- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਔਰਤ ਦੇ ਮੋਬਾਈਲ ਫੋਨ 'ਤੇ ਇਕ ਸੁਨੇਹਾ ਆਇਆ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਸਰਕਾਰ ਵੱਲੋਂ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਤੇ ਵਿਧਵਾਵਾਂ ਲਈ ਵੀ ਹੈਲਥ ਕਾਰਡ ਬਣਾਏ ਜਾ ਰਹੇ ਹਨ। ਸੁਨੇਹੇ ਦੇ ਨਾਲ ਇਕ ਲਿੰਕ ਦਿੱਤਾ ਗਿਆ ਸੀ। ਪਤੀ ਦੀ ਮੌਤ ਮਗਰੋਂ ਇਕੱਲੀ ਰਹਿਣ ਵਾਲੀ ਔਰਤ ਨੇ ਇਸ ਨੂੰ ਸਰਕਾਰੀ ਯੋਜਨਾ ਸਮਝ ਕੇ ਲਿੰਕ 'ਤੇ ਕਲਿੱਕ ਕਰ ਦਿੱਤਾ ਤੇ ਮੰਗੀ ਗਈ ਜਾਣਕਾਰੀ ਭਰ ਦਿੱਤੀ।

ਜਾਗਰਣ ਸੰਵਾਦਦਾਤਾ, ਜਲੰਧਰ : ਸ਼ਹਿਰ ਦੇ ਰਾਜਾ ਗਾਰਡਨ ਵਾਸੀ ਇਕ ਬਜ਼ੁਰਗ ਔਰਤ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਈ। ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹੈਲਥ ਕਾਰਡ ਬਣਾਉਣ ਦੇ ਨਾਂ 'ਤੇ ਭੇਜੇ ਗਏ ਇਕ ਫਰਜ਼ੀ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਔਰਤ ਦੇ ਬੈਂਕ ਖਾਤੇ ’ਚੋਂ 50 ਹਜ਼ਾਰ ਰੁਪਏ ਕੱਢਵਾ ਲਏ ਗਏ। ਪੀੜਤ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਸਾਈਬਰ ਸੈੱਲ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਔਰਤ ਦੇ ਮੋਬਾਈਲ ਫੋਨ 'ਤੇ ਇਕ ਸੁਨੇਹਾ ਆਇਆ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਸਰਕਾਰ ਵੱਲੋਂ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਤੇ ਵਿਧਵਾਵਾਂ ਲਈ ਵੀ ਹੈਲਥ ਕਾਰਡ ਬਣਾਏ ਜਾ ਰਹੇ ਹਨ। ਸੁਨੇਹੇ ਦੇ ਨਾਲ ਇਕ ਲਿੰਕ ਦਿੱਤਾ ਗਿਆ ਸੀ। ਪਤੀ ਦੀ ਮੌਤ ਮਗਰੋਂ ਇਕੱਲੀ ਰਹਿਣ ਵਾਲੀ ਔਰਤ ਨੇ ਇਸ ਨੂੰ ਸਰਕਾਰੀ ਯੋਜਨਾ ਸਮਝ ਕੇ ਲਿੰਕ 'ਤੇ ਕਲਿੱਕ ਕਰ ਦਿੱਤਾ ਤੇ ਮੰਗੀ ਗਈ ਜਾਣਕਾਰੀ ਭਰ ਦਿੱਤੀ। ਕੁਝ ਹੀ ਸਮੇਂ ਮਗਰੋਂ ਉਸ ਦੇ ਮੋਬਾਈਲ ਫੋਨ 'ਤੇ ਬੈਂਕ ਖਾਤੇ ਤੋਂ ਪੈਸੇ ਨਿਕਲਣ ਦੇ ਸੁਨੇਹੇ ਆਉਣ ਲੱਗੇ। ਜਦੋਂ ਤੱਕ ਔਰਤ ਨੂੰ ਠੱਗੀ ਦਾ ਅਹਿਸਾਸ ਹੋਇਆ, ਉਦੋਂ ਤੱਕ ਉਸ ਦੇ ਖਾਤੇ ’ਚੋਂ 50 ਹਜ਼ਾਰ ਰੁਪਏ ਨਿਕਲ ਚੁੱਕੇ ਸਨ।
