ਉੱਚੀ ਬੱਸੀ ਨੇੜੇ ਬੱਸ-ਟਰੱਕ ਦੀ ਭਿਆਨਕ ਟੱਕਰ, ਤਿੰਨ ਘੰਟੇ ਬੱਸ ’ਚ ਫਸਿਆ ਰਿਹਾ ਡਰਾਈਵਰ, ਮਸਾਂ ਕੱਢਿਆ ਬਾਹਰ
ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ ਜਦੋਂ ਦਿੱਲੀ ਤੋਂ ਜੰਮੂ ਜਾ ਰਹੀ ਬੱਸ ਉਚੀ ਬੱਸੀ ਨੇੜੇ ਪੁੱਜੀ। ਇਲਾਕੇ 'ਚ ਪੁਲ਼ ਦੀ ਮੁਰੰਮਤ ਕਾਰਨ ਟ੍ਰੈਫਿਕ ਨੂੰ ਇਕ ਪਾਸੇ ਤੋਂ ਚਲਾਇਆ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬੱਸ ਪੁਲ ਦੇ ਪੈਰਾਫਿਟ ਉੱਤੇ ਚੜ੍ਹ ਗਈ।
Publish Date: Sun, 08 Feb 2026 03:01 PM (IST)
Updated Date: Sun, 08 Feb 2026 03:08 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਦਸੂਹਾ ਦੇ ਉੱਚੀ ਬੱਸੀ ਨੇੜੇ ਜਲੰਧਰ-ਜੰਮੂ ਨੈਸ਼ਨਲ ਹਾਈਵੇ ’ਤੇ ਐਤਵਾਰ ਤੜਕੇ ਇਕ ਨਿੱਜੀ ਬੱਸ ਅਤੇ ਲੱਕੜਾਂ ਨਾਲ ਭਰੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ 'ਚ ਬੱਸ ਡਰਾਈਵਰ ਸਮੇਤ ਚਾਰ ਯਾਤਰੀ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ ਜਦੋਂ ਦਿੱਲੀ ਤੋਂ ਜੰਮੂ ਜਾ ਰਹੀ ਬੱਸ ਉਚੀ ਬੱਸੀ ਨੇੜੇ ਪੁੱਜੀ। ਇਲਾਕੇ 'ਚ ਪੁਲ਼ ਦੀ ਮੁਰੰਮਤ ਕਾਰਨ ਟ੍ਰੈਫਿਕ ਨੂੰ ਇਕ ਪਾਸੇ ਤੋਂ ਚਲਾਇਆ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬੱਸ ਪੁਲ ਦੇ ਪੈਰਾਫਿਟ ਉੱਤੇ ਚੜ੍ਹ ਗਈ।
ਕੇਸ ਦੇ ਇਨਵੈਸਟੀਗੇਟਿੰਗ ਅਫਸਰ, ਦਸੂਹਾ ਥਾਣੇ ਦੇ ਅਸਿਸਟੈਂਟ ਸਬ ਇੰਸਪੈਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲ਼ ਥੋੜ੍ਹਾ ਬੈਠ ਜਾਣ ਕਾਰਨ ਟ੍ਰੈਫਿਕ ਨੂੰ ਵਨ-ਵੇ ਕੀਤਾ ਗਿਆ ਸੀ।
ਬੱਸ ਵਿਚ ਲਗਪਗ 46 ਸਵਾਰੀਆਂ ਮੌਜੂਦ ਸਨ ਜਿਨ੍ਹਾਂ ਵਿੱਚੋਂ ਕਈ ਸਵੇਰ ਦਾ ਸਮਾਂ ਹੋਣ ਕਾਰਨ ਸੁੱਤੀਆਂ ਹੋਈਆਂ ਸਨ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਤੇ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਬਚਾਇਆ ਤੇ ਦਸੂਹਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ।
ਬੱਸ ਡਰਾਈਵਰ ਬੱਸ 'ਚ ਫਸ ਗਿਆ ਸੀ, ਜਿਸ ਨੂੰ ਕਰੀਬ ਤਿੰਨ ਘੰਟਿਆਂ ਦੀ ਮੁਸ਼ੱਕਤ ਤੇ ਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਪੁਲਿਸ ਨੇ ਦੱਸਿਆ ਕਿ ਡਰਾਈਵਰ ਦੀਆਂ ਦੋਵੇਂ ਲੱਤਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਅਨੁਸਾਰ ਜ਼ਖ਼ਮੀਆਂ ਦੀ ਪਛਾਣ ਬੱਸ ਡਰਾਈਵਰ ਇਮਰਾਨ ਸ਼ਰੀਫ, ਸੁਦੇਸ਼ ਕੁਮਾਰ, ਮੁਸ਼ਤਾਕ ਅਹਿਮਦ ਅਤੇ ਦੁਰਗਾ ਦੱਤ ਵਜੋਂ ਹੋਈ ਹੈ, ਜੋ ਸਾਰੇ ਜੰਮੂ-ਕਸ਼ਮੀਰ ਦੇ ਨਿਵਾਸੀ ਹਨ।