ਪ੍ਰੋਫੈਸਰ ਜਗਮੋਹਣ ਸਿੰਘ ਕਹਿੰਦੇ ਹਨ ਕਿ ਭਗਤ ਸਿੰਘ ਨਾਲ ਅੱਖਾਂ ਮਿਲਾਉਣ ਵਾਲੀ ਗੱਲ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਕਹੀ ਸੀ, ਜਦੋਂ ਉਨ੍ਹਾਂ ਦਾ ਜਨਮ ਸ਼ਤਾਬਦੀ ਮਨਾਈ ਗਈ ਸੀ। ਉਹ 27 ਤਰੀਕ ਨੂੰ ਲੁਧਿਆਣਾ ਵਿਖੇ ਸਨ, ਉਨ੍ਹਾਂ ਭਗਤ ਸਿੰਘ ਦਾ ਨਾਂ ਤੱਕ ਨਹੀਂ ਲਿਆ

ਅਰੁਣਦੀਪ/ਹਨੀ ਸੋਢੀ, ਪੰਜਾਬੀ ਜਾਗਰਣ , ਜਲੰਧਰ : ਭਗਤ ਸਿੰਘ ਉਮੀਦ ਦਾ ਪ੍ਰਤੀਕ ਹੈ। ਇਸੇ ਉਮੀਦ ਨੂੰ ਹਾਈਜੈੱਕ ਕਰਨਾ ਤਾਂ ਪੁਰਾਣੀ ਕਹਾਣੀ ਹੈ, ਇਸ ਵਿਚ ਕੁਝ ਵੀ ਨਵਾਂ ਨਹੀਂ ਹੈ। ਚਾਹੇ ਉਹ ਕੱਟੜਪੰਥੀ ਤਾਕਤਾਂ ਹੋਣ ਜਾਂ ਫਿਰ ਉਹ ਗੁੰਡੇ ਹੋਣ ਜਾਂ ਫਿਰ ਸਮੇਂ ਦੀਆਂ ਸਰਕਾਰਾਂ ਹੋਣ। ਭਗਤ ਸਿੰਘ ਦੇ ਸੁਪਨਿਆਂ ਦਾ ਵਾਰਸ ਬਣ ਕੇ ਕਈ ਪਾਰਟੀਆਂ ਸੱਤਾ ’ਚ ਆਈਆਂ ਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਾਅਦੇ ਵੀ ਕੀਤੇ ਪਰ ਸਿਫ਼ਤੀ ਰੂਪ ਵਿਚ ਕੋਈ ਤਬਦੀਲੀ ਨਹੀਂ ਹੋਈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ ਨੇ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਭਗਤ ਸਿੰਘ ਦੀ ਤਸਵੀਰ ਲਾਉਣ ਨਾਲ ਇਨਕਲਾਬ ਨਹੀਂ ਆਉਂਦਾ ਸਗੋਂ ਉਨ੍ਹਾਂ ਦੇ ਵਿਚਾਰਾਂ ਨੂੰ ਅਮਲ ਵਿਚ ਲਿਆ ਕੇ ਹੀ ਬਦਲਾਅ ਲਿਆਂਦਾ ਜਾ ਸਕਦਾ ਹੈ, ਜਿਸ ਵਿਚ ਮਨੁੱਖ ਦੀ ਲੁੱਟ-ਖਸੁੱਟ ਨਾ ਹੋਵੇ। ਸਾਰਿਆਂ ਲਈ ਬਰਾਬਰੀ ਉਨ੍ਹਾਂ ਦਾ ਸੁਪਨਾ ਸੀ।
ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਦਫ਼ਤਰਾਂ ਤੇ ਹੋਰ ਸਰਕਾਰੀ ਅਦਾਰਿਆਂ ’ਚ ਡਾ. ਬੀਆਰ ਅੰਬੇਡਕਰ ਦੇ ਨਾਲ ਭਗਤ ਸਿੰਘ ਦੀ ਤਸਵੀਰ ਲਗਾਉਣ ’ਤੇ ਉਹ ਕਹਿੰਦੇ ਹਨ ਕਿ ਭਗਤ ਸਿੰਘ ਦੀ ਤਸਵੀਰ ਪਿੱਠ ਪਿੱਛੇ ਨਹੀਂ ਸਗੋਂ ਸਾਹਮਣੇ ਹੋਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਸੱਚਾਈ ’ਤੇ ਪਹਿਰਾ ਦੇਣ ਦਾ ਹੌਸਲਾ ਮਿਲ ਸਕੇ ਪਰ ਸ਼ਾਸਨ-ਪ੍ਰਸ਼ਾਸਨ ਸੱਚੀ-ਮੁੱਚੀਂ ਕੁਝ ਨਹੀਂ ਬਦਲਣਾ ਚਾਹੁੰਦਾ, ਉਹ ਨਹੀਂ ਚਾਹੁੰਦਾ ਕਿ ਭਗਤ ਸਿੰਘ ਦੇ ਵਿਚਾਰ ਅਵਾਮ ਤੱਕ ਜਾਣ। ਉਨ੍ਹਾਂ ਦੀਆਂ ਅੱਖਾਂ ਨਾਲ ਅੱਖਾਂ ਮਿਲਾਉਣ ਦਾ ਹੌਸਲਾ ਹੋਣਾ ਚਾਹੀਦਾ ਹੈ। ਬਾਕੀ ਤਸਵੀਰਾਂ ਲਗਾ ਕੇ ਤਾਂ ਬਸ ਗੁਮਰਾਹ ਹੀ ਕੀਤਾ ਜਾਂਦਾ ਹੈ। ਅਸਲ ’ਚ ਤਾਂ ਭਗਤ ਸਿੰਘ ਆਪਣੇ ਜਿਉਂਦੇ ਜੀਅ ਬਹੁਤ ਕੁਝ ਲਿਖ ਗਏ, ਜਿਵੇਂ ‘ਮੈਂ ਨਾਸਤਿਕ ਕਿਉਂ ਹਾਂ’, ‘ਡਰੀਮਲੈਂਡ ਦੀ ਭੂਮਿਕਾ’ ਆਦਿ ਅਜਿਹਾ ਬਹੁਤ ਕੁਝ ਹੈ, ਜਿਸ ਤੋਂ ਨਵੀਂ ਰੋਸ਼ਨੀ ਲਈ ਜਾ ਸਕਦੀ ਹੈ।
ਪ੍ਰੋਫੈਸਰ ਜਗਮੋਹਣ ਸਿੰਘ ਕਹਿੰਦੇ ਹਨ ਕਿ ਭਗਤ ਸਿੰਘ ਨਾਲ ਅੱਖਾਂ ਮਿਲਾਉਣ ਵਾਲੀ ਗੱਲ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਕਹੀ ਸੀ, ਜਦੋਂ ਉਨ੍ਹਾਂ ਦਾ ਜਨਮ ਸ਼ਤਾਬਦੀ ਮਨਾਈ ਗਈ ਸੀ। ਉਹ 27 ਤਰੀਕ ਨੂੰ ਲੁਧਿਆਣਾ ਵਿਖੇ ਸਨ, ਉਨ੍ਹਾਂ ਭਗਤ ਸਿੰਘ ਦਾ ਨਾਂ ਤੱਕ ਨਹੀਂ ਲਿਆ। 23 ਮਾਰਚ ਨੂੰ ਪਾਕਿਸਤਾਨ ਲਈ ਬੱਸ ਚਲਾਈ ਜਾਂਦੀ ਹੈ, ਉਦੋਂ ਵੀ ਭਗਤ ਸਿੰਘ ਦਾ ਨਾਂ ਨਹੀਂ ਲਿਆ ਜਾਂਦਾ। ਫਿਰ ਉਦੋਂ ਮੇਰੇ ਜ਼ਿਹਨ ’ਚ ਆਉਂਦਾ ਹੈ ਕਿ ਜਿਹੜਾ ਬੰਦਾ ਬੁਸ਼ ਨਾਲ ਹੱਥ ਮਿਲਾਉਂਦਾ, ਉਹ ਭਗਤ ਸਿੰਘ ਨਾਲ ਅੱਖ ਨਹੀਂ ਮਿਲਾ ਸਕਦਾ। ਉਹ ਕਹਿੰਦੇ ਹਨ ਕਿ ਭਗਤ ਸਿੰਘ ਤਾਂ ਇਕ ਵਿਚਾਰ ਹੈ। ਅੱਜ ਵੀ ਬਹੁਤ ਸਾਰੀਆਂ ਪਾਰਟੀਆਂ ਜਾਂ ਬਹੁਤ ਸਾਰੇ ਲੋਕ ਇਹੀ ਕਹਿੰਦੇ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਨਹੀਂ ਬਣਿਆ। ਜਦੋਂ ਲੋਕਾਂ ਨੇ ਸਮਝ ਲਿਆ ਕਿ ਭਗਤ ਸਿੰਘ ਕੀ ਹਨ, ਉਦੋਂ ਹੀ ਅਸਲੀ ਤਬਦੀਲੀ ਆਵੇਗੀ। ਬਾਕੀ ਭਗਤ ਸਿੰਘ ਦੇ ਕੰਧਾੜੇ ਚੜ੍ਹਨ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਹੈ। ਪ੍ਰੋਫੈਸਰ ਜਗਮੋਹਣ ਸਿੰਘ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਦੀ ਪਾਕਿਸਤਾਨ ਕੁਝ ਦੋਸਤਾਂ ਨਾਲ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਹਨ ਕਿ ਭਗਤ ਸਿੰਘ ਉਨ੍ਹਾਂ ਦੇ ਹੀਰੋ ਹਨ। ਅਜਿਹੀਆਂ ਉਦਾਹਰਣਾਂ ਦੀ ਉਨ੍ਹਾਂ ਕੋਲ ਇਕ ਲੰਬੀ ਸੂਚੀ ਹੈ। ਉਹ ਦੱਸਦੇ ਹਨ ਕਿ ਪਾਕਿਸਤਾਨ ਵਿਚ ਜਿੱਥੇ ਲਾਹੌਰ ਸਾਜ਼ਿਸ਼ ਕੇਸ ਚੱਲਿਆ ਸੀ, ਉਸ ਜਗ੍ਹਾ ਨੂੰ ਉਨ੍ਹਾਂ ਨੇ ਯਾਦਗਾਰ ਦੇ ਰੂਪ ਵਿਚ ਸੰਭਾਲ ਲਿਆ ਹੈ ਜਦਕਿ ਭਾਰਤ ਵਿਚ ਗ਼ਦਰੀਆਂ, ਇਨਕਲਾਬੀਆਂ ਨਾਲ ਜੁੜੀਆਂ ਯਾਦਗਾਰਾਂ ਨੂੰ ਸੰਭਾਲਣ ਲਈ ਕੁਝ ਨਹੀਂ ਕੀਤਾ ਗਿਆ ਜਾਂ ਫਿਰ ਨਾਮਾਤਰ ਹੀ ਉਪਰਾਲੇ ਹਨ। ਜਿੱਥੇ ਕਿਤੇ ਹੋਏ ਵੀ ਹਨ, ਉਨ੍ਹਾਂ ’ਚ ਵੀ ਅੰਤਾਂ ਦਾ ਭ੍ਰਿਸ਼ਟਾਚਾਰ ਹੋਇਆ ਹੈ।
ਬਾਕਸ
...ਤੇ ਬੁੱਤ ਜਾਗ ਪਿਆ
ਸਮਾਜਿਕ ਤੇ ਸਿਨੇਮਾ ਕਾਰਕੁੰਨ ਕੁਲਵਿੰਦਰ ਦੱਸਦੇ ਹਨ ਕਿ ਇਕ ਵਾਰੀ ਪੰਜਾਬ ਦੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਜਦੋਂ ਖਟਕੜ ਕਲਾਂ ਮਿਊਜ਼ੀਅਮ ਦੇ ਅੱਗੋਂ ਮੁੱਖ ਸੜਕ ਤੋਂ ਨਿਕਲ ਰਹੇ ਸਨ ਤਾਂ ਉੱਥੇ ਸਿਆਸਤਦਾਨ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕਰ ਰਹੇ ਸਨ। ਉਦੋਂ ਉਨ੍ਹਾਂ ਨੇ ਉਸ ’ਤੇ ਆਉਂਦਿਆ ਹੀ ਤਲਵੰਡੀ ਸਲੇਮ ਪਿੰਡ ’ਚ ਇਕ ਨਾਟਕ ਖੇਡਿਆ ‘...ਤੇ ਬੁੱਤ ਜਾਗ ਪਿਆ’। ਇਸ ਨਾਟਕ ਵਿਚ ਉਨ੍ਹਾਂ ਕਲਪਨਾ ਕੀਤੀ ਕਿ ਕਿਵੇਂ ਭ੍ਰਿਸ਼ਟ ਸਿਆਸਤਦਾਨ ਭਗਤ ਸਿੰਘ ਦੇ ਬੁੱਤ ਨੂੰ ਹਾਰ ਪਾਉਣ ਜਾਂਦੇ ਹਨ ਅਤੇ ਅੱਗੋਂ ਬੁੱਤ ਜਾਗ ਪੈਂਦਾ ਹੈ ਅਤੇ ਇਨ੍ਹਾਂ ਸਿਆਸਤਦਾਨਾਂ ਦੇ ਮੁੱਕੀਆਂ ਮਾਰਦਾ ਹੈ। ਉਸ ਤੋਂ ਬਾਅਦ ਇਹ ਨਾਟਕ ਭਾਜੀ ਗੁਰਸ਼ਰਨ ਸਿੰਘ ਹੋਰਾਂ ਨੇ ਭਗਤ ਸਿੰਘ ਦੇ ਵਿਚਾਰਾਂ ਨੂੰ ਫੈਲਾਉਂਦੇ ਹੋਏ ਪੂਰੇ ਪੰਜਾਬ ਵਿਚ ਖੇਡਿਆ ਗਿਆ।