ਵਰਦਾਨ ਹਸਪਤਾਲ ਦੇ ਬਾਹਰ ਫਾਇਰਿੰਗ ਮਾਮਲੇ 'ਚ ACP ਸਸਪੈਂਡ, ਪੁਲਿਸ ਕਮਿਸ਼ਨਰ ਨੇ ਦਿੱਤੇ ਵਿਭਾਗੀ ਜਾਂਚ ਦੇ ਹੁਕਮ
Vardan Medical Center ਦੇ ਡਾਕਟਰ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਸਨ। ਡਾਕਟਰ ਨੇ ਇਸ ਸਬੰਧੀ ਏਸੀਪੀ ਨੂੰ ਜਾਣੂ ਕਰਵਾਇਆ ਸੀ, ਪਰ ਸਮੇਂ ਸਿਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸੇ ਕਾਰਨ ਬਦਮਾਸ਼ ਨੇ ਸੈਂਟਰ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ। ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ।
Publish Date: Sun, 01 Mar 2026 03:14 PM (IST)
Updated Date: Sun, 01 Mar 2026 03:54 PM (IST)
ਜਾਗਰਣ ਸੰਵਾਦਦਾਤਾ, ਜਲੰਧਰ : ਜਲੰਧਰ ਦੇ ਮੋਤਾ ਸਿੰਘ ਨਗਰ ਸਥਿਤ ਵਰਦਾਨ ਮੈਡੀਕਲ ਸੈਂਟਰ ਦੇ ਬਾਹਰ ਹੋਈ ਫਾਇਰਿੰਗ ਦੀ ਘਟਨਾ ਦੇ ਮਾਮਲੇ 'ਚ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ ਜਲੰਧਰ ਦੇ ਏਸੀਪੀ (ਮਾਡਲ ਟਾਊਨ) ਪਰਮਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਵਰਦਾਨ ਹਸਪਤਾਲ ਦੇ ਬਾਹਰ ਫਾਇਰਿੰਗ ਤੋਂ ਇਲਾਵਾ ਦੋ-ਤਿੰਨ ਹੋਰ ਮਾਮਲਿਆਂ 'ਚ ਵੀ ਕੰਮ 'ਚ ਕੁਤਾਹੀ ਪਾਈ ਗਈ ਹੈ, ਜਿਸ ਕਾਰਨ ਏਸੀਪੀ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਫਿਲਹਾਲ ਵਿਭਾਗੀ ਜਾਂਚ ਜਾਰੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਤੈਅ ਹੋਵੇਗੀ।
ਜਾਣਕਾਰੀ ਅਨੁਸਾਰ ਵਰਦਾਨ ਮੈਡੀਕਲ ਸੈਂਟਰ ਦੇ ਡਾਕਟਰ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਸਨ। ਡਾਕਟਰ ਨੇ ਇਸ ਸਬੰਧੀ ਏਸੀਪੀ ਨੂੰ ਜਾਣੂ ਕਰਵਾਇਆ ਸੀ, ਪਰ ਸਮੇਂ ਸਿਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸੇ ਕਾਰਨ ਬਦਮਾਸ਼ ਨੇ ਸੈਂਟਰ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ। ਇਸ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕਿਉਂ ਨਹੀਂ ਕੀਤੇ ਗਏ।
ਘਟਨਾ ਮੰਗਲਵਾਰ ਦੇਰ ਰਾਤ ਕਰੀਬ 9:45 ਵਜੇ ਦੀ ਹੈ। ਇੱਕ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਸੈਂਟਰ ਦੇ ਕੋਲ ਪਹੁੰਚਿਆ। ਉਸ ਨੇ ਆਪਣੀ ਬਾਈਕ ਕੁਝ ਦੂਰੀ 'ਤੇ ਖੜ੍ਹੀ ਕੀਤੀ ਅਤੇ ਪੈਦਲ ਆ ਕੇ ਮੈਡੀਕਲ ਸੈਂਟਰ ਦੇ ਬਾਹਰ ਚਾਰ ਰਾਊਂਡ ਫਾਇਰ ਕੀਤੇ। ਪੂਰੀ ਵਾਰਦਾਤ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਫਾਇਰਿੰਗ ਤੋਂ ਬਾਅਦ ਮੁਲਜ਼ਮ ਬੱਸ ਸਟੈਂਡ ਦੀ ਦਿਸ਼ਾ ਵੱਲ ਫ਼ਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਛੇ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਸੀ ਕਿ ਕੰਟਰੋਲ ਰੂਮ 'ਤੇ ਸੂਚਨਾ ਮਿਲਦੇ ਹੀ ਟੀਮ ਨੂੰ ਰਵਾਨਾ ਕੀਤਾ ਗਿਆ ਸੀ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।