ਇਸ ਮੌਕੇ ਕਿਸਾਨ ਜਸਬੀਰ ਸਿੰਘ ਗੁਰਾਇਆ ਨੇ ਦੱਸਿਆ ਕਿ ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰਾਖੰਡ, ਜੰਮੂ ਹਿਮਾਚਲ ਦੇ ਡਰਾਈ ਏਰੀਏ ਨਾਲ ਸਬੰਧਤ ਰਾਜਮਾਂਹ ਦੀ ਫ਼ਸਲ ਉਨ੍ਹਾਂ ਪਿਛਲੇ ਸਾਲ ਤੋਂ ਆਪਣੇ ਖੇਤਾਂ ’ਚ ਬਿਜਾਈ ਕਰਨੀ ਸ਼ੁਰੂ ਕੀਤੀ ਸੀ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਜਿੱਥੇ ਕਿਸਾਨਾਂ ਨੂੰ ਝੋਨੇ ਤੇ ਕਣਕ ਦੇ ਫ਼ਸਲੀ ਚੱਕਰ ਤੋਂ ਬਾਹਰ ਨਿਕਲ ਕੇ ਦਾਲਾਂ, ਸਬਜ਼ੀਆਂ ਤੇ ਹੋਰ ਫਸਲਾਂ ਦੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉੱਥੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਾਰਡਰ ਏਰੀਏ ’ਚ ਸੂਝਵਾਨ ਪਿਓ-ਪੁੱਤ ਵੱਲੋਂ ਡਰਾਈ ਏਰੀਏ ਨਾਲ ਸਬੰਧਤ ਰਾਜਮਾਂਹ ਦੀ ਫ਼ਸਲ ਵੱਡੇ ਪੱਧਰ ’ਤੇ ਬਿਜਾਈ ਕੀਤੀ ਗਈ ਹੈ। ਇਸ ਮੌਕੇ ਕਿਸਾਨ ਜਸਬੀਰ ਸਿੰਘ ਗੁਰਾਇਆ ਨੇ ਦੱਸਿਆ ਕਿ ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰਾਖੰਡ, ਜੰਮੂ ਹਿਮਾਚਲ ਦੇ ਡਰਾਈ ਏਰੀਏ ਨਾਲ ਸਬੰਧਤ ਰਾਜਮਾਂਹ ਦੀ ਫ਼ਸਲ ਉਨ੍ਹਾਂ ਪਿਛਲੇ ਸਾਲ ਤੋਂ ਆਪਣੇ ਖੇਤਾਂ ’ਚ ਬਿਜਾਈ ਕਰਨੀ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਸ ਨੇ ਕਰੀਬ ਸਾਢੇ ਚਾਰ ਏਕੜ ਜ਼ਮੀਨ ਵਿਚ ਰਾਜਮਾਂਹ ਦੀ ਖੇਤੀ ਕੀਤੀ ਸੀ ਅਤੇ ਪਹਿਲੀ ਵਾਰ ਉਹਨਾਂ ਨੂੰ ਰਾਜਮਾਂਹ ਦੀ ਬਿਜਾਈ ਦੀ ਵਧੇਰੇ ਜਾਣਕਾਰੀ ਨਾ ਹੋਣ ਦੇ ਬਾਵਜੂਦ ਵੀ ਅੱਠ ਕੁਇੰਟਲ ਪ੍ਰਤੀ ਏਕੜ ਵਿੱਚੋਂ ਝਾੜ ਨਿਕਲਿਆ ਸੀ ਅਤੇ 8 ਹਜ਼ਾਰ ਪ੍ਰਤੀ ਕੁਇੰਟਲ ਰਾਜਮਾਂਹ ਹੱਥੋਂ ਹੱਥੀ ਵਿਕੇ ਸਨ। ਜਸਬੀਰ ਸਿੰਘ ਅਤੇ ਉਸ ਦੇ ਪੁੱਤਰ ਸੰਦੀਪ ਗੁਰਾਇਆ ਨੇ ਦੱਸਿਆ ਕਿ ਰਾਜਮਾਂਹ ਦੀ ਖੇਤੀ ਲਾਹੇਵੰਦ ਹੋਣ ਕਾਰਨ ਇਸ ਵਾਰ ਉਹਨਾਂ ਨੇ 28 ਏਕੜ ਵਿੱਚ ਰਾਜਮਾਂਹ ਦੀ ਖੇਤੀ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਰਾਜਮਾਂਹ ਦੀ ਖੇਤੀ ਉਹਨਾਂ ਨੇ ਅੰਮ੍ਰਿਤਸਰ ਦੇ ਮਾਨਾਵਾਲਾ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਰੰਧਾਵਾ ਤੋਂ ਪ੍ਰੇਰਿਤ ਹੋ ਕੇ ਸ਼ੁਰੂ ਕੀਤੀ ਹੈ। ਉਹਨਾਂ ਦੱਸਿਆ ਕਿ ਰਾਜਮਾਂਹ ਦੀ ਖੇਤੀ ਦਾ ਢੁਕਵਾਂ ਸਮਾਂ 15 ਜਨਵਰੀ ਤੋਂ ਲੈ ਕੇ 15 ਫਰਵਰੀ ਤੱਕ ਹੈ ਅਤੇ ਬਿਜਾਈ ਤੋਂ ਤਿੰਨ ਮਹੀਨੇ ਬਾਅਦ ਰਾਜਮਾਂਹ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਇਸ ਵਾਰ ਉਹਨਾਂ ਦੇ ਖੇਤਾਂ ਵਿੱਚ ਬਰਸਾਤੀ ਪਾਣੀ ਆਉਣ ਕਾਰਨ ਉਹਨਾਂ ਨੇ ਰਾਜਮਾਂਹ ਦੀ ਬਿਜਾਈ 8 ਫਰਵਰੀ ਤੋਂ ਸ਼ੁਰੂ ਕੀਤੀ ਸੀ। ਇਸ ਵਾਰ ਉਨ੍ਹਾਂ ਪ੍ਰਤੀ ਏਕੜ ਜ਼ਮੀਨ ਵਿਚ 32 ਕਿੱਲੋ ਰਾਜਮਾਂਹ ਦਾ ਬੀਜ ਪ੍ਰਤੀ ਕਿੱਲੋ 250 ਰੁਪਏ ਲੈ ਕੇ ਮਸ਼ੀਨ ਨਾਲ ਬਿਜਾਈ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪ੍ਰਤੀ ਏਕੜ ਜਮੀਨ ਵਿੱਚ ਤਿੰਨ ਬੋਰੀਆਂ ਡਾਇਆ ਖਾਦ, ਇਕ ਬੋਰੀ ਪੋਟਾਸ਼ ਖਾਦ ਅਤੇ ਇੱਕ ਬੋਰੀ ਯੂਰੀਆ ਖਾਦ ਸਮੇਤ ਪ੍ਰਤੀ ਏਕੜ 15 ਹਜ਼ਾਰ ਦੇ ਕਰੀਬ ਖਰਚਾ ਆਉਂਦਾ ਹੈ। ਜਸਬੀਰ ਸਿੰਘ ਗੁਰਾਇਆ ਅਤੇ ਸੰਦੀਪ ਸਿੰਘ ਗੁਰਾਇਆ ਨੇ ਦੱਸਿਆਂ ਕਿ ਉਨ੍ਹਾਂ ਨੇ ਇਸ ਵਾਰ ਆਪਣੇ ਖੇਤਾਂ ਵਿੱਚ ਬਿਜਾਈ ਕੀਤੀ ਅਗੇਤੀ ਬਾਸਮਤੀ 1509 ਦੀ ਕਟਾਈ ਕਰਨ ਤੋਂ ਬਾਅਦ ਅਗੇਤੇ ਮਟਰਾਂ ਦੀ ਬਿਜਾਈ ਕਰਨ ਤੋਂ ਬਾਅਦ ਉਨ੍ਹਾਂ ਆਪਣੇ ਖੇਤਾਂ ਵਿੱਚ ਤੀਸਰੀ ਫ਼ਸਲ ਰਾਜਮਾਂਹ ਦੀ ਬਿਜਾਈ ਕੀਤੀ ਹੈ। ਇਸ ਮੌਕੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਸਫ਼ਲ ਕਿਸਾਨ ਬਨਣ ਅਤੇ ਆਰਥਿਕ ਖੁਸ਼ਹਾਲੀ ਲਿਆਉਣ ਲਈ ਸਾਨੂੰ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਰਾਜਮਾਂਹ, ਫ਼ਲ ,ਫਰੂਟ ਅਤੇ ਵੱਖ-ਵੱਖ ਦਾਲ ਸਬਜ਼ੀਆਂ ਦੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਰਾਜਮਾਂਹ ਦੀ ਖੇਤੀ ਤੋਂ ਚੋਖੀ ਆਮਦਨ ਕਰ ਰਹੇ ਨੇ ਕਿਸਾਨ : ਜ਼ਿਲ੍ਹਾ ਖੇਤੀਬਾੜੀ ਅਫਸਰ
ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਖੇਤੀਬਾੜੀ ਅਫਸਰ ਠਾਕੁਰ ਰਣਧੀਰ ਸਿੰਘ ਨੇ ਦੱਸਿਆ ਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੂਝਵਾਨ ਕਿਸਾਨ ਰਾਜਮਾਂਹ ਦੀ ਖੇਤੀ ਨੂੰ ਅਪਣਾ ਕੇ ਚੋਖੀ ਆਮਦਨ ਕਰ ਰਹੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਆਮਦਨ ਵਾਲੀਆਂ ਫਸਲਾਂ ਦੀ ਬਿਜਾਈ ਨੂੰ ਪਹਿਲ ਦੇਣ ਅਤੇ ਰਾਜਮਾਂਹ ਫ਼ਸਲ ਦੀ ਖੇਤੀ ਲਾਹੇਵੰਦ ਹੈ ਅਤੇ ਕਿਸਾਨ ਇਸ ਖੇਤੀ ਨੂੰ ਅਪਣਾ ਕੇ ਖੁਸ਼ਹਾਲ ਹੋਣ।