- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਗੰਭੀਰ ਗਲਤੀ ਤੋਂ ਬਾਅਦ ਹੁਣ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਇਹ ਖਦਸ਼ਾ ਪੈਦਾ ਹੋ ਗਿਆ ਹੈ ਕਿ ਜੇਕਰ ਲਿੰਗ ਦੇ ਅੰਕੜਿਆਂ ਵਿੱਚ ਇੰਨੀ ਵੱਡੀ ਲਾਪਰਵਾਹੀ ਹੋ ਸਕਦੀ ਹੈ, ਤਾਂ ਕੀ ਵਿਦਿਆਰਥੀਆਂ ਦੇ ਪ੍ਰੀਖਿਆ ਨਤੀਜਿਆਂ ਅਤੇ ਅੰਕਾਂ ਦੀ ਗਣਨਾ ਵਿੱਚ ਵੀ ਕੋਈ ਗੜਬੜੀ ਤਾਂ ਨਹੀਂ ਹੋਈ?

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਸ.ਸੀ.ਈ.ਆਰ.ਟੀ.), ਪੰਜਾਬ ਵੱਲੋਂ ਅੱਠਵੀਂ ਜਮਾਤ ਦੀ 'ਪੰਜਾਬ ਰਾਜ ਹੁਨਰ ਖੋਜ ਪ੍ਰੀਖਿਆ' (ਪੀ.ਐੱਸ.ਟੀ.ਐੱਸ.ਈ.-2025) ਦੇ ਨਤੀਜੇ ਐਲਾਨ ਦਿੱਤੇ ਗਏ ਹਨ। 1 ਜੂਨ 2026 ਨੂੰ ਜਾਰੀ ਕੀਤੇ ਗਏ ਇਸ ਅਧਿਕਾਰਤ ਨਤੀਜੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਅਤੇ ਮਾਪਿਆਂ ਨੂੰ ਡੂੰਘਾ ਸਦਮਾ ਦਿੱਤਾ ਹੈ। ਸੂਬਾ ਪੱਧਰ 'ਤੇ ਜਾਰੀ ਕੀਤੀ ਗਈ ਕੁੱਲ 500 ਵਿਦਿਆਰਥੀਆਂ ਦੀ ਅੰਤਿਮ ਮੈਰਿਟ ਸੂਚੀ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਿਰਫ਼ 13 ਵਿਦਿਆਰਥੀ ਹੀ ਆਪਣੀ ਥਾਂ ਪੱਕੀ ਕਰ ਸਕੇ ਹਨ।
ਇਹ ਪ੍ਰੀਖਿਆ ਇਸੇ ਸਾਲ 4 ਜਨਵਰੀ 2026 ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਹਿਸੀਲ ਪੱਧਰ 'ਤੇ ਕਰਵਾਈ ਗਈ ਸੀ। ਇਸ ਪ੍ਰੀਖਿਆ ਨੂੰ ਪਾਸ ਕਰਕੇ ਮੈਰਿਟ ਵਿੱਚ ਆਉਣ ਵਾਲੇ 500 ਵਿਦਿਆਰਥੀਆਂ ਨੂੰ ਹੀ ਸਰਕਾਰ ਵੱਲੋਂ ਵਜ਼ੀਫ਼ਾ (ਸਕਾਲਰਸ਼ਿਪ) ਦਿੱਤਾ ਜਾਣਾ ਹੈ। ਅਜਿਹੀ ਸਥਿਤੀ ਵਿੱਚ, ਹੁਸ਼ਿਆਰਪੁਰ ਵਰਗੇ ਸਿੱਖਿਅਤ ਜ਼ਿਲ੍ਹੇ ਵਿੱਚੋਂ ਸਿਰਫ਼ 13 ਵਿਦਿਆਰਥੀਆਂ ਦਾ ਚੁਣਿਆ ਜਾਣਾ ਸਰਕਾਰੀ ਸਕੂਲਾਂ ਦੇ ਸਿੱਖਿਆ ਪੱਧਰ 'ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਜਾਰੀ ਮੈਰਿਟ ਸੂਚੀ 'ਤੇ ਉੱਠੇ ਗੰਭੀਰ ਸਵਾਲ, ਨਤੀਜੇ ਦੀ ਪਾਰਦਰਸ਼ਤਾ ਸ਼ੱਕ ਦੇ ਘੇਰੇ 'ਚ
ਇਸ ਚੌਕਾਉਣ ਵਾਲੇ ਨਤੀਜੇ ਦੇ ਵਿਚਕਾਰ, ਵਿਭਾਗ ਵੱਲੋਂ ਜਾਰੀ ਕੀਤੀ ਗਈ 500 ਵਿਦਿਆਰਥੀਆਂ ਦੀ ਅੰਤਿਮ ਮੈਰਿਟ ਸੂਚੀ 'ਤੇ ਵੀ ਇੱਕ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ। ਸੂਚੀ ਵਿੱਚ ਵੱਡੀ ਪ੍ਰਸ਼ਾਸਨਿਕ ਲਾਪਰਵਾਹੀ ਦੇਖਣ ਨੂੰ ਮਿਲੀ ਹੈ, ਜਿੱਥੇ 'ਲਿੰਗ' ਵਾਲੇ ਕਾਲਮ ਵਿੱਚ ਕਈ ਥਾਵਾਂ 'ਤੇ ਮੁੰਡਿਆਂ (ਮੇਲ) ਦੇ ਨਾਵਾਂ ਅੱਗੇ ਲੜਕੀ ਲਿਖਿਆ ਹੋਇਆ ਹੈ ਅਤੇ ਕੁੜੀਆਂ (ਫੀਮੇਲ) ਦੇ ਨਾਵਾਂ ਅੱਗੇ ਮੁੰਡਾ ਦਰਸਾਇਆ ਗਿਆ ਹੈ।
ਇਸ ਗੰਭੀਰ ਗਲਤੀ ਤੋਂ ਬਾਅਦ ਹੁਣ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਇਹ ਖਦਸ਼ਾ ਪੈਦਾ ਹੋ ਗਿਆ ਹੈ ਕਿ ਜੇਕਰ ਲਿੰਗ ਦੇ ਅੰਕੜਿਆਂ ਵਿੱਚ ਇੰਨੀ ਵੱਡੀ ਲਾਪਰਵਾਹੀ ਹੋ ਸਕਦੀ ਹੈ, ਤਾਂ ਕੀ ਵਿਦਿਆਰਥੀਆਂ ਦੇ ਪ੍ਰੀਖਿਆ ਨਤੀਜਿਆਂ ਅਤੇ ਅੰਕਾਂ ਦੀ ਗਣਨਾ ਵਿੱਚ ਵੀ ਕੋਈ ਗੜਬੜੀ ਤਾਂ ਨਹੀਂ ਹੋਈ? ਸੂਚੀ ਦੀ ਇਸ ਤਰੁੱਟੀ ਨੇ ਪੂਰੇ ਨਤੀਜੇ ਦੀ ਭਰੋਸੇਯੋਗਤਾ 'ਤੇ ਸ਼ੱਕ ਪੈਦਾ ਕਰ ਦਿੱਤਾ ਹੈ।
ਸਫ਼ਲਤਾ ਹਾਸਲ ਕਰਨ ਵਾਲੇ ਹੁਸ਼ਿਆਰਪੁਰ ਦੇ 13 ਹੋਣਹਾਰ ਵਿਦਿਆਰਥੀ
ਇਸ ਸਖ਼ਤ ਮੁਕਾਬਲੇ ਦੇ ਬਾਵਜੂਦ ਜ਼ਿਲ੍ਹੇ ਦੇ 13 ਹੋਨਹਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਹਨਾਂ ਵਿੱਚੋਂ ਜੀ.ਐੱਸ.ਐੱਸ.ਐੱਸ. ਕਮਾਹੀ ਦੇਵੀ ਦੇ ਅਰੁਣ ਕੁਮਾਰ ਨੇ 107 ਅੰਕਾਂ (ਮੈਰਿਟ ਨੰਬਰ 38) ਅਤੇ ਜੀ.ਐੱਚ.ਐੱਸ. ਚਾਮੁਹੀ ਦੇ ਅੰਸ਼ੂ ਨੇ 104 ਅੰਕਾਂ (ਮੈਰਿਟ ਨੰਬਰ 64) ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ 92 ਅੰਕ ਹਾਸਲ ਕਰਨ ਵਾਲੇ ਤਿੰਨ ਵਿਦਿਆਰਥੀਆਂ ਵਿੱਚ ਜੀ.ਐੱਸ.ਐੱਸ.ਐੱਸ. ਬਹਿਬਲ ਮੰਝ ਦੀ ਲਵਪ੍ਰੀਤ ਕੌਰ (ਮੈਰਿਟ ਨੰਬਰ 456), ਜੀ.ਐੱਚ.ਐੱਸ. ਢੱਡਰ ਦੇ ਹਰਮਨਪ੍ਰੀਤ ਸਿੰਘ (ਮੈਰਿਟ ਨੰਬਰ 457) ਅਤੇ ਜੀ.ਐੱਚ.ਐੱਸ. ਚਾਮੁਹੀ ਦੇ ਵਿਦਯੁਤ ਕਪਾਟੀਆ (ਮੈਰਿਟ ਨੰਬਰ 461) ਸ਼ਾਮਲ ਹਨ। ਜੀ.ਐੱਚ.ਐੱਸ. ਲਾਲਵਾਨ ਦੀ ਪਾਇਲ ਸ਼ਰਮਾ ਨੇ 91 ਅੰਕਾਂ (ਮੈਰਿਟ ਨੰਬਰ 464) ਨਾਲ ਆਪਣੀ ਥਾਂ ਬਣਾਈ। ਇਸ ਤੋਂ ਬਾਅਦ ਜੀ.ਐੱਮ.ਐੱਸ. ਕੋਟ ਮੈਰਾ ਦੀ ਜਸ਼ਨਪ੍ਰੀਤ ਕੌਰ (ਮੈਰਿਟ ਨੰਬਰ 465) ਅਤੇ ਜੀ.ਐੱਚ.ਐੱਸ. ਲਾਲਵਾਨ ਦੇ ਨਿਤਿਨ ਸ਼ਰਮਾ (ਮੈਰਿਟ ਨੰਬਰ 466) ਦੋਵਾਂ ਨੇ 89-89 ਅੰਕ ਪ੍ਰਾਪਤ ਕੀਤੇ। ਜੀ.ਐੱਚ.ਐੱਸ. ਰਾਮਪੁਰ ਦੇ ਅਮਨਦੀਪ ਰਾਣਾ ਨੇ 88 ਅੰਕ (ਮੈਰਿਟ ਨੰਬਰ 467), ਜੀ.ਐੱਸ.ਐੱਸ.ਐੱਸ. ਬਹਿਦਲ ਮੰਝ ਦੇ ਅਰਸ਼ਦੀਪ ਸਿੰਘ ਨੇ 83 ਅੰਕ (ਮੈਰਿਟ ਨੰਬਰ 474) ਅਤੇ ਜੀ.ਐੱਚ.ਐੱਸ. ਲਾਲਵਾਨ ਦੀ ਰਿਤਿਕਾ ਨੇ 82 ਅੰਕ (ਮੈਰਿਟ ਨੰਬਰ 480) ਹਾਸਲ ਕੀਤੇ। ਸੂਚੀ ਦੇ ਅਖੀਰ ਵਿੱਚ ਜੀ.