- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ ਆਫ਼ ਐਮੀਨੈਂਸ ਦਸੂਹਾ ਦੇ ਵਿਦਿਆਰਥੀ ਅੰਮ੍ਰਿਤਪਾਲ ਨੇ 120 ਅੰਕਾਂ ਨਾਲ ਸੂਬੇ ਵਿੱਚ 67ਵਾਂ ਰੈਂਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲਵਾਹਾ ਦੀ ਵਿਦਿਆਰਥਣ ਪਾਰੁਲ ਨੇ 118 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT), ਪੰਜਾਬ ਵੱਲੋਂ ਸਾਲ 2025-26 ਦੀ ਪੰਜਾਬ ਰਾਜ ਹੁਨਰ ਖੋਜ ਪ੍ਰੀਖਿਆ (PSTSE) ਜਮਾਤ ਦਸਵੀਂ ਦਾ ਨਤੀਜਾ ਅਧਿਕਾਰਤ ਤੌਰ 'ਤੇ ਐਲਾਨ ਦਿੱਤਾ ਗਿਆ ਹੈ। ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਹ ਪ੍ਰੀਖਿਆ 4 ਜਨਵਰੀ 2026 ਨੂੰ ਕਰਵਾਈ ਗਈ ਸੀ। ਨਿਯਮਾਂ ਤਹਿਤ ਪੂਰੀ ਪਾਰਦਰਸ਼ਤਾ ਨਾਲ ਤਿਆਰ ਕੀਤੇ ਗਏ ਇਸ ਨਤੀਜੇ 'ਚ ਸੂਬੇ ਭਰ ਦੇ ਕੁੱਲ 500 ਵਿਦਿਆਰਥੀਆਂ ਨੇ ਸ਼੍ਰੇਣੀ-ਵਾਰ ਮੈਰਿਟ ਸੂਚੀ ਵਿੱਚ ਆਪਣਾ ਸਥਾਨ ਪੱਕਾ ਕੀਤਾ ਹੈ।
ਇਸ ਪ੍ਰੀਖਿਆ ਨਤੀਜੇ 'ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਅਤੇ 'ਸਕੂਲ ਆਫ਼ ਐਮੀਨੈਂਸ' ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਅਤੇ ਸ਼ਲਾਘਾਯੋਗ ਰਿਹਾ। ਜ਼ਿਲ੍ਹੇ ਭਰ ਦੇ ਕੁੱਲ 42 ਵਿਦਿਆਰਥੀਆਂ ਨੇ ਸੂਬੇ ਦੀ ਮੁੱਖ ਮੈਰਿਟ ਸੂਚੀ 'ਚ ਆਪਣਾ ਨਾਮ ਦਰਜ ਕਰਵਾ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ।
ਜ਼ਿਲ੍ਹਾ ਪੱਧਰ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਢਾ ਬੜ ਦੀ ਵਿਦਿਆਰਥਣ ਨਿਧੀ ਨੇ 128 ਅੰਕ ਪ੍ਰਾਪਤ ਕਰਕੇ ਰਾਜ ਭਰ ਵਿੱਚ 27ਵਾਂ ਰੈਂਕ ਹਾਸਲ ਕੀਤਾ ਅਤੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਕੂਲ ਆਫ਼ ਐਮੀਨੈਂਸ ਦਸੂਹਾ ਦੇ ਵਿਦਿਆਰਥੀ ਅੰਮ੍ਰਿਤਪਾਲ ਨੇ 120 ਅੰਕਾਂ ਨਾਲ ਸੂਬੇ ਵਿੱਚ 67ਵਾਂ ਰੈਂਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੋਲਵਾਹਾ ਦੀ ਵਿਦਿਆਰਥਣ ਪਾਰੁਲ ਨੇ 118 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ।
ਇਸ ਸਾਲ ਦੇ ਨਤੀਜਿਆਂ ਦੀ ਖਾਸ ਗੱਲ ਇਹ ਰਹੀ ਕਿ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਦੋ ਖੁੰਡਪੁਰ ਦਾ ਨਤੀਜਾ ਸਭ ਤੋਂ ਵਧੀਆ ਰਿਹਾ, ਜਿੱਥੋਂ ਸਭ ਤੋਂ ਵੱਧ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਜਗ੍ਹਾ ਬਣਾਈ। ਇਸ ਤੋਂ ਇਲਾਵਾ ਸਕੂਲ ਆਫ਼ ਐਮੀਨੈਂਸ ਟਾਂਡਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਪਲਾਂਵਾਲਾ, ਸਰਕਾਰੀ ਹਾਈ ਸਕੂਲ ਜਹਾਦਪੁਰ ਕਮਾਲੂਹ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਸਾਰਪੁਰ ਦੇ ਵਿਦਿਆਰਥੀਆਂ ਨੇ ਵੀ ਉੱਚ ਅੰਕ ਪ੍ਰਾਪਤ ਕਰਕੇ ਆਪਣੀ ਯੋਗਤਾ ਦਾ ਪ੍ਰਮਾਣ ਦਿੱਤਾ।
ਅੰਕੜਿਆਂ ਅਨੁਸਾਰ, ਪ੍ਰੀਖਿਆ 'ਚ ਸ਼ਾਮਲ ਹੋਏ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਦਾ ਮਾਨਸਿਕ ਯੋਗਤਾ ਟੈਸਟ ਦਾ ਔਸਤ ਸਕੋਰ 48.02 ਅਤੇ ਵਿਦਿਅਕ ਯੋਗਤਾ ਟੈਸਟ ਦਾ ਔਸਤ ਸਕੋਰ 58.14 ਰਿਹਾ। ਸਿੱਖਿਆ ਵਿਭਾਗ ਵੱਲੋਂ ਸਾਰੇ ਸਫ਼ਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਗਈ ਹੈ। ਸਕੂਲ ਮੁਖੀਆਂ ਦਾ ਕਹਿਣਾ ਹੈ ਕਿ ਇਹ ਸਫ਼ਲਤਾ ਬੱਚਿਆਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਸਹੀ ਅਗਵਾਈ ਦਾ ਨਤੀਜਾ ਹੈ।