- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
CM Bhagwant Mann ਨੇ ਸਾਧ ਸੰਗਤ ਨੂੰ ਫਤਿਹ ਦੀ ਸਾਂਝ ਪਾਉਂਦਿਆਂ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੀਵਨ ਸਮਾਜ ਵਿੱਚ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਕਿਸੇ ਇੱਕ ਵਰਗ ਜਾਂ ਫਿਰਕੇ ਤੱਕ ਸੀਮਤ ਨਹੀਂ ਸਨ, ਉਹ ਸਾਰਿਆਂ ਦੇ ਸਾਂਝੇ ਗੁਰੂ ਹਨ।

ਸੰਜੀਵ ਸੂਦ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪਵਿੱਤਰ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਦਾ ਤੀਜਾ ਅਤੇ ਆਖ਼ਰੀ ਦਿਨ ਧਾਰਮਿਕ ਅਤੇ ਅਧਿਆਤਮਿਕ ਮਾਹੌਲ ਵਿੱਚ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਪਹਿਲਾਂ ਕੀਰਤਨ ਸਰਵਣ ਕੀਤਾ ਅਤੇ ਬਾਅਦ ਵਿੱਚ ਸੰਗਤ ਨੂੰ ਸੰਬੋਧਨ ਕੀਤਾ।
ਮੁੱਖ ਮੰਤਰੀ ਨੇ ਸਾਧ ਸੰਗਤ ਨੂੰ ਫਤਿਹ ਦੀ ਸਾਂਝ ਪਾਉਂਦਿਆਂ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਜੀਵਨ ਸਮਾਜ ਵਿੱਚ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਕਿਸੇ ਇੱਕ ਵਰਗ ਜਾਂ ਫਿਰਕੇ ਤੱਕ ਸੀਮਤ ਨਹੀਂ ਸਨ, ਉਹ ਸਾਰਿਆਂ ਦੇ ਸਾਂਝੇ ਗੁਰੂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਉਨ੍ਹਾਂ ਦੇ 41 ਸ਼ਲੋਕ ਸਾਨੂੰ ਸਮਾਜਿਕ ਬਰਾਬਰੀ ਦਾ ਮਾਰਗ ਦਿਖਾਉਂਦੇ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਖੁਰਾਲਗੜ੍ਹ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ 144 ਕਰੋੜ ਰੁਪਏ ਦੀ ਲਾਗਤ ਨਾਲ ਗੁਰੂ ਰਵਿਦਾਸ ਮੈਮੋਰੀਅਲ ਤਿਆਰ ਕੀਤਾ ਗਿਆ ਹੈ ਜੋ ਲਗਪਗ 12 ਏਕੜ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨਾ ਹੀ ਅਸਲ ਸੇਵਾ ਹੈ। ਇਸੇ ਤਹਿਤ ਖੁਰਾਲਗੜ੍ਹ ਸਾਹਿਬ ਵਿਖੇ ਪੀਣ ਵਾਲੇ ਪਾਣੀ ਲਈ ਟਿਊਬਵੈੱਲ ਅਤੇ 50 ਹਜ਼ਾਰ ਲੀਟਰ ਦਾ ਵਾਟਰ ਟੈਂਕ 80.64 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਚਰਨ ਛੋਹ ਗੰਗਾ ਅੰਮ੍ਰਿਤ ਕੁੰਡ ਵਿਖੇ ਵੀ ਟਿਊਬਵੈੱਲ ਅਤੇ ਵਾਟਰ ਟੈਂਕ ਦਾ ਕੰਮ 96 ਲੱਖ ਰੁਪਏ ਨਾਲ 28 ਫਰਵਰੀ 2026 ਤੱਕ ਪੂਰਾ ਹੋ ਜਾਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਡੇਰਾ ਬੱਲਾਂ ਨੇੜੇ ਪਿੰਡ ਨੌਗਜਾ ਤੇ ਫਰੀਦਪੁਰ ਵਿਖੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਧਿਐਨ ਸੈਂਟਰ ਲਈ ਲਗਭਗ 11 ਏਕੜ ਜ਼ਮੀਨ 9 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਹੈ।
ਸੀਐੱਮ ਮਾਨ ਨੇ ਕਿਹਾ ਕਿ 20 ਫਰਵਰੀ 2027 ਨੂੰ ਮਨਾਏ ਜਾਣ ਵਾਲੇ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਹਾੜੇ ਨੂੰ ਵਿਸ਼ਵ ਪੱਧਰ ‘ਤੇ ਮਨਾਉਣ ਲਈ ਅੱਜ ਤੋਂ ਹੀ ਤਿਆਰੀਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਸਮੇਤ ਰਾਜ ਦੇ ਕਈ ਸਥਾਨਾਂ ‘ਤੇ ਸੈਮੀਨਾਰ, ਸੰਤ ਸਮੇਲਨ, ਕਾਨਫਰੰਸਾਂ, ਕਥਾ ਅਤੇ ਕੀਰਤਨ ਸਮਾਗਮ ਆਯੋਜਿਤ ਕੀਤੇ ਜਾਣਗੇ।
ਮੁੱਖ ਮੰਤਰੀ ਨੇ ਡਾ. ਭੀਮਰਾਓ ਅੰਬੇਡਕਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਦਿਆ ਸ਼ੇਰਨੀ ਦੇ ਦੁੱਧ ਵਰਗੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਸਿੱਖਿਆ ਅਤੇ ਸਿਹਤ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ। ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਦੇਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਕੋਈ ਵੀ ਵਿਅਕਤੀ ਇਲਾਜ ਤੋਂ ਵਾਂਝਾ ਨਾ ਰਹੇ।
ਅੰਤ ਵਿੱਚ ਮੁੱਖ ਮੰਤਰੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਲੋਕ ਸੇਵਾ ਲਈ ਸ਼ਕਤੀ ਅਤੇ ਅਸੀਸ ਦੀ ਅਰਦਾਸ ਕੀਤੀ।