ਪੱਤਰ ਮੁਤਾਬਕ ਜੇਕਰ ਉੱਤਰ ਕੁੰਜੀਆਂ ਸਬੰਧੀ ਕਿਸੇ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ 6 ਮਾਰਚ ਸ਼ਾਮ 5 ਵਜੇ ਤੱਕ ਐੱਸਓਈ ਪੋਰਟਲ ‘ਤੇ ਅਪਲੋਡ ਕੀਤਾ ਜਾਣਾ ਸੀ ਅਤੇ ਇਸ ਸਮੇਂ ਤੋਂ ਬਾਅਦ ਪ੍ਰਾਪਤ ਇਤਰਾਜ਼ਾਂ ’ਤੇ ਵਿਚਾਰ ਨਹੀਂ ਕੀਤਾ ਜਾਣਾ। ਹਾਲਾਂਕਿ, ਜੇਕਰ ਇਹ ਪੱਤਰ ਵੈਬਸਾਈਟ ’ਤੇ 11 ਮਾਰਚ ਨੂੰ ਅਪਲੋਡ ਕੀਤਾ ਗਿਆ ਹੈ ਤਾਂ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਵਿਦਿਆਰਥੀ 6 ਮਾਰਚ ਤੱਕ ਆਪਣੀਆਂ ਆਪਤੀਆਂ ਕਿਵੇਂ ਦਰਜ ਕਰਵਾ ਸਕਦੇ ਸਨ।

ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਦੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਸਕੂਲ ਆਫ ਐਮੀਨੈਂਸ (ਐਸਓਈ) ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਹੋਈ ਪ੍ਰੀਖਿਆ ਸਬੰਧੀ ਜਾਰੀ ਕੀਤਾ ਗਿਆ ਇਕ ਪੱਤਰ ਡੈਡਲਾਈਨ ਬੀਤ ਜਾਣ ਤੋਂ ਬਾਅਦ ਪੋਰਟਲ ‘ਤੇ ਅਪਲੋਡ ਹੋਣ ਨਾਲ ਵਿਦਿਆਰਥੀਆਂ ਦੇ ਭਵਿੱਖ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਅਧਿਕਾਰਕ ਸੂਤਰਾਂ ਮੁਤਾਬਕ ਸਿੱਖਿਆ ਵਿਭਾਗ ਨਾਲ ਸੰਬੰਧਿਤ ਵੈਬਸਾਈਟ https://www.ssapunjab.org/subpages/instructions.html ਦੇ ਡੇਲੀ ਸਰਕੁਲਰ ਭਾਗ ਵਿੱਚ ‘ਐਸਓਈ ਪ੍ਰੀਖਿਆ’ ਸਬੰਧੀ ਇਕ ਪੱਤਰ ਅਪਲੋਡ ਕੀਤਾ ਗਿਆ ਹੈ, ਜਿਸ ਦਾ ਮੀਮੋ ਨੰਬਰ SCERT-SDP01/124/2026-SDP-SCERT/1013657/31 ਹੈ। ਪੱਤਰ ’ਤੇ ਤਾਰੀਕ 3 ਮਾਰਚ 2026 ਦਰਜ ਹੈ, ਪਰ ਜਾਣਕਾਰੀ ਅਨੁਸਾਰ ਇਹ ਦਸਤਾਵੇਜ਼ ਵੈਬਸਾਈਟ ’ਤੇ 11 ਮਾਰਚ 2026 ਨੂੰ ਅਪਲੋਡ ਕੀਤਾ ਗਿਆ।
ਪੱਤਰ ਵਿੱਚ ਦਰਸਾਇਆ ਗਿਆ ਹੈ ਕਿ ਸਾਲ 2026-27 ਲਈ ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਦੀਆਂ 9ਵੀਂ ਅਤੇ 11ਵੀਂ ਜਮਾਤਾਂ ਵਿੱਚ ਦਾਖਲੇ ਲਈ ਪ੍ਰੀਖਿਆ 1 ਮਾਰਚ 2026 ਨੂੰ ਕਰਵਾਈ ਗਈ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਅਤੇ ਉੱਤਰ ਕੁੰਜੀਆਂ 3 ਮਾਰਚ ਤੋਂ 6 ਮਾਰਚ ਤੱਕ ਸੰਬੰਧਿਤ ਪੋਰਟਲ ’ਤੇ ਲਾਈਵ ਕੀਤੀਆਂ ਗਈਆਂ ਸਨ।
ਪੱਤਰ ਮੁਤਾਬਕ ਜੇਕਰ ਉੱਤਰ ਕੁੰਜੀਆਂ ਸਬੰਧੀ ਕਿਸੇ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ 6 ਮਾਰਚ ਸ਼ਾਮ 5 ਵਜੇ ਤੱਕ ਐੱਸਓਈ ਪੋਰਟਲ ‘ਤੇ ਅਪਲੋਡ ਕੀਤਾ ਜਾਣਾ ਸੀ ਅਤੇ ਇਸ ਸਮੇਂ ਤੋਂ ਬਾਅਦ ਪ੍ਰਾਪਤ ਇਤਰਾਜ਼ਾਂ ’ਤੇ ਵਿਚਾਰ ਨਹੀਂ ਕੀਤਾ ਜਾਣਾ।
ਹਾਲਾਂਕਿ, ਜੇਕਰ ਇਹ ਪੱਤਰ ਵੈਬਸਾਈਟ ’ਤੇ 11 ਮਾਰਚ ਨੂੰ ਅਪਲੋਡ ਕੀਤਾ ਗਿਆ ਹੈ ਤਾਂ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਵਿਦਿਆਰਥੀ 6 ਮਾਰਚ ਤੱਕ ਆਪਣੀਆਂ ਆਪਤੀਆਂ ਕਿਵੇਂ ਦਰਜ ਕਰਵਾ ਸਕਦੇ ਸਨ।
ਅਧਿਕਾਰਕ ਸੂਤਰਾਂ ਮੁਤਾਬਕ ਇਸ ਤਰ੍ਹਾਂ ਦੀ ਸਥਿਤੀ ਕਾਰਨ ਕਈ ਵਿਦਿਆਰਥੀਆਂ ਨੂੰ ਉੱਤਰ ਕੁੰਜੀਆਂ ਵਿੱਚ ਸੰਭਾਵਿਤ ਗਲਤੀਆਂ ਸਬੰਧੀ ਇਤਰਾਜ਼ ਦਰਜ ਕਰਵਾਉਣ ਦਾ ਮੌਕਾ ਨਹੀਂ ਮਿਲ ਸਕਿਆ ਹੋਵੇਗਾ। ਇਸ ਮਾਮਲੇ ਨੂੰ ਲੈ ਕੇ ਹੁਣ ਪ੍ਰਕਿਰਿਆ ਦੀ ਪਾਰਦਰਸ਼ਤਾ ‘ਤੇ ਵੀ ਸਵਾਲ ਉੱਠ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਿੱਖਿਆ ਵਿਭਾਗ ਇਸ ਮਾਮਲੇ ‘ਚ ਕੋਈ ਸਪੱਸ਼ਟੀਕਰਨ ਜਾਂ ਸੁਧਾਰਾਤਮਕ ਕਦਮ ਚੁੱਕਦਾ ਹੈ ਜਾਂ ਵਿਦਿਆਰਥੀਆਂ ਨੂੰ ਇਸ ਲਾਪਰਵਾਹੀ ਦਾ ਖਮਿਆਜ਼ਾ ਭੁਗਤਣਾ ਪਵੇਗਾ।