- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਰਨੇ ਦੌਰਾਨ Pargat Singh ਆਪਣੇ ਘਰੋਂ ਬਾਹਰ ਆਏ ਪਰ ਮੌਕੇ 'ਤੇ ਤਾਇਨਾਤ ਪੁਲਿਸ ਨੇ ਸੁਰੱਖਿਆ ਅਤੇ ਮਾਹੌਲ ਵਿਗੜਨ ਦੇ ਖ਼ਦਸ਼ੇ ਕਾਰਨ ਉਨ੍ਹਾਂ ਨੂੰ 'ਆਪ' ਆਗੂਆਂ ਕੋਲ ਜਾਣ ਤੋਂ ਰੋਕ ਦਿੱਤਾ। ਬਾਹਰ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਇਹ ਪੂਰਾ ਮਾਮਲਾ ਦਿੱਲੀ ਵਿਧਾਨ ਸਭਾ ਦਾ ਹੈ ਤੇ ਜੇਕਰ ਵੀਡੀਓ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਹੋਈ ਹੈ, ਤਾਂ ਇਸ ਲਈ ਉਹ ਭਾਜਪਾ ਨੂੰ ਜ਼ਿੰਮੇਵਾਰ ਮੰਨਦੇ ਹਨ।

ਜਾਗਰਣ ਸੰਵਾਦਦਾਤਾ, ਜਲੰਧਰ : ਦਿੱਲੀ ਵਿਧਾਨ ਸਭਾ 'ਚ 'ਆਪ' ਵਿਧਾਇਕ ਅਤੇ ਸਾਬਕਾ ਮੰਤਰੀ ਆਤਿਸ਼ੀ ਨਾਲ ਜੁੜੇ ਕਥਿਤ ਵੀਡੀਓ ਮਾਮਲੇ 'ਚ FIR ਦਰਜ ਹੋਣ ਤੋਂ ਬਾਅਦ ਸਿਆਸੀ ਪਾਰਾ ਚੜ੍ਹ ਗਿਆ ਹੈ। ਇਸੇ ਮੁੱਦੇ ਨੂੰ ਲੈ ਕੇ ਸ਼ਨੀਵਾਰ ਦੁਪਹਿਰ ਆਮ ਆਦਮੀ ਪਾਰਟੀ ਨੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਦੇ ਘਰ ਦੇ ਬਾਹਰ ਧਰਨਾ ਦਿੱਤਾ। ਧਰਨੇ ਦੀ ਅਗਵਾਈ ਪੰਜਾਬ ਸਰਕਾਰ ਦੇ ਮੰਤਰੀ ਮੋਹਿੰਦਰ ਭਗਤ ਨੇ ਕੀਤੀ।
ਦਰਜ ਐਫਆਈਆਰ 'ਚ ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਨਾਂ ਵੀ ਸ਼ਾਮਲ ਹੈ ਜਿਸ ਤੋਂ ਬਾਅਦ 'ਆਪ' ਆਗੂਆਂ ਨੇ ਦੋਸ਼ ਲਾਇਆ ਕਿ ਪਰਗਟ ਸਿੰਘ ਨੇ ਵੀਡੀਓ ਵਾਇਰਲ ਕਰ ਕੇ AAP ਲੀਡਰਸ਼ਿਪ ਨੂੰ ਬਦਨਾਮ ਕੀਤਾ ਹੈ। 'ਆਪ' ਵਰਕਰ ਪਰਗਟ ਸਿੰਘ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋਏ ਅਤੇ ਕਾਰਵਾਈ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ।
ਧਰਨੇ ਦੌਰਾਨ ਪਰਗਟ ਸਿੰਘ ਆਪਣੇ ਘਰੋਂ ਬਾਹਰ ਆਏ ਪਰ ਮੌਕੇ 'ਤੇ ਤਾਇਨਾਤ ਪੁਲਿਸ ਨੇ ਸੁਰੱਖਿਆ ਅਤੇ ਮਾਹੌਲ ਵਿਗੜਨ ਦੇ ਖ਼ਦਸ਼ੇ ਕਾਰਨ ਉਨ੍ਹਾਂ ਨੂੰ 'ਆਪ' ਆਗੂਆਂ ਕੋਲ ਜਾਣ ਤੋਂ ਰੋਕ ਦਿੱਤਾ। ਬਾਹਰ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਇਹ ਪੂਰਾ ਮਾਮਲਾ ਦਿੱਲੀ ਵਿਧਾਨ ਸਭਾ ਦਾ ਹੈ ਤੇ ਜੇਕਰ ਵੀਡੀਓ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਹੋਈ ਹੈ, ਤਾਂ ਇਸ ਲਈ ਉਹ ਭਾਜਪਾ ਨੂੰ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵੀਡੀਓ ਨਾਲ ਉਨ੍ਹਾਂ ਦਾ ਜਾਂ ਕਾਂਗਰਸ ਪਾਰਟੀ ਦਾ ਕੋਈ ਸਬੰਧ ਨਹੀਂ ਹੈ।
ਪਰਗਟ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਹੀ ਇਸ ਮਾਮਲੇ ਨੂੰ ਲੈ ਕੇ ਜਲੰਧਰ ਦੇ ਪੁਲਿਸ ਕਮਿਸ਼ਨਰ ਨਾਲ ਗੱਲ ਕਰ ਚੁੱਕੇ ਹਨ, ਪਰ ਅਜੇ ਤਕ ਉਨ੍ਹਾਂ ਨੂੰ ਐਫਆਈਆਰ ਦੀ ਕਾਪੀ ਨਹੀਂ ਦਿੱਤੀ ਗਈ। ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਜਲੰਧਰ ਦੇ ਸੀਪੀ (CP) ਨੂੰ ਬੁਲਾਏ ਜਾਣ ਦੇ ਸਵਾਲ 'ਤੇ ਉਨ੍ਹਾਂ ਜਵਾਬ ਦਿੱਤਾ ਕਿ ਇਹ ਪੁਲਿਸ ਪ੍ਰਸ਼ਾਸਨ ਹੀ ਜਾਣੇ ਕਿ ਕਿਸ ਦੇ ਕਹਿਣ 'ਤੇ ਇਹ ਪਰਚਾ ਦਰਜ ਹੋਇਆ ਹੈ। ਉਨ੍ਹਾਂ ਕਿਹਾ, "ਹੁਣ ਜਵਾਬ ਤਾਂ ਉਨ੍ਹਾਂ ਨੂੰ ਹੀ ਦੇਣਾ ਪੈਣਾ ਹੈ।"
ਦੋਸ਼ਾਂ ਅਤੇ ਪ੍ਰਦਰਸ਼ਨਾਂ ਦੌਰਾਨ ਪਰਗਟ ਸਿੰਘ ਨੇ ਇਕ ਵਾਰ ਫਿਰ ਦੁਹਰਾਇਆ ਕਿ ਉਹ ਦਬਾਅ 'ਚ ਆਉਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ, "ਮੇਰੇ ਖ਼ਿਲਾਫ਼ ਅਜਿਹੇ 10 ਪਰਚੇ ਕਰ ਦਿਓ, ਮੈਂ ਡਰਨ ਵਾਲਾ ਨਹੀਂ ਹਾਂ।"