ਮੌਸਮ ਸਾਫ਼ ਹੁੰਦਿਆਂ ਹੀ ਮੰਡੀਆਂ 'ਚ ਰੌਣਕ ਵਧੀ, ਪੰਜਾਬ ਦੀਆਂ ਮੰਡੀਆਂ 'ਚ ਕੇਂਦਰੀ ਟੀਮ ਦੀ ਦਸਤਕ; ਮੀਂਹ ਨਾਲ ਖ਼ਰਾਬ ਹੋਈ ਕਣਕ ਦੇ ਲਏ ਸੈਂਪਲ
ਕੇਂਦਰ ਸਰਕਾਰ ਵੱਲੋਂ ਕਣਕ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਨੌਂ ਟੀਮਾਂ ਪੰਜਾਬ ਭੇਜੀਆਂ ਗਈਆਂ ਹਨ। ਕੇਂਦਰੀ ਟੀਮਾਂ ਨੇ ਸੋਮਵਾਰ ਨੂੰ ਜ਼ਿਲ੍ਹਾ ਸੰਗਰੂਰ, ਮਾਲੇਰਕੋਟਲਾ, ਮੁਕਸਤਰ ਤੇ ਮਲੋਟ ਦੀਆਂ ਅਨਾਜ ਮੰਡੀਆਂ ’ਚ ਕਣਕ ਦੀ ਫ਼ਸਲ ਦੇ ਸੈਂਪਲ ਵੀ ਲਏ। ਫ਼ਰੀਦਕੋਟ ਤੇ ਕੋਟਕਪੂਰਾ ਦੀਆਂ ਅਨਾਜ ਮੰਡੀਆਂ ’ਚ ਵੀ ਕਣਕ ਦੀ ਗੁਣਵੱਤਾ ਦੀ ਜਾਂਚ ਕੀਤੀ।
Publish Date: Tue, 14 Apr 2026 10:37 AM (IST)
Updated Date: Tue, 14 Apr 2026 10:39 AM (IST)
ਜਾਗਰਣ ਟੀਮ, ਜਲੰਧਰ : ਪੰਜਾਬ ’ਚ ਮੌਸਮ ਸਾਫ਼ ਹੋਣ ਮਗਰੋਂ ਮੰਡੀਆਂ ’ਚ ਕਣਕ ਦੀ ਆਮਦ ਤੇਜ਼ ਹੋ ਗਈ ਹੈ। ਸੋਮਵਾਰ ਨੂੰ ਕੇਂਦਰੀ ਟੀਮਾਂ ਨੇ ਸੂਬੇ ਦੇ ਪੰਜ ਜ਼ਿਲ੍ਹਿਆਂ ਸ਼੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਸੰਗਰੂਰ, ਮਾਲੇਰਕੋਟਲਾ ਤੇ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ’ਚ ਮੀਂਹ ਤੇ ਗੜੇਮਾਰੀ ਨਾਲ ਖ਼ਰਾਬ ਹੋਈ ਕਣਕ ਦੀ ਫ਼ਸਲ ਦਾ ਜਾਇਜ਼ਾ ਲਿਆ। ਟੀਮਾਂ ਨੇ ਖ਼ਰਾਬ ਹੋਈ ਫ਼ਸਲ ਦਾ ਸੈਂਪਲ ਵੀ ਲਿਆ ਹੈ। ਮੀਂਹ ਨਾਲ ਸੂਬੇ ’ਚ ਕਣਕ ਦੀ ਕਰੀਬ 1.30 ਲੱਖ ਏਕੜ ਫ਼ਸਲ ਨੂੰ ਨੁਕਸਾਨ ਪੁੱਜਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਹਫ਼ਤੇ ਤੱਕ ਸੂਬੇ ’ਚ ਬਾਰਿਸ਼ ਦੀ ਸੰਭਾਵਨਾ ਨਹੀਂ ਹੈ।
ਕੇਂਦਰ ਸਰਕਾਰ ਵੱਲੋਂ ਕਣਕ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਨੌਂ ਟੀਮਾਂ ਪੰਜਾਬ ਭੇਜੀਆਂ ਗਈਆਂ ਹਨ। ਕੇਂਦਰੀ ਟੀਮਾਂ ਨੇ ਸੋਮਵਾਰ ਨੂੰ ਜ਼ਿਲ੍ਹਾ ਸੰਗਰੂਰ, ਮਾਲੇਰਕੋਟਲਾ, ਮੁਕਸਤਰ ਤੇ ਮਲੋਟ ਦੀਆਂ ਅਨਾਜ ਮੰਡੀਆਂ ’ਚ ਕਣਕ ਦੀ ਫ਼ਸਲ ਦੇ ਸੈਂਪਲ ਵੀ ਲਏ। ਫ਼ਰੀਦਕੋਟ ਤੇ ਕੋਟਕਪੂਰਾ ਦੀਆਂ ਅਨਾਜ ਮੰਡੀਆਂ ’ਚ ਵੀ ਕਣਕ ਦੀ ਗੁਣਵੱਤਾ ਦੀ ਜਾਂਚ ਕੀਤੀ।
ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸੰਗਰੂਰ ਗੁਰਪ੍ਰੀਤ ਸਿੰਘ ਕੰਗ ਨੇ ਟੀਮ ਨੂੰ ਦੱਸਿਆ ਕਿ ਪਹਿਲਾਂ ਫਰਵਰੀ ਮਹੀਨੇ ’ਚ ਤਾਪਮਾਨ ਅਚਾਨਕ ਵਧਣ ਕਾਰਨ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਹੁਣ ਬਾਰਿਸ਼ ਤੇ ਗੜੇਮਾਰੀ ਕਾਰਨ ਫ਼ਸਲ ’ਚ ਨਮੀ ਵਧ ਗਈ ਹੈ। ਦਾਣੇ ਸੁੰਘੜ ਗਏ ਹਨ। ਰੰਗ ਬਦਰੰਗ ਹੋ ਗਿਆ ਹੈ। ਟੀਮਾਂ ਹੁਣ ਕਣਕ ’ਚ ਨਮੀ ਦੀ ਮਾਤਰਾ, ਦਾਣਿਆਂ ਦੀ ਗੁਣਵੱਤਾ ਤੇ ਹੋਰ ਤਕਨੀਕੀ ਮਾਪਦੰਡਾਂ ਦੀ ਜਾਂਚ ਕਰਨਗੀਆਂ, ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਖ਼ਰੀਦ ਪੈਮਾਨਿਆਂ ’ਚ ਕਿੰਨੀ ਛੋਟ ਦਿੱਤੀ ਜਾ ਸਕਦੀ ਹੈ। ਪੰਜਾਬ ਸਰਕਾਰ ਨੇ ਵੀ ਕੇਂਦਰ ਤੋਂ ਕਣਕ ਖ਼ਰੀਦ ਦੇ ਨਿਯਮਾਂ ’ਚ ਢਿੱਲ ਦੇਣ ਦੀ ਮੰਗ ਕੀਤੀ ਹੈ।