਣਦੀਪ/ਹਨੀ ਸੋਢੀ, ਜਲੰਧਰ: ਸ਼ਹੀਦ-ਏ-ਆਜ਼ਮ ਭਗਤ ਸਿੰਘ ਬਾਰੇ ਇਹ ਗੱਲ ਤਾਂ ਪ੍ਰਚਲਿਤ ਹੈ ਕਿ ਉਹ ਵਿਆਹ ਕਰਵਾਉਣ ਦੇ ਡਰ ਤੋਂ ਘਰੋਂ ਭੱਜ ਗਏ ਸਨ ਪਰ ਇਸ ਪਿੱਛੋਂ ਕੀ ਹੋਇਆ ਅਤੇ ਫਿਰ ਉਸ ਕੁੜੀ ਦਾ ਕੀ ਬਣਿਆ, ਇਸ ਬਾਰੇ ਕਦੇ ਗੱਲ ਨਹੀਂ ਹੁੰਦੀ। ਭਾਵੇਂ ਫਿਲਮਾਂ ਵਿਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਭਰਮ ਜ਼ਰੂਰ ਫੈਲਾਏ ਗਏ ਪਰ ਅਸਲੀਅਤ ਕਦੀ ਕਿਸੇ ਨੂੰ ਨਹੀਂ ਪਤਾ ਸੀ। ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ ਨੇ ਇਸ ਬਾਰੇ ਖੁਲਾਸਾ ਕੀਤਾ ਹੈ। ਉਹ ਦੱਸਦੇ ਹਨ ਕਿ ਇਕ ਵਾਰ ਉਸ ਕੁੜੀ ਨੇ ਭਗਤ ਸਿੰਘ ਦੀ ਮਾਤਾ ਤੇ ਉਨ੍ਹਾਂ ਦੇ ਨਾਨੀ ਵਿਦਿਆਵਤੀ ਕੋਲ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਸੀ ਕਿ ਜ਼ਿੰਦਗੀ ਵਿਚ ਭਗਤ ਸਿੰਘ ਦੀ ਵਿਧਵਾ ਹੋਣਾ ਵੀ ਮਨਜ਼ੂਰ ਸੀ।
ਅਸਲ ਵਿਚ ਸੰਨ 1927 ਵਿਚ ਦੁਸਹਿਰਾ ਬੰਬ ਧਮਾਕੇ ਵਿਚ ਝੂਠੀ ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਪਿਤਾ ਕਿਸ਼ਨ ਸਿੰਘ ਸੱਠ ਹਜ਼ਾਰ ਰੁਪਏ ਜ਼ਮਾਨਤ ’ਤੇ ਭਗਤ ਸਿੰਘ ਨੂੰ ਛੁਡਵਾ ਕੇ ਲਿਆਏ ਤਾਂ ਫਿਰ ਉਨ੍ਹਾਂ ਭਗਤ ਸਿੰਘ ਦੇ ਵਿਆਹ ਦੀ ਸੋਚੀ। ਉਨ੍ਹਾਂ ਦਾ ਨੌਗਾ (ਰਿਸ਼ਤਾ) ਮਾਨਾਂਵਾਲਾ ਦੇ ਸਰਦਾਰਾਂ (ਜਗੀਰਦਾਰਾਂ) ਦੀ ਕੁੜੀ ਨਾਲ ਕਰਨ ਦੀ ਗੱਲ ਚੱਲੀ ਤਾਂ ਭਗਤ ਸਿੰਘ ਘਰ ਤੋਂ ਭੱਜ ਕੇ ਕਾਨਪੁਰ ਚਲੇ ਗਏ ਅਤੇ ਗਣੇਸ਼ ਸ਼ੰਕਰ ਵਿਦਿਆਰਥੀ ਨਾਲ ਕੰਮ ਕਰਨ ਲੱਗੇ। 23 ਮਾਰਚ, 1931 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੇ ਸ਼ਹਾਦਤ ਦਾ ਜਾਮ ਪੀ ਲਿਆ ਤਾਂ ਪੂਰੇ ਦੇਸ਼ ਵਿਚ ਇਸ ਦੇ ਵਿਰੋਧ ਵਿਚ ਜਲੂਸ, ਧਰਨੇ, ਮੁਜ਼ਾਹਰੇ ਹੋਏ। ਇਹ ਸ਼ਹੀਦਾਂ ਦੀ ਹਰਮਨਪਿਆਰਤਾ ਹੀ ਸੀ ਕਿ 1932 ਵਿਚ ਹੀ ਉਨ੍ਹਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਜਾਂ ਮੇਲੇ ਲੱਗਣੇ ਸ਼ੁਰੂ ਹੋ ਗਏ। ਭਗਤ ਸਿੰਘ ਦੇ ਪਰਿਵਾਰ ਦੀ ਅਗਵਾਈ ਵਿਚ 1932 ਤੋਂ ਹੀ ਸ਼ਹੀਦੀ ਸਮਾਗਮ ਕਰਵਾਇਆ ਜਾਣ ਲੱਗਾ ਅਤੇ ਉਸ ਸਮਾਗਮ ਵਿਚ ਭਗਤ ਸਿੰਘ ਨਾਲ ਜਿਨ੍ਹਾਂ ਮਾਨਾਂਵਾਲਾ ਦੇ ਸਰਦਾਰਾਂ ਦੀ ਕੁੜੀ ਦੇ ਰਿਸ਼ਤੇ ਦੀ ਗੱਲ ਚੱਲੀ ਸੀ, ਉਹ ਵੀ ਉਸ ਵਿਚ ਆਈ। ਆਜ਼ਾਦੀ ਦੀ ਵੰਡ ਤੋਂ ਪਹਿਲਾਂ 1946 ਤੱਕ ਉਹ ਉਨ੍ਹਾਂ ਸਮਾਗਮਾਂ ਵਿਚ ਆਉਂਦੀ ਰਹੀ ਅਤੇ ਭਗਤ ਸਿੰਘ ਦੇ ਪਰਿਵਾਰ ਨਾਲ ਮਿਲਦੀ ਰਹੀ।
ਇਸ ਬਾਰੇ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ ਦੱਸਦੇ ਹਨ ਕਿ ਹਾਲਾਂਕਿ ਭਗਤ ਸਿੰਘ ਦੇ ਵਿਆਹ ਨੂੰ ਲੈ ਕੇ ਬਹੁਤ ਸਾਰੀਆਂ ਮਿੱਥਾਂ ਹਨ ਅਤੇ ਇਸ ਦਾ ਫਿਲਮੀਕਰਨ ਵੀ ਬਹੁਤ ਭੱਦੇ ਰੂਪ ਵਿਚ ਕੀਤਾ ਗਿਆ ਹੈ ਪਰ ਹਕੀਕਤ ਇਹੀ ਹੈ ਕਿ ਉਨ੍ਹਾਂ ਦੇ ਵਿਆਹ ਦੀ ਗੱਲ ਚੱਲੀ ਜ਼ਰੂਰ ਸੀ ਪਰ ਕਦੇ ਰਿਸ਼ਤਾ ਨਹੀਂ ਹੋਇਆ ਸੀ। ਫਿਰ ਉਸ ਲੜਕੀ ਦਾ ਵਿਆਹ ਕਿਸੇ ਹੋਰ ਜਗੀਰਦਾਰ ਪਰਿਵਾਰ ਵਿਚ ਹੋ ਗਿਆ ਸੀ। ਉਸ ਦੇ ਪਤੀ ਦੀ ਵਧੇਰੇ ਸ਼ਰਾਬ ਪੀਣ ਕਰਕੇ ਮੌਤ ਹੋ ਗਈ ਸੀ। ਉਨ੍ਹਾਂ ਦੇ ਨਾਨੀ ਜੀ ਅਤੇ ਮਾਤਾ ਜੀ ਦੱਸਦੇ ਹੁੰਦੇ ਸੀ ਕਿ ਉਹ ਕੁੜੀ ਭਗਤ ਸਿੰਘ ਦੇ ਸ਼ਹੀਦੀ ਸਮਾਗਮਾਂ ਵਿਚ ਸ਼ਿਰਕਤ ਕਰਦੀ ਸੀ ਅਤੇ ਪਰਿਵਾਰ ਨਾਲ ਵੀ ਮੇਲ-ਜੋਲ ਰਿਹਾ ਹੈ। ਨਾਨੀ ਨਾਲ ਗੱਲਬਾਤ ਵਿਚ ਉਨ੍ਹਾਂ ਇਕ ਵਾਰ ਆਪਣੇ ਦਿਲ ਦੇ ਵਲਵਲੇ ਸਾਂਝੇ ਕਰਦਿਆਂ ਕਿਹਾ ਸੀ ਕਿ ‘ਬੇਬੇ ਜੇ ਮੈਂ ਜ਼ਿੰਦਗੀ ਵਿਚ ਵਿਧਵਾ ਹੀ ਹੋਣਾ ਸੀ ਤਾਂ ਭਗਤ ਸਿੰਘ ਦੀ ਕਿਉਂ ਨਹੀਂ ਹੋਈ। ਮੈਨੂੰ ਉਨ੍ਹਾਂ ਦੀ ਵਿਧਵਾ ਹੋਣਾ ਮਨਜ਼ੂਰ ਸੀ ਤੇ ਫ਼ਖ਼ਰ ਵੀ ਹੋਣਾ ਸੀ।
’47 ਤੋਂ ਬਾਅਦ ਖਟਕੜ ਕਲਾਂ ਵਿਚ ਹੋਣ ਵਾਲੇ ਸਮਾਗਮਾਂ ਵਿਚ ਉਨ੍ਹਾਂ ਦੀ ਸ਼ਮੂਲੀਅਲ ਬਾਰੇ ਉਨ੍ਹਾਂ ਕੋਲ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ। 1948 ’ਚ ਖਟਕੜ ਕਲਾਂ ਵਿਚ ਹੋਇਆ ਪਹਿਲਾ ਸਮਾਗਮ ਵੀ ਬਹੁਤ ਸ਼ਾਨਦਾਰ ਸੀ। ਇਸ ਵਿਚ ਬੀਬੀ ਜੀ ਦੇ ਸੱਦੇ ’ਤੇ ਕਪੂਰਥਲਾ ਦੇ ਮਹਾਰਾਜਾ ਨੇ ਹਾਥੀ ਭੇਜਿਆ ਸੀ। ਹਾਥੀ ਨੂੰ ਲੈ ਕੇ ਵੀ ਉਹ ਇਕ ਕਹਾਣੀ ਦੱਸਦੇ ਹਨ ਕਿ ਜਦੋਂ ਭਗਤ ਸਿੰਘ ਦੇ ਰਿਸ਼ਤੇ ਦੀ ਗੱਲ ਚੱਲੀ ਸੀ ਤਾਂ ਵਿਚੋਲੇ ਨੇ ਕਿਹਾ ਕਿ ਪਰਿਵਾਰ ਬਹੁਤ ਅਮੀਰ ਹੈ ਅਤੇ ਵਿਆਹ ਵਿਚ ਹਾਥੀ ਦੇਣਗੇ ਤਾਂ ਭਗਤ ਸਿੰਘ ਮਸ਼ਕਰੀਆਂ ਕਰਨ ਲੱਗ ਪਏ ਕਿ ਬੇਬੇ ਹਾਥੀ ਤਾਂ ਫਿਰ ਆਪਣੇ ਖੇਤਾਂ ਦੇ ਸਾਰੇ ਗੰਨੇ ਖਾ ਜਾਇਆ ਕਰਨਗੇ ਪਰ ਜਦੋਂ ਉਨ੍ਹਾਂ ਦੇਖਿਆ ਕਿ ਪਰਿਵਾਰ ਸੱਚੀਂ ਰਿਸ਼ਤੇ ਨੂੰ ਲੈ ਕੇ ਗੰਭੀਰ ਹੈ ਤਾਂ ਉਹ ਖਿਸਕ ਗਏ। ਪ੍ਰੋਫੈਸਰ ਜਗਮੋਹਣ ਕਹਿੰਦੇ ਹਨ ਕਿ ਆਜ਼ਾਦੀ ਤੋਂ ਬਾਅਦ ਲੜਕੀ ਦਾ ਪਰਿਵਾਰ ਹਰਿਆਣਾ ਵਿਚ ਕਰਨਾਲ ਦੇ ਆਲੇ-ਦੁਆਲੇ ਕਿਤੇ ਆ ਵਸਿਆ। ਉਸ ਤੋਂ ਬਾਅਦ ਪਰਿਵਾਰ ਨਾਲ ਉਨ੍ਹਾਂ ਦਾ ਕੋਈ ਰਾਬਤਾ ਨਹੀਂ ਰਿਹਾ ਅਤੇ ਨਾ ਹੀ ਫੇਰ ਕਦੀ ਕੋਈ ਉਗ-ਸੁਗ ਮਿਲੀ।