8ਵੀਂ ਯੂਥ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ 'ਚ ਪੰਜਾਬ ਦੇ ਮੁੱਕੇਬਾਜ਼ਾਂ ਨੇ ਗੁਹਾਟੀ 'ਚ ਮਾਰੀਆਂ ਮੱਲਾਂ, 8 ਮੈਡਲ ਪਾਏ ਝੋਲੀ
ਟੀਮ ਦੀ ਇਸ ਸਫ਼ਲਤਾ ਪਿੱਛੇ ਕੋਚ ਅਰਿਹੰਤ ਕੁਮਾਰ, ਕੁਲਦੀਪ ਸਿੰਘ, ਭਗਵਾਨ ਸਿੰਘ ਅਤੇ ਮੁਹੰਮਦ ਹਬੀਬ ਥਿੰਦ ਦੀ ਅਹਿਮ ਭੂਮਿਕਾ ਰਹੀ, ਜਿਨ੍ਹਾਂ ਦੀ ਅਗਵਾਈ ਹੇਠ ਖਿਡਾਰੀਆਂ ਨੇ ਰਿੰਗ ਵਿੱਚ ਆਪਣਾ ਜ਼ੌਹਰ ਦਿਖਾਇਆ। ਇਸ ਜਿੱਤ ਨਾਲ ਜਿੱਥੇ ਜਲੰਧਰ ਦੀ ਅਕਸ਼ਰਾ ਭਾਰਦਵਾਜ ਸਮੇਤ ਹੋਰਨਾਂ ਖਿਡਾਰੀਆਂ ਨੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਹੀ ਖੇਡ ਪ੍ਰੇਮੀਆਂ ਵਿੱਚ ਵੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
Publish Date: Sat, 25 Apr 2026 11:31 AM (IST)
Updated Date: Sat, 25 Apr 2026 12:15 PM (IST)
ਤੇਜਿੰਦਰ ਕੌਰ ਥਿੰਦ, ਜਲੰਧਰ : 8ਵੀਂ ਯੂਥ ਪੁਰਸ਼ ਅਤੇ ਮਹਿਲਾ ਰਾਸ਼ਟਰੀ ਅੰਡਰ-19 ਬਾਕਸਿੰਗ ਚੈਂਪੀਅਨਸ਼ਿਪ ਅਸਾਮ ਦੀ ਡੌਨ ਬੋਸਕੋ ਯੂਨੀਵਰਸਿਟੀ ਵਿਖੇ 13 ਤੋਂ 19 ਅਪ੍ਰੈਲ 2026 ਤੱਕ ਕਰਵਾਈ ਗਈ। ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਆਪਣੇ ਨਾਮ ਕੀਤੇ ਹਨ। ਇਸ ਵੱਕਾਰੀ ਟੂਰਨਾਮੈਂਟ ਵਿੱਚ ਪੰਜਾਬ ਦੇ 10 ਮੁੰਡਿਆਂ ਅਤੇ 10 ਕੁੜੀਆਂ ਦੀ ਟੀਮ ਨੇ ਹਿੱਸਾ ਲਿਆ।
ਇਸ ਚੈਂਪੀਅਨਸ਼ਿਪ ਦੌਰਾਨ ਮਹਿਲਾ ਅਤੇ ਪੁਰਸ਼ ਵਰਗ ਵਿੱਚ ਪੰਜਾਬ ਦੇ ਮੁੱਕੇਬਾਜ਼ਾਂ ਨੇ 1 ਚਾਂਦੀ ਅਤੇ 7 ਕਾਂਸੀ ਦੇ ਤਗਮੇ ਜਿੱਤੇ। ਇਸ ਵਿਚ ਅਨੁਸ਼ਕਾ ਨੇ 80 ਕਿਲੋ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਿਆ। ਕਾਂਸੀ ਦੇ ਤਗਮੇ ਜਿੱਤਣ ਵਾਲਿਆਂ ਵਿਚ ਸੁਖਪ੍ਰੀਤ ਕੌਰ (51 ਕਿਲੋ), ਯੋਗਾ (65 ਕਿਲੋ), ਸ਼ਿਵਾਨੀ ਤੂਰ (75 ਕਿਲੋ), ਅਕਸ਼ਰਾ ਭਾਰਦਵਾਜ (80 ਕਿਲੋ, ਜਲੰਧਰ), ਸਮਰਿਤ ਸਿੰਘ (65 ਕਿਲੋ), ਕੰਵਰਪ੍ਰਤਾਪ ਸਿੰਘ (75 ਕਿਲੋ), ਹਾਰਦਿਕ ਬਾਲੀ (+90 ਕਿਲੋ) ਸ਼ਾਮਲ਼ ਹਨ।