ਐੱਸ.ਐੱਸ.ਐੱਸ. ਬਹਿਦਲ ਮੰਝ ਦੀ ਗੁਰਲੀਨ ਕੌਰ (ਮੈਰਿਟ ਨੰਬਰ 496) ਅਤੇ ਜੀ.ਐੱਮ.ਐੱਸ. ਬਿੱਗੋਵਾਲ ਦੀ ਸਮ੍ਰਿਤੀ ਮਨਹਾਸ (ਮੈਰਿਟ ਨੰਬਰ 497) ਦੋਵਾਂ ਨੇ 75-75 ਅੰਕ ਲੈ ਕੇ ਮੈਰਿਟ ਵਿੱਚ ਸਫ਼ਲਤਾਪੂਰਵਕ ਸਥਾਨ ਪ੍ਰਾਪਤ ਕੀਤਾ।
ਓ.ਐੱਮ.ਆਰ. ਸ਼ੀਟਾਂ ਵਿੱਚ ਗਲਤੀਆਂ ਕਾਰਨ ਵੀ ਕੱਟੇ ਨੰਬਰ
ਐਸ.ਸੀ.ਈ.ਆਰ.ਟੀ. ਦੇ ਪੱਤਰ ਅਨੁਸਾਰ, ਪ੍ਰੀਖਿਆ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੇ ਓ.ਐੱਮ.ਆਰ. ਸ਼ੀਟਾਂ ਭਰਨ ਵਿੱਚ ਵੀ ਗਲਤੀਆਂ ਕੀਤੀਆਂ ਸਨ। ਕਈ ਥਾਵਾਂ 'ਤੇ ਰੋਲ ਨੰਬਰ ਗਲਤ ਭਰੇ ਗਏ ਸਨ, ਗੋਲੇ ਸਹੀ ਤਰੀਕੇ ਨਾਲ ਕਾਲੇ ਨਹੀਂ ਕੀਤੇ ਗਏ ਸਨ, ਜਾਂ ਫਿਰ ਵਾਈਟ ਫਲੂਡ ਦੀ ਵਰਤੋਂ ਕੀਤੀ ਗਈ ਸੀ। ਅਜਿਹੀਆਂ ਕਾਪੀਆਂ ਨੂੰ ਓ.ਐੱਮ.ਆਰ ਸਕੈਨਰ ਦੁਆਰਾ ਰੱਦ ਕਰ ਦਿੱਤਾ ਗਿਆ, ਜਿਸ ਕਾਰਨ ਕਈ ਹੋਨਹਾਰ ਵਿਦਿਆਰਥੀ ਮੈਰਿਟ ਦੀ ਦੌੜ ਵਿੱਚੋਂ ਬਾਹਰ ਹੋ ਗਏ।
ਇਸ ਨਿਰਾਸ਼ਾਜਨਕ ਪ੍ਰਦਰਸ਼ਨ ਅਤੇ ਸੂਚੀ ਵਿੱਚ ਪਾਈਆਂ ਗਈਆਂ ਖਾਮੀਆਂ ਤੋਂ ਬਾਅਦ, ਹੁਣ ਬੁੱਧੀਜੀਵੀਆਂ ਅਤੇ ਸਿੱਖਿਆ ਪ੍ਰੇਮੀਆਂ ਨੇ ਮੰਗ ਕੀਤੀ ਹੈ ਕਿ ਵਿਭਾਗ ਨੂੰ ਨਾ ਸਿਰਫ਼ ਇਸ ਸੂਚੀ ਦੀਆਂ ਗਲਤੀਆਂ ਨੂੰ ਤੁਰੰਤ ਸੁਧਾਰਨਾ ਚਾਹੀਦਾ ਹੈ, ਬਲਕਿ ਸਰਕਾਰੀ ਸਕੂਲਾਂ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੀ ਤਿਆਰੀ ਦੇ ਪੱਧਰ ਦਾ ਵੀ ਮੁੜ ਮੁਲਾਂਕਣ ਕਰਨਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਨਤੀਜਿਆਂ ਤੋਂ ਬਚਿਆ ਜਾ ਸਕੇ।