ਮੁਕੇਰੀਆਂ ਪੁਲਿਸ ਤੇ ਗਊ ਰੱਖਿਆ ਦਲ ਦੀ ਸਾਂਝੀ ਮੁਸਤੈਦੀ, ਬੇਰਹਿਮੀ ਨਾਲ ਲੱਦਿਆ ਗਊਵੰਸ਼ ਮੁਕਤ ਤੇ ਤਸਕਰ ਕਾਬੂ
ਐਫਆਈਆਰ ਮੁਤਾਬਕ, ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਯੂਵਾ ਪ੍ਰਭਾਰੀ ਕਮਲਦੀਪ ਬੰਟੀ ਜੋਗੀ ਅਤੇ ਗਊ ਰਕਸ਼ਾ ਦਲ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਪਾਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਵਿੱਚ ਗਊਵੰਸ਼ ਨੂੰ ਕਥਿਤ ਤੌਰ ’ਤੇ ਬੇਹੱਦ ਬੇਰਹਿਮੀ ਨਾਲ ਬੰਨ੍ਹ ਕੇ ਉੱਤਰ ਪ੍ਰਦੇਸ਼ ਤੋਂ ਜੰਮੂ ਲਿਜਾਇਆ ਜਾ ਰਿਹਾ ਹੈ।
Publish Date: Sat, 18 Apr 2026 10:55 AM (IST)
Updated Date: Sat, 18 Apr 2026 10:57 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮੁਕੇਰੀਆਂ ਪੁਲਿਸ ਨੇ ਜਲੰਧਰ-ਜੰਮੂ ਨੈਸ਼ਨਲ ਹਾਈਵੇ-44 'ਤੇ ਪਿੰਡ ਮੁਸਾਹਿਬਪੁਰ ਦੇ ਨਜ਼ਦੀਕ ਸ਼ੁੱਕਰਵਾਰ ਸ਼ਾਮ ਨੂੰ ਇੱਕ ਟਰੱਕ ਵਿੱਚੋਂ ਬੇਰਹਿਮੀ ਨਾਲ ਲੱਦੀਆਂ 7 ਗਾਵਾਂ ਅਤੇ ਇੱਕ ਵੱਛੇ ਨੂੰ ਮੁਕਤ ਕਰਵਾ ਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਐਫਆਈਆਰ ਮੁਤਾਬਕ, ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਯੂਵਾ ਪ੍ਰਭਾਰੀ ਕਮਲਦੀਪ ਬੰਟੀ ਜੋਗੀ ਅਤੇ ਗਊ ਰਕਸ਼ਾ ਦਲ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਪਾਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਵਿੱਚ ਗਊਵੰਸ਼ ਨੂੰ ਕਥਿਤ ਤੌਰ ’ਤੇ ਬੇਹੱਦ ਬੇਰਹਿਮੀ ਨਾਲ ਬੰਨ੍ਹ ਕੇ ਉੱਤਰ ਪ੍ਰਦੇਸ਼ ਤੋਂ ਜੰਮੂ ਲਿਜਾਇਆ ਜਾ ਰਿਹਾ ਹੈ। ਇਸ ਸੂਚਨਾ ਦੇ ਆਧਾਰ 'ਤੇ ਜਦੋਂ ਪਿੰਡ ਮੁਸਾਹਿਬਪੁਰ ਨਜਦੀਕ ਟਰੱਕ ਨੂੰ ਰੋਕ ਕੇ ਚੈੱਕ ਕੀਤਾ ਗਿਆ, ਤਾਂ ਉਸ ਵਿੱਚ 7 ਗਾਵਾਂ ਅਤੇ 1 ਵੱਛਾ ਬਹੁਤ ਹੀ ਬੁਰੀ ਹਾਲਤ ਵਿੱਚ ਮਿਲੇ। ਜਾਨਵਰਾਂ ਦੇ ਮੂੰਹ ਅਤੇ ਲੱਤਾਂ ਰੱਸੀਆਂ ਨਾਲ ਕਥਿਤ ਤੌਰ ’ਤੇ ਬੇਰਹਿਮੀ ਨਾਲ ਬੰਨ੍ਹੀਆਂ ਹੋਈਆਂ ਸਨ ਅਤੇ ਉਹਨਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਸੀ।
ਮੌਕੇ 'ਤੇ ਫੜੇ ਗਏ ਡਰਾਈਵਰ ਦੀ ਪਛਾਣ ਗੁਰਤੀਰਥ ਸਿੰਘ ਪੁੱਤਰ ਕੁਲਵਿੰਦਰ ਸਿੰਘ, ਵਾਸੀ ਪਿੰਡ ਕੁਲਾੜ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਡਰਾਈਵਰ ਜਾਨਵਰਾਂ ਨੂੰ ਲਿਜਾਣ ਸਬੰਧੀ ਕੋਈ ਵੀ ਪਰਮਿਟ ਜਾਂ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ।
ਏਐਸਆਈ ਦਿਲਦਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਡਰਾਇਵਰ ਗੁਰਤੀਰਥ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਪਸ਼ੂ ਕਰੂਰਤਾ ਐਕਟ 1960 ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਪੁਲਿਸ ਪ੍ਰਸ਼ਾਸਨ ਦੀ ਸ਼ਲਾਘਾ
ਕਮਲਦੀਪ ਬੰਟੀ ਜੋਗੀ ਅਤੇ ਮਹਿੰਦਰ ਪਾਲ ਨੇ ਡੀ.ਐਸ.ਪੀ. ਅਤੇ ਐਸ.ਐਚ.ਓ. ਮੁਕੇਰੀਆਂ ਦੇ ਕੰਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੁਲਿਸ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ। ਗਊ ਰੱਖਿਆ ਦਲ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।