- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਰ-ਹੈਡਿਡ ਗੂਜ਼ (ਕਲਹੰਸ) ਦੀ ਗਿਣਤੀ ਸਭ ਤੋਂ ਵੱਧ ਰਹੀ। ਗਿਣਤੀ ਅਨੁਸਾਰ 62,293 ਬਾਰ-ਹੈਡਿਡ ਗੂਜ਼ ਪੋਂਗ ਡੈਮ ਖੇਤਰ ਵਿੱਚ ਦਰਜ ਕੀਤੇ ਗਏ। ਇਹ ਪ੍ਰਜਾਤੀ ਮੱਧ ਏਸ਼ੀਆ ਅਤੇ ਤਿਬਤ ਖੇਤਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਇੱਥੇ ਪਹੁੰਚਦੀ ਹੈ।

ਜਗਮੋਹਨ ਸ਼ਰਮਾ, ਪੰਜਾਬੀ ਜਾਗਰਣ, ਤਲਵਾੜਾ : ਤਲਵਾੜਾ ਦੇ ਕੰਢੇ ’ਤੇ ਹਿਮਾਚਲ ਪ੍ਰਦੇਸ਼ ਦੀ ਅੰਤਰਰਾਸ਼ਟਰੀ ਰਾਮਸਰ ਵੈੱਟਲੈਂਡ ਪੌਂਗ ਡੈਮ ਝੀਲ ਇੱਕ ਵਾਰ ਫਿਰ ਵਿਦੇਸ਼ੀ ਪਰਿੰਦਿਆਂ ਦੀ ਚਹਿਚਹਾਹਟ ਨਾਲ ਗੂੰਜ ਉੱਠੀ ਹੈ। ਇਸ ਸਾਲ ਇੱਥੇ ਪਰਵਾਸੀ ਪੰਛੀਆਂ ਦੀ ਰਿਕਾਰਡ ਗਿਣਤੀ ਦਰਜ ਕੀਤੀ ਗਈ ਹੈ। ਵਣ ਜੀਵ ਵਿਭਾਗ ਵੱਲੋਂ ਕਰਵਾਈ ਗਈ ਸਾਲਾਨਾ ਗਿਣਤੀ ਦੌਰਾਨ 1 ਲੱਖ 24 ਹਜ਼ਾਰ 344 ਵਿਦੇਸ਼ੀ ਪੰਛੀਆਂ ਦੀ ਮੌਜੂਦਗੀ ਦਰਜ ਹੋਈ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇਹ ਨਾ ਸਿਰਫ਼ ਵਾਤਾਵਰਣ ਲਈ ਸ਼ੁੱਭ ਸੰਕੇਤ ਹੈ, ਸਗੋਂ ਪੌਂਗ ਡੈਮ ਵਿੱਚ ਹੋ ਰਹੇ ਸਫ਼ਲ ਯਤਨਾਂ ਦਾ ਵੀ ਪ੍ਰਮਾਣ ਹੈ।
ਵਣ ਜੀਵ ਵਿਭਾਗ ਵੱਲੋਂ 30 ਅਤੇ 31 ਜਨਵਰੀ ਨੂੰ ਕੀਤੀ ਗਈ ਗਿਣਤੀ ਦੌਰਾਨ 115 ਵੱਖ-ਵੱਖ ਪ੍ਰਜਾਤੀਆਂ ਦੇ ਪਰਵਾਸੀ ਪੰਛੀ ਦਰਜ ਕੀਤੇ ਗਏ। ਮਾਹਰਾਂ ਅਨੁਸਾਰ ਇੰਨੀ ਵੱਡੀ ਗਿਣਤੀ ਇਹ ਦਰਸਾਉਂਦੀ ਹੈ ਕਿ ਪੌਂਗ ਡੈਮ ਪਰਵਾਸੀ ਪੰਛੀਆਂ ਲਈ ਸੁਰੱਖਿਅਤ ਅਤੇ ਅਨੁਕੂਲ ਠਹਿਰਾਉ ਸਥਾਨ ਬਣਿਆ ਹੋਇਆ ਹੈ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਰ-ਹੈਡਿਡ ਗੂਜ਼ (ਕਲਹੰਸ) ਦੀ ਗਿਣਤੀ ਸਭ ਤੋਂ ਵੱਧ ਰਹੀ। ਗਿਣਤੀ ਅਨੁਸਾਰ 62,293 ਬਾਰ-ਹੈਡਿਡ ਗੂਜ਼ ਪੋਂਗ ਡੈਮ ਖੇਤਰ ਵਿੱਚ ਦਰਜ ਕੀਤੇ ਗਏ। ਇਹ ਪ੍ਰਜਾਤੀ ਮੱਧ ਏਸ਼ੀਆ ਅਤੇ ਤਿਬਤ ਖੇਤਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਇੱਥੇ ਪਹੁੰਚਦੀ ਹੈ।
ਸਹੀ ਅਤੇ ਭਰੋਸੇਯੋਗ ਅੰਕੜੇ ਇਕੱਠੇ ਕਰਨ ਲਈ ਵਣ ਜੀਵ ਵਿਭਾਗ ਨੇ ਪੌਂਗ ਡੈਮ ਨੂੰ 25 ਵੱਖ-ਵੱਖ ਸੈਕਟਰਾਂ ਵਿੱਚ ਵੰਡਿਆ। ਇਸ ਅਭਿਆਨ ਵਿੱਚ ਵਿਭਾਗੀ ਅਧਿਕਾਰੀਆਂ ਦੇ ਨਾਲ-ਨਾਲ ਵੱਖ-ਵੱਖ ਖੋਜ ਸੰਸਥਾਵਾਂ, ਸਵੈ-ਸੇਵੀ ਸੰਸਥਾਵਾਂ ਅਤੇ ਪੰਛੀ ਵਿਗਿਆਨੀਆਂ ਨੇ ਵੀ ਭਾਗ ਲਿਆ। ਸਾਰੇ ਸੈਕਟਰਾਂ ਵਿੱਚ ਇੱਕੋ ਸਮੇਂ ਸਰਵੇ ਕਰ ਕੇ ਅੰਕੜੇ ਇਕੱਠੇ ਕੀਤੇ ਗਏ।
ਹਰ ਸਾਲ ਸਰਦੀ ਦੇ ਮੌਸਮ ਦੌਰਾਨ ਮੱਧ ਏਸ਼ੀਆ, ਸਾਈਬੀਰੀਆ, ਰੂਸ, ਚੀਨ, ਤਿੱਬਤ ਅਤੇ ਟ੍ਰਾਂਸ-ਹਿਮਾਲਿਆਈ ਖੇਤਰਾਂ ਤੋਂ ਪਰਵਾਸੀ ਪੰਛੀ ਅਨੁਕੂਲ ਮੌਸਮ ਅਤੇ ਪ੍ਰਚੁਰ ਭੋਜਨ ਦੀ ਤਲਾਸ਼ ਵਿੱਚ ਪੌਂਗ ਡੈਮ ਪਹੁੰਚਦੇ ਹਨ। ਝੀਲ ਦਾ ਵਿਸ਼ਾਲ ਜਲ ਖੇਤਰ, ਸ਼ਾਂਤ ਵਾਤਾਵਰਣ ਅਤੇ ਜੈਵਿਕ ਵਿਭਿੰਨਤਾ ਉਨ੍ਹਾਂ ਨੂੰ ਖਿੱਚਦੀ ਹੈ।
ਗਿਣਤੀ ਦੌਰਾਨ ਯੂਰੇਸ਼ੀਅਨ ਕੂਟ – 12,118, ਨਾਰਦਰਨ ਪਿੰਟੇਲ – 11,928, ਕਾਮਨ ਟੀਲ – 7,265, ਲਿਟਲ ਕਾਰਮੋਰੈਂਟ – 4,544, ਕਾਮਨ ਪੋਚਾਰਡ – 3,522, ਗ੍ਰੇਟ ਕਰੈਸਟਿਡ ਗ੍ਰੀਬ – 3,322 ਦਰਜ ਕੀਤੇ ਗਏ। ਇਸ ਤੋਂ ਇਲਾਵਾ ਗਰੇ ਲੈਗ ਗੂਜ਼, ਗ੍ਰੇਟ ਕਾਰਮੋਰੈਂਟ, ਯੂਰੇਸ਼ੀਅਨ ਵਿਜਨ, ਨਾਰਦਰਨ ਸ਼ੋਵਲਰ ਸਮੇਤ ਵੱਖ-ਵੱਖ ਕਿਸਮਾਂ ਦੇ ਗਲ, ਟਰਨ ਅਤੇ ਲੈਪਵਿੰਗ ਵੀ ਵੱਡੀ ਗਿਣਤੀ ਵਿੱਚ ਵੇਖੇ ਗਏ।
ਵੱਡੀ ਗਿਣਤੀ ’ਚ ਪਰਵਾਸੀ ਪੰਛੀਆਂ ਦਾ ਆਉਣਾ ਉਤਸ਼ਾਹਜਨਕ : ਡੀਐੱਫਓ
ਡੀਐੱਫਓ ਵਾਇਲਡ ਲਾਈਫ ਧਰਮਸ਼ਾਲਾ ਸੰਜੀਵ ਸਿੰਘ ਨੇ ਦੱਸਿਆ ਕਿ ਇਸ ਸਾਲ 30 ਜਨਵਰੀ ਤੋਂ 2 ਫਰਵਰੀ ਤੱਕ ਗਿਣਤੀ ਅਭਿਆਨ ਚਲਾਇਆ ਗਿਆ। ਇੰਨੀ ਵੱਡੀ ਗਿਣਤੀ ਵਿੱਚ ਪਰਵਾਸੀ ਪੰਛੀਆਂ ਦਾ ਆਉਣਾ ਸਾਡੇ ਲਈ ਬਹੁਤ ਉਤਸ਼ਾਹਜਨਕ ਹੈ। ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੇ ਕੁਦਰਤੀ ਆਵਾਸ ਨੂੰ ਸੁਰੱਖਿਅਤ ਬਣਾਉਣ ਲਈ ਨਿਗਰਾਨੀ ਅਤੇ ਉਪਾਇ ਹੋਰ ਮਜ਼ਬੂਤ ਕੀਤੇ ਜਾਣਗੇ। ਵਣ ਜੀਵ ਮਾਹਰਾਂ ਦਾ ਮੰਨਣਾ ਹੈ ਕਿ ਪਰਵਾਸੀ ਪੰਛੀਆਂ ਦੀ ਵੱਧ ਰਹੀ ਗਿਣਤੀ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਜਲ ਗੁਣਵੱਤਾ ਵਿੱਚ ਸੁਧਾਰ, ਸ਼ਿਕਾਰ ’ਤੇ ਕਾਬੂ ਅਤੇ ਮਨੁੱਖੀ ਦਖ਼ਲਅੰਦਾਜ਼ੀ ਵਿੱਚ ਕਮੀ ਵਰਗੇ ਕਦਮਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਨਾਲ ਜੈਵਿਕ ਵਿਭਿੰਨਤਾ ਦੇ ਸੰਰੱਖਣ ਨੂੰ ਹੋਰ ਮਜ਼ਬੂਤੀ ਮਿਲੀ ਹੈ।