ਗੜ੍ਹਸ਼ੰਕਰ 'ਚ ਦਹਿਸ਼ਤ: ਦੁਕਾਨ ਬੰਦ ਕਰ ਰਹੇ ਮੈਡੀਕਲ ਸਟੋਰ ਮਾਲਕ 'ਤੇ ਚੱਲੀ ਗੋਲੀ, ਹਾਲਤ ਗੰਭੀਰ
ਉਨ੍ਹਾਂ ਦੱਸਿਆ ਕਿ ਤਰਸੇਮ ਲਾਲ ਦੇ ਬਿਆਨਾਂ ਅਨੁਸਾਰ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਅਤੇ ਨਾ ਹੀ ਉਸਨੂੰ ਫਿਰੌਤੀ ਲਈ ਕੋਈ ਧਮਕੀ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮਾਮਲੇ ਦੀ ਸਾਰੇ ਕੋਣਾਂ ਤੋਂ ਜਾਂਚ ਕੀਤੀ ਜਾ ਰਹੀ ਹੈ।
Publish Date: Thu, 05 Mar 2026 09:33 AM (IST)
Updated Date: Thu, 05 Mar 2026 09:37 AM (IST)

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ: ਗੜਸ਼ੰਕਰ ਚੰਡੀਗੜ੍ਹ ਰੋਡ 'ਤੇ ਸਥਿਤ ਅੱਡਾ ਸਮੁੰਦੜਾ ਵਿਖੇ ਬੁੱਧਵਾਰ ਰਾਤ ਕਰੀਬ 9 ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਮੈਡੀਕਲ ਸਟੋਰ ਦੇ ਮਾਲਕ 'ਤੇ ਅਚਾਨਕ ਫਾਇਰਿੰਗ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਡੀਐਸਪੀ ਗੜਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਹੈਪੀ ਮੈਡੀਕਲ ਸਟੋਰ ਚਲਾਉਂਦੇ ਤਰਸੇਮ ਲਾਲ ਪੁੱਤਰ ਅਮਰ ਚੰਦ ਵਾਸੀ ਸਮੁੰਦੜਾ ਰਾਤ ਕਰੀਬ 9.15 ਵਜੇ ਆਪਣੀ ਦੁਕਾਨ ਨੂੰ ਬੰਦ ਕਰਕੇ ਤਾਲਾ ਲਗਾ ਰਿਹਾ ਸੀ। ਉਸਦੇ ਨਾਲ ਉਸਦੇ ਦੋ ਮੁਲਾਜ਼ਮ ਵੀ ਸਨ। ਇਸ ਦਰਮਿਆਨ ਦੋ ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਉਸ ਉੱਤੇ ਅਚਾਨਕ ਫਾਇਰ ਕਰ ਦਿੱਤਾ ਜਿਸ ਕਾਰਨ ਗੋਲੀ ਉਸਦੇ ਪੇਟ ਦੇ ਸੱਜੇ ਪਾਸੇ ਵਿੱਚ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਤਰਸੇਮ ਲਾਲ ਨੂੰ ਸਰਕਾਰੀ ਹਸਪਤਾਲ ਗੜਸ਼ੰਕਰ ਲਿਆਂਦਾ ਗਿਆ ਜਿੱਥੋਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਜੋ ਕਿ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਹੈ । ਉਨ੍ਹਾਂ ਦੱਸਿਆ ਕਿ ਤਰਸੇਮ ਲਾਲ ਦੇ ਬਿਆਨਾਂ ਅਨੁਸਾਰ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਅਤੇ ਨਾ ਹੀ ਉਸਨੂੰ ਫਿਰੌਤੀ ਲਈ ਕੋਈ ਧਮਕੀ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮਾਮਲੇ ਦੀ ਸਾਰੇ ਕੋਣਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੌਕੇ 'ਤੇ ਐਸਪੀ ਹੁਸ਼ਿਆਰਪੁਰ ਅਤੇ ਡੀਐਸਪੀਡੀ ਹੁਸ਼ਿਆਰਪੁਰ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਤਰਸੇਮ ਲਾਲ ਦੇ ਬਿਆਨਾਂ 'ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ।