ਭਿਆਨਕ ਹਾਦਸਾ : ਪੀਆਰਟੀਸੀ ਦੀ ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਵਿਦਿਆਰਥਣ ਦੀ ਮੌਕੇ ’ਤੇ ਹੀ ਮੌਤ
ਥਾਣਾ ਮੇਹਟੀਆਣਾ ਦੇ ਐੱਸਐੱਚਓ ਇੰਸਪੈਕਟਰ ਰਜਿੰਦਰ ਸਿੰਘ ਮੁਤਾਬਕ ਬੱਸ ਹੁਸ਼ਿਆਰਪੁਰ ਵੱਲੋਂ ਆ ਰਹੀ ਸੀ ਅਤੇ ਉਸ ਨੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰੀ। ਟੱਕਰ ਨਾਲ ਸੰਜਨਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਲਵਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਮਗਰੋਂ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
Publish Date: Thu, 23 Apr 2026 06:32 PM (IST)
Updated Date: Thu, 23 Apr 2026 06:34 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ-ਫਗਵਾੜਾ ਮੁੱਖ ਸੜਕ ’ਤੇ ਸਥਿਤ ਪਿੰਡ ਅੱਤੋਵਾਲ ਵਿਖੇ ਅੱਜ ਸਵੇਰੇ ਪੀਆਰਟੀਸੀ ਦੀ ਬੱਸ ਅਤੇ ਮੋਟਰਸਾਈਕਲ ਵਿਚਕਾਰ ਹੋਈ ਜ਼ਬਰਦਸਤ ਟੱਕਰ ’ਚ 23 ਸਾਲਾ ਵਿਦਿਆਰਥਣ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਚਾਲਕ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।
ਪੁਲਿਸ ਅਨੁਸਾਰ ਮ੍ਰਿਤਕ ਲੜਕੀ ਦੀ ਪਛਾਣ ਸੰਜਨਾ (23) ਪੁੱਤਰੀ ਜਤਿੰਦਰ ਸਿੰਘ ਵਾਸੀ ਪਿੰਡ ਚੋਹਾਲ ਵਜੋਂ ਹੋਈ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਫਗਵਾੜਾ ਦੇ ਇੱਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ ਹੈ। ਦੋਵੇਂ ਇੱਕ-ਦੂਜੇ ਦੇ ਗੁਆਂਢੀ ਸਨ ਅਤੇ ਫਗਵਾੜਾ ਸਥਿਤ ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਜਾਣਕਾਰੀ ਮੁਤਾਬਕ ਦੋਵੇਂ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਆਪਣੇ ਪਿੰਡ ਚੋਹਾਲ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਯੂਨੀਵਰਸਿਟੀ ਜਾ ਰਹੇ ਸਨ। ਜਦੋਂ ਉਹ ਅੱਤੋਵਾਲ ਨੇੜੇ ਪਹੁੰਚੇ ਤਾ ਉਨ੍ਹਾਂ ਦੇ ਮੋਟਰਸਾਈਕਲ ਨੂੰ ਬੱਸ ਨੇ ਟਕਰ ਮਾਰ ਦਿੱਤੀ।
ਥਾਣਾ ਮੇਹਟੀਆਣਾ ਦੇ ਐੱਸਐੱਚਓ ਇੰਸਪੈਕਟਰ ਰਜਿੰਦਰ ਸਿੰਘ ਮੁਤਾਬਕ ਬੱਸ ਹੁਸ਼ਿਆਰਪੁਰ ਵੱਲੋਂ ਆ ਰਹੀ ਸੀ ਅਤੇ ਉਸ ਨੇ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰੀ। ਟੱਕਰ ਨਾਲ ਸੰਜਨਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਲਵਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਹਾਦਸੇ ਮਗਰੋਂ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ।