- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਕੇ 'ਤੇ ਪਹੁੰਚੀ ਥਾਣਾ ਹਰਿਆਣਾ ਦੀ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਲਿੰਕ ਰੋਡ ਤੋਂ ਤੜਕਸਾਰ 6 ਵਜੇ ਦੇ ਕਰੀਬ ਮੇਨ ਰੋਡ 'ਤੇ ਚੜਨ ਲੱਗੇ ਸਨ ਤਾਂ ਦਸੂਆ ਸਾਈਡ ਤੋਂ ਆ ਰਹੀ ਪਨਬਸ ਨਾਲ ਇਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ।

ਕਮਲ/ਗੌਰਵ, ਪੰਜਾਬੀ ਜਾਗਰਣ, ਹਰਿਆਣਾ (ਹੁਸ਼ਿਆਰਪੁਰ) : ਸ਼ਨਿਚਰਵਾਰ ਸਵੇਰੇ ਕਰੀਬ ਛੇ ਵਜੇ ਸੰਘਣੀ ਧੁੰਦ ਵਿਚ ਹੁਸ਼ਿਆਰਪੁਰ-ਦਸੂਹਾ ਮੁੱਖ ਮਾਰਗ ’ਤੇ ਅੱਡਾ ਦੁਸੜਕਾਂ ਨੇੜੇ ਤੇਜ਼ ਰਫ਼ਤਾਰ ਪੰਜਾਬ ਰੋਡਵੇਜ਼ ਬੱਸ ਅਤੇ ਕਾਰ ਦੀ ਟੱਕਰ ਨਾਲ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਇਕ ਨੌਜਵਾਨ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ। ਸਾਰੇ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਦੌਲਤਪੁਰ ਦੇ ਪਿੰਡ ਚਲੇਟ ਦੇ ਰਹਿਣ ਵਾਲੇ ਸਨ। ਸਾਰੇ ਜਣੇ ਪਰਿਵਾਰ ਦੇ ਇਕ ਨੌਜਵਾਨ ਨੂੰ ਅੰਮ੍ਰਿਤਸਰ ਹਵਾਈ ਅੱਡੇ ’ਤੇ ਛੱਡਣ ਜਾ ਰਹੇ ਸਨ।
ਜਾਣਕਾਰੀ ਮੁਤਾਬਕ, ਅਮਿਤ ਕੁਮਾਰ (24) ਦੀ ਸ਼ਨਿਚਰਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁਬਈ ਲਈ ਉਡਾਣ ਸੀ। ਉਸ ਨੂੰ ਸਵੇਰੇ ਨੌਂ ਵਜੇ ਏਅਰਪੋਰਟ ਦੇ ਅੰਦਰ ਦਾਖ਼ਲ ਹੋਣਾ ਸੀ। ਸੁਖਵਿੰਦਰ ਸਿੰਘ (45) ਆਪਣੀ ਕਾਰ ’ਚ ਅਮਿਤ ਨੂੰ ਛੱਡਣ ਜਾ ਰਿਹਾ ਸੀ। ਕਾਰ ਵਿਚ ਸੁਸ਼ੀਲ ਕੁਮਾਰ (46), ਬ੍ਰਿਜ ਕੁਮਾਰ (38) ਅਤੇ ਅਰੁਣ ਕੁਮਾਰ (45) ਵੀ ਸਵਾਰ ਸਨ। ਸੁਖਵਿੰਦਰ ਕਾਰ ਚਲਾ ਰਿਹਾ ਸੀ ਜਦਕਿ ਅਗਲੀ ਸੀਟ ’ਤੇ ਅਮਿਤ ਬੈਠਾ ਸੀ। ਸੁਸ਼ੀਲ, ਬ੍ਰਿਜ ਤੇ ਅਰੁਣ ਪਿਛਲੀ ਸੀਟ ’ਤੇ ਬੈਠੇ ਸਨ। ਸਵੇਰੇ ਛੇ ਵਜੇ ਦੇ ਕਰੀਬ ਸੰਘਣੀ ਧੁੰਦ ਵਿਚ ਅੱਡਾ ਦੁਸੜਕਾਂ ਪਹੁੰਚਣ ’ਤੇ ਲਿੰਕ ਰੋਡ ਢੋਲਬਾਹਾ ਤੋਂ ਮੁੱਖ ਮਾਰਗ ’ਤੇ ਕਾਰ ਚੜ੍ਹਦੇ ਹੀ ਤੇਜ਼ ਰਫਤਾਰ ਬੱਸ ਨਾਲ ਜ਼ੋਰਦਾਰ ਟੱਕਰ ਹੋ ਗਈ।
ਬੱਸ ਕਰੀਬ 200 ਮੀਟਰ ਤੱਕ ਕਾਰ ਨੂੰ ਘੜੀਸਦੀ ਲੈ ਗਈ। ਸੰਘਣੀ ਧੁੰਦ ਕਾਰਨ ਸੜਕ ’ਤੇ ਦਿਸਣ ਹੱਦ ਕਾਫੀ ਘੱਟ ਸੀ ਜਿਸ ਕਾਰਨ ਹਾਈਵੇ ’ਤੇ ਦਸੂਹਾ ਵੱਲੋਂ ਰਹੀ ਤੇਜ਼ ਰਫ਼ਤਾਰ ਬੱਸ ਸੁਖਵਿੰਦਰ ਨੂੰ ਦਿਖਾਈ ਨਹੀਂ ਦਿੱਤੀ। ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਚਲਾ ਰਹੇ ਸੁਖਵਿੰਦਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਵਿਚ ਬੈਠੇ ਹੋਰ ਲੋਕ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ। ਹਾਦਸੇ ਵਿਚ ਅਗਲੀ ਸੀਟ ’ਤੇ ਬੈਠਾ ਅਮਿਤ ਏਅਰਬੈਗ ਖੁੱਲ੍ਹਣ ਕਾਰਨ ਬਚ ਗਿਆ। ਉਹ ਕਿਸੇ ਤਰ੍ਹਾਂ ਕਾਰ ’ਚੋਂ ਬਾਹਰ ਨਿਕਲਿਆ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਮਦਦ ਮੰਗ ਕੇ ਗੰਭੀਰ ਜ਼ਖ਼ਮੀ ਸੁਸ਼ੀਲ, ਬ੍ਰਿਜ ਤੇ ਅਰੁਣ ਨੂੰ ਬਾਹਰ ਕੱਢਿਆ। ਸਰਕਾਰੀ ਹਸਪਤਾਲ ਹੁਸ਼ਿਆਰਪੁਰ ਪੁੱਜਣ ਤੋਂ ਪਹਿਲਾਂ ਉਨ੍ਹਾਂ ਤਿੰਨਾਂ ਨੇ ਵੀ ਦਮ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਹਰਿਆਣਾ ਦੇ ਐੱਸਐੱਚਓ ਕਿਰਨ ਸਿੰਘ ਤੇ ਭੂੰਗਾ ਚੌਂਕੀ ਇੰਚਾਰਜ ਏਐੱਸਆਈ ਗੁਰਮੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ।
ਕਾਸ਼! ਇਹ ਸਫ਼ਰ ਕਦੇ ਸ਼ੁਰੂ ਹੀ ਨਾ ਹੋਇਆ ਹੁੰਦਾ...
ਹਿਮਾਚਲ ’ਚ ਪੈਂਦੇ ਪਿੰਡ ਚਲੇਟ ਲਈ ਸ਼ਨਿਚਰਵਾਰ ਦੀ ਸਵੇਰ ਮਾਤਮ ਲੈ ਕੇ ਆਈ। ਹੁਸ਼ਿਆਰਪੁਰ ਹਾਦਸੇ ਵਿਚ ਮਾਰੇ ਗਏ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਪਿੰਡ ਲਿਆਂਦੀਆਂ ਗਈਆਂ ਤਾਂ ਹਾਹਾਕਾਰ ਮਚ ਗਈ। ਹਾਦਸੇ ਵਿਚ ਬਚਿਆ ਵਿਦੇਸ਼ ਜਾ ਰਿਹਾ ਅਮਿਤ ਕਰੀਬ ਇਕ ਘੰਟੇ ਦਾ ਸਫ਼ਰ ਹੀ ਤੈਅ ਕਰ ਸਕਿਆ ਸੀ। ਉਸ ਨੂੰ ਇਲਾਜ ਲਈ ਹੁਸ਼ਿਆਰਪੁਰ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਵਿਚ ਮਾਰੇ ਗਏ ਸਾਰੇ ਜਣੇ ਚਚੇਰੇ ਭਰਾ ਸਨ। ਅਮਿਤ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। ਕੰਮਕਾਜ ਦੇ ਸਿਲਸਿਲੇ ’ਚ ਉਹ ਕ੍ਰੋਏਸ਼ੀਆ ਜਾ ਰਿਹਾ ਸੀ।