ਸਰਕਾਰੀ ਯੋਜਨਾਵਾਂ ਦੇ ਝਾਂਸੇ ’ਚ ਆ ਕੇ ਫਸਦੇ ਨੇ ਲੋਕ
ਸਾਈਬਰ ਠੱਗ ਲੋਕਾਂ ਦੀਆਂ ਭਾਵਨਾਵਾਂ ਤੇ ਸਰਕਾਰੀ ਯੋਜਨਾਵਾਂ 'ਤੇ ਭਰੋਸੇ ਦਾ ਫਾਇਦਾ ਉਠਾਉਂਦੇ ਹਨ। ਬਜ਼ੁਰਗ, ਘੱਟ ਤਕਨੀਕੀ ਜਾਣਕਾਰੀ ਰੱਖਣ ਵਾਲੇ ਲੋਕ ਤੇ ਇਕੱਲੇ ਰਹਿਣ ਵਾਲੇ ਵਿਅਕਤੀ ਇਨ੍ਹਾਂ ਦੇ ਆਸਾਨੀ ਨਾਲ ਨਿਸ਼ਾਨੇ ਬਣਦੇ ਹਨ। ਠੱਗ ਸੁਨੇਹਿਆਂ ’ਚ ਸਰਕਾਰੀ ਲੋਗੋ, ਯੋਜਨਾ ਦਾ ਨਾਮ ਤੇ ਆਕਰਸ਼ਕ ਲਾਭ ਦਿਖਾ ਕੇ ਲੋਕਾਂ ਦਾ ਵਿਸ਼ਵਾਸ ਜਿੱਤ ਲੈਂਦੇ ਹਨ। ਕਈ ਵਾਰੀ ਲੋਕ ਬਿਨਾਂ ਜਾਂਚ-ਪੜਤਾਲ ਦੇ ਲਿੰਕ ਖੋਲ੍ਹ ਦਿੰਦੇ ਹਨ ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰ ਬੈਠਦੇ ਹਨ।
ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਫਸਾ ਰਹੇ ਠੱਗ
ਸਾਈਬਰ ਅਪਰਾਧੀ ਫਰਜ਼ੀ ਵੈੱਬਸਾਈਟਾਂ, ਸੁਨੇਹਾ ਲਿੰਕ, ਵ੍ਹਾਟਸ ਐਪ ਸੁਨੇਹੇ, ਇੰਟਰਨੈੱਟ ਮੀਡੀਆ ਵਿਗਿਆਪਨ ਤੇ ਕਾਲ ਸੈਂਟਰ ਦਾ ਸਹਾਰਾ ਲੈਂਦੇ ਹਨ। ਕਈ ਲਿੰਕ ’ਤੇ ਕਲਿੱਕ ਕਰਦੇ ਹੀ ਮੋਬਾਈਲ ’ਚ ਮਾਲਵੇਅਰ ਇੰਸਟਾਲ ਹੋ ਜਾਂਦਾ ਹੈ, ਜਿਸ ਨਾਲ ਬੈਂਕਿੰਗ ਜਾਣਕਾਰੀ ਚੋਰੀ ਕੀਤੀ ਜਾ ਸਕਦੀ ਹੈ। ਕੁਝ ਮਾਮਲਿਆਂ ’ਚ ਓਟੀਪੀ, ਯੂਪੀਆਈ ਪਿਨ ਜਾਂ ਡੈਬਿਟ ਕਾਰਡ ਦੀ ਜਾਣਕਾਰੀ ਹਾਸਲ ਕਰ ਕੇ ਸਿੱਧੇ ਖਾਤੇ ਤੋਂ ਰਕਮ ਕੱਢਵਾ ਲਈ ਜਾਂਦੀ ਹੈ।
ਇੰਜ ਕਰੋ ਬਚਾਅ
- ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ।
- ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਸਿਰਫ਼ ਅਧਿਕਾਰਤ ਵੈਬਸਾਈਟ ਜਾਂ ਦਫ਼ਤਰ ਤੋਂ ਲਓ।
- ਕਿਸੇ ਨਾਲ ਓਟੀਪੀ, ਯੂਪੀਆਈ ਪਿਨ ਜਾਂ ਬੈਂਕਿੰਗ ਜਾਣਕਾਰੀ ਸਾਂਝੀ ਨਾ ਕਰੋ।
- ਮੋਬਾਈਲ ’ਚ ਸਕ੍ਰੀਨ ਸ਼ੇਅਰਿੰਗ ਐਪ ਡਾਊਨਲੋਡ ਕਰਨ ਤੋਂ ਬਚੋ।
- ਬੈਂਕ ਖਾਤੇ ’ਚ ਟ੍ਰਾਂਜੈਕਸ਼ਨ ਅਲਰਟ ਹਮੇਸ਼ਾਂ ਚਾਲੂ ਰੱਖੋ।
- ਸ਼ੱਕੀ ਸੁਨੇਹੇ ਮਿਲਣ ’ਤੇ ਤੁਰੰਤ ਪਰਿਵਾਰ ਜਾਂ ਬੈਂਕ ਤੋਂ ਸਲਾਹ ਕਰੋ।
- ਸਾਈਬਰ ਠੱਗੀ ਹੋਣ ’ਤੇ ਤੁਰੰਤ ਹੈਲਪਲਾਈਨ ਨੰਬਰ 1930 'ਤੇ ਸ਼ਿਕਾਇਤ ਦਰਜ ਕਰੋ।
ਕੇਸ-1 :
ਫਿਲਲੌਰ ਵਾਸੀ ਇਕ ਸੇਵਾਮੁਕਤ ਮੁਲਾਜ਼ਮ ਸੁਰਜੀਤ ਸਿੰਘ ਨੂੰ ਬੈਂਕ ਖਾਤੇ ਦੀ ਕੇਵਾਈਸੀ ਅਪਡੇਟ ਕਰਨ ਦਾ ਸੁਨੇਹਾ ਮਿਲਿਆ। ਉਸ ’ਚ ਲਿਖਿਆ ਸੀ ਕਿ ਅਪਡੇਟ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰੋ। ਲਿੰਕ 'ਤੇ ਜਾਣਕਾਰੀ ਭਰਦੇ ਹੀ ਉਸਦੇ ਖਾਤੇ ਤੋਂ 1.25 ਲੱਖ ਰੁਪਏ ਨਿਕਲ ਗਏ।
ਕੇਸ-2:
ਬਿਜਲੀ ਦੇ ਸਾਮਾਨ ਦੇ ਵਪਾਰੀ ਫੁੱਲਾਂ ਵਾਲਾ ਚੌਕ ਨੇੜੇ ਰਹਿਣ ਵਾਲੇ ਅਜੈ ਨੂੰ ਬਿਜਲੀ ਕੁਨੈਕਸ਼ਨ ਕੱਟਣ ਦੀ ਚਿਤਾਵਨੀ ਵਾਲਾ ਸੁਨੇਹਾ ਮਿਲਿਆ। ਉਸ ਨੇ ਦਿੱਤੇ ਗਏ ਨੰਬਰ 'ਤੇ ਸੰਪਰਕ ਕੀਤਾ ਤੇ ਸਕ੍ਰੀਨ ਸ਼ੇਅਰਿੰਗ ਐਪ ਡਾਊਨਲੋਡ ਕਰ ਲਈ। ਕੁਝ ਹੀ ਮਿੰਟਾਂ ’ਚ ਉਸਦੇ ਖਾਤੇ ਤੋਂ 80 ਹਜ਼ਾਰ ਰੁਪਏ ਨਿਕਲ ਗਏ।
ਕੇਸ-3 :
ਰਾਜਾ ਗਾਰਡਨ ਦੀ ਔਰਤ ਨੂੰ ਸਰਕਾਰੀ ਸਿਹਤ ਯੋਜਨਾ ਦੇ ਨਾਮ 'ਤੇ ਫਰਜ਼ੀ ਲਿੰਕ ਭੇਜਿਆ ਗਿਆ। ਲਿੰਕ 'ਤੇ ਜਾਣਕਾਰੀ ਭਰਦੇ ਹੀ ਉਸਦੇ ਖਾਤੇ ’ਚੋਂ 50 ਹਜ਼ਾਰ ਰੁਪਏ ਕੱਢਵਾ ਲਏ ਗਏ।
ਸਾਈਬਰ ਠੱਗ ਲੋਕਾਂ ਨੂੰ ਤਕਨੀਕੀ ਆਧਾਰ 'ਤੇ ਗੱਲਾਂ ’ਚ ਫਸਾ ਲੈਂਦੇ ਹਨ। ਜ਼ਿਆਦਾਤਰ ਬਜ਼ੁਰਗ ਅਜਿਹੇ ਮਾਮਲਿਆਂ ’ਚ ਫਸ ਜਾਂਦੇ ਹਨ। ਕਿਸੇ ਵੀ ਅਣਜਾਣ ਲਿੰਕ 'ਤੇ ਕਲਿਕ ਨਾ ਕਰੋ, ਨਾ ਹੀ ਕਿਸੇ ਨਾਲ ਆਪਣਾ ਓਟੀਪੀ ਜਾਂ ਬੈਂਕਿੰਗ ਜਾਣਕਾਰੀ ਸਾਂਝੀ ਕਰੋ। ਜੇ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਪੁਲਿਸ ਕੋਲ ਜਾਓ।
- ਪਲਵਿੰਦਰ ਸਿੰਘ, ਸਾਇਬਰ ਮਾਹਰ।