- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਜਿੰਦਰ ਸਿੰਘ ਉਰਫ ਸੋਨੂੰ ਵਾਸੀ ਪਿੰਡ ਪਥਰਾਲੀਆਂ (ਹੁਸ਼ਿਆਰਪੁਰ), ਸ਼ਿਵਮ ਭੰਡਾਰੀ ਵਾਸੀ ਜਲੰਧਰ, ਸਾਹਿਲ ਮਸੀਹ ਉਰਫ ਮੋਨੂੰ ਵਾਸੀ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਅਤੇ ਰਮੇਨ ਰੋਜਰ ਵਾਸੀ ਗੜ੍ਹਸ਼ੰਕਰ ਵਜੋਂ ਹੋਈ ਹੈ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ: ਪੰਜਾਬ ਵਿੱਚ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਦੌਰਾਨ ਹੁਸ਼ਿਆਰਪੁਰ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਵਿਦੇਸ਼ੀ ਲਿੰਕਾਂ ਨਾਲ ਜੁੜੇ ਨਸ਼ਾ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 9.925 ਕਿਲੋਗ੍ਰਾਮ ਹੈਰੋਇਨ, ਦੋ .30 ਬੋਰ ਦੇ ਵਿਦੇਸ਼ੀ ਪਿਸਤੌਲ, ਅੱਠ ਮੈਗਜ਼ੀਨ ਅਤੇ 40 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਵਿਦੇਸ਼ੀ ਗੈਂਗਸਟਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਉਹਨਾਂ ਦੇ ਸਥਾਨਕ ਹੈਂਡਲਰਾਂ ਵਜੋਂ ਕੰਮ ਕਰ ਰਹੇ ਸਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮਾਡਿਊਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨਾਲ-ਨਾਲ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵੀ ਕਰ ਰਿਹਾ ਸੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੋਰ ਅਗਲੇ-ਪਿਛਲੇ ਸਬੰਧ ਜੋੜਨ ਲਈ ਜਾਂਚ ਜਾਰੀ ਹੈ ਤਾਂ ਜੋ ਪੂਰੇ ਨੈੱਟਵਰਕ ਨੂੰ ਤੋੜਿਆ ਜਾ ਸਕੇ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਨਜਿੰਦਰ ਸਿੰਘ ਉਰਫ ਸੋਨੂੰ ਵਾਸੀ ਪਿੰਡ ਪਥਰਾਲੀਆਂ (ਹੁਸ਼ਿਆਰਪੁਰ), ਸ਼ਿਵਮ ਭੰਡਾਰੀ ਵਾਸੀ ਜਲੰਧਰ, ਸਾਹਿਲ ਮਸੀਹ ਉਰਫ ਮੋਨੂੰ ਵਾਸੀ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਅਤੇ ਰਮੇਨ ਰੋਜਰ ਵਾਸੀ ਗੜ੍ਹਸ਼ੰਕਰ ਵਜੋਂ ਹੋਈ ਹੈ।
ਹੁਸ਼ਿਆਰਪੁਰ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਥਾਣੇ ਵਿੱਚ ਐਨਡੀਪੀਐਸ ਐਕਟ ਹੇਠ ਦਰਜ ਕੀਤੀ ਗਈ ਐਫਆਈਆਰ ਦੀ ਤਫਤੀਸ਼ ਦੌਰਾਨ ਐਸਪੀ ਪੀਬੀਆਈ ਮੇਜਰ ਸਿੰਘ ਅਤੇ ਡੀਐਸਪੀ ਦਲਜੀਤ ਸਿੰਘ ਖਖ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਇਸ ਇੰਟਰਸਟੇਟ ਨਸ਼ਾ ਅਤੇ ਹਥਿਆਰ ਤਸਕਰੀ ਨੈੱਟਵਰਕ ਨੂੰ ਬੇਨਕਾਬ ਕੀਤਾ ਹੈ।
ਐਸਐਸਪੀ ਨੇ ਕਿਹਾ ਕਿ ਪੁਲਿਸ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਜਿਸ ਦੇ ਆਧਾਰ ’ਤੇ ਗੜ੍ਹਸ਼ੰਕਰ ਖੇਤਰ ਵਿੱਚ ਨਾਕਾਬੰਦੀ ਕਰਕੇ ਇੱਕ ਆਈ-20 ਕਾਰ ਨੂੰ ਰੋਕਿਆ ਗਿਆ। ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਹੈਰੋਇਨ ਅਤੇ ਹਥਿਆਰ ਬਰਾਮਦ ਹੋਏ ਅਤੇ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਲੋਕੇਸ਼ਨ ਭੇਜ ਕੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਈ ਕਿਹਾ ਜਾਂਦਾ ਸੀ। ਮੁਲਜ਼ਮ ਖੁਦ ਜਾ ਕੇ ਕਨਸਾਈਨਮੈਂਟ ਲੈਂਦੇ ਅਤੇ ਫਿਰ ਅੱਗੇ ਪਹੁੰਚਾਉਂਦੇ ਸਨ। ਪ੍ਰਾਰੰਭਿਕ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹੈਰੋਇਨ ਪਾਕਿਸਤਾਨ ਤੋਂ ਸੋਰਸ ਕੀਤੀ ਗਈ ਸੀ।
ਐਸਐਸਪੀ ਮਲਿਕ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਉਮਰ ਲਗਭਗ 20 ਸਾਲ ਦੇ ਆਸ-ਪਾਸ ਹੈ। ਇਨ੍ਹਾਂ ਵਿੱਚੋਂ ਸਾਹਿਲ ਮਸੀਹ ਪਹਿਲਾਂ ਤੋਂ ਹੀ ਇੱਕ ਵਾਂਟਡ ਮੁਲਜ਼ਮ ਹੈ ਜੋ ਬਟਾਲਾ ਵਿੱਚ ਪੁਲਿਸ ਪਾਰਟੀ ’ਤੇ ਗੋਲੀਬਾਰੀ ਦੇ ਮਾਮਲੇ ਵਿੱਚ ਵੀ ਸ਼ਾਮਲ ਰਹਿ ਚੁੱਕਾ ਹੈ। ਬਾਕੀ ਮੁਲਜ਼ਮਾਂ ਦੇ ਕ੍ਰਿਮਿਨਲ ਬੈਕਗ੍ਰਾਊਂਡ ਦੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਗੜ੍ਹਸ਼ੰਕਰ ਖੇਤਰ ਵਿੱਚ ਕਿਰਾਏ ’ਤੇ ਰਹਿ ਰਹੇ ਸਨ ਅਤੇ ਆਪਸ ਵਿੱਚ ਮਿਲ ਕੇ ਇਹ ਗੈਰ-ਕਾਨੂੰਨੀ ਕਾਰੋਬਾਰ ਚਲਾ ਰਹੇ ਸਨ। ਪੁਲਿਸ ਨੂੰ ਇਹ ਵੀ ਪਤਾ ਲੱਗਿਆ ਹੈ ਕਿ ਇਹ ਮੁਲਜ਼ਮ ਪੰਜਾਬ ਦੇ ਨਾਲ-ਨਾਲ ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਵੀ ਨਸ਼ੇ ਦੀ ਸਪਲਾਈ ਕਰਦੇ ਸਨ।
ਐਸਐਸਪੀ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਨੈੱਟਵਰਕ ਦੇ ਫਾਇਨੈਂਸ਼ੀਅਲ ਲਿੰਕ, ਸਪਲਾਈ ਚੇਨ ਅਤੇ ਪਿਛਲੇ ਅਤੇ ਅਗਲੇ ਕਨਸਾਈਨਮੈਂਟਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਯਕੀਨ ਦਵਾਇਆ ਕਿ ਇਸ ਪੂਰੇ ਨੈੱਟਵਰਕ ਨੂੰ ਜਲਦੀ ਤੋੜ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਵੱਡੇ ਖੁਲਾਸੇ ਹੋ ਸਕਦੇ ਹਨ।
ਇਸ ਮਾਮਲੇ ਸਬੰਧੀ ਐਫਆਈਆਰ ਨੰਬਰ 61 ਮਿਤੀ 19-04-2026 ਨੂੰ ਥਾਣਾ ਗੜ੍ਹਸ਼ੰਕਰ ਵਿੱਚ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21 ਅਤੇ 29 ਅਤੇ ਅਸਲਾ ਐਕਟ ਦੀ ਧਾਰਾ 25 ਹੇਠ ਕੇਸ ਦਰਜ ਕੀਤਾ ਗਿਆ ਹੈ