ਤੇਜ਼ ਰਫ਼ਤਾਰ ਦਾ ਕਹਿਰ: ਬੱਸ ਤੇ ਟਿੱਪਰ ਵਿਚਾਲੇ ਹੋਈ ਜ਼ਬਰਦਸਤ ਟੱਕਰ, ਮਚਿਆ ਚੀਕ-ਚਿਹਾੜਾ
ਵੀਰਵਾਰ ਨੂੰ ਬਾਅਦ ਦੁਪਹਿਰ ਕਲਾਨੌਰ ਤੋਂ ਗੁਜਰਦੇ ਨੈਸ਼ਨਲ ਹਾਈਵੇ 354 ’ਤੇ ਗੁਰਦਾਸਪੁਰ ਰੋਡ ਸਥਿਤ ਅੱਡ ਭਿਖਾਰੀਵਾ ਨੇੜੇ ਬੱਸ ਅਤੇ ਟਿੱਪਰ ਦਰਮਿਆਨ ਹੋਈ ਟੱਕਰ ’ਚ 10 ਦੇ ਕਰੀਬ ਸਵਾਰੀਆਂ ਫੱਟੜ ਹੋ ਗਈਆਂ।
Publish Date: Thu, 30 Apr 2026 03:04 PM (IST)
Updated Date: Thu, 30 Apr 2026 03:08 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ। ਵੀਰਵਾਰ ਨੂੰ ਬਾਅਦ ਦੁਪਹਿਰ ਕਲਾਨੌਰ ਤੋਂ ਗੁਜਰਦੇ ਨੈਸ਼ਨਲ ਹਾਈਵੇ 354 ’ਤੇ ਗੁਰਦਾਸਪੁਰ ਰੋਡ ਸਥਿਤ ਅੱਡ ਭਿਖਾਰੀਵਾ ਨੇੜੇ ਬੱਸ ਅਤੇ ਟਿੱਪਰ ਦਰਮਿਆਨ ਹੋਈ ਟੱਕਰ ’ਚ 10 ਦੇ ਕਰੀਬ ਸਵਾਰੀਆਂ ਫੱਟੜ ਹੋ ਗਈਆਂ।
ਇਸ ਘਟਨਾ ਦੀ ਖਬਰ ਸੁਣਦਿਆਂ ਹੀ ਪੁਲਿਸ ਥਾਣਾ ਕਲਾਨੌਰ ਦੇ ਐੱਸ.ਐੱਚ. ਓ. ਜਤਿੰਦਰ ਪਾਲ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਇਸ ਮੌਕੇ ’ਤੇ ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਬੱਸ ਨੰਬਰ ਪੀਬੀ06 2844 ਕਲਾਨੌਰ ਤੋਂ ਗੁਰਦਾਸਪੁਰ ਜਾ ਰਹੀ ਸੀ ਕਿ ਜਦੋਂ ਬਸ ਅੱਡਾ ਭਿਖਾਰੀਵਾਲ ਨਜ਼ਦੀਕ ਜਾ ਰਹੀ ਸੀ ਕਿ ਬੱਸ ਦੇ ਪਿੱਛੇ ਤੋਂ ਆ ਰਹੇ ਟਿੱਪਰ ਜੋ ਗੁਰਦਾਸਪੁਰ ਨੂੰ ਜਾ ਰਿਹਾ ਸੀ, ਬੱਸ ਦੇ ਪਿੱਛੇ ਆ ਵੱਜਾ ਅਤੇ ਬੱਸ ਸੜਕ ਨਾਲ ਲੱਗਦੇ ਦਰਖਤਾਂ ਵਿੱਚ ਜਾ ਵੱਜੀ।
ਜਿਸ ਵਿੱਚ ਸਵਾਰ ਮਹਿਲਾਂ ਅਤੇ ਪੁਰਸ਼, ਜਿਨਾਂ ਦੀ ਗਿਣਤੀ 10 ਦੇ ਕਰੀਬ ਦੱਸੀ ਜਾ ਰਹੀ ਹੈ, ਉਹ ਫੱਟੜ ਹੋ ਗਏ। ਐੱਸ.ਐੱਚ.ਓ. ਜਤਿੰਦਰ ਪਾਲ ਨੇ ਦੱਸਿਆ ਕਿ ਮੌਕੇ ’ਤੇ ਪਹੁੰਚੇ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਅਤੇ 112 ਐਂਬੂਲੈਂਸ ਰਾਹੀ ਜ਼ਖਮੀਆਂ ਨੂੰ ਗੁਰਦਾਸਪੁਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ।