Gurdaspur News : ਅਸਾਮ 'ਚ ਡਿਊਟੀ 'ਤੇ ਗਿਆ ਗੁਰਦਾਸਪੁਰ ਦਾ ਫ਼ੌਜੀ ਜਵਾਨ ਭੇਤਭਰੇ ਹਾਲਾਤ 'ਚ ਲਾਪਤਾ, ਪਰਿਵਾਰ ਨੇ ਅਗਵਾ ਹੋਣ ਦਾ ਪ੍ਰਗਟਾਇਆ ਖਦਸ਼ਾ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਾਖਲਾ ਦਾ ਰਹਿਣ ਵਾਲਾ 27 ਸਾਲਾ ਫੌਜੀ ਜਵਾਨ ਜਸਵਿੰਦਰ ਕੁਮਾਰ ਡਿਊਟੀ ਤੇ ਜਾਂਦਿਆਂ ਰਾਹ ਵਿਚ ਭੇਤਭਰੇ ਹਾਲਾਤ ਵਿਚ ਲਾਪਤਾ ਹੋ ਗਿਆ। ਜਸਵਿੰਦਰ ਅੰਮ੍ਰਿਤਸਰ ਤੋਂ 17 ਮਈ ਨੂੰ ਟ੍ਰੇਨ 'ਚ ਬੈਠਾ ਸੀ ਅਤੇ ਅਸਾਮ ਦੇ ਡਿਬਰੂਗੜ੍ਹ ਲਈ ਰਵਾਨਾ ਹੋਇਆ ਸੀ।
Publish Date: Wed, 27 May 2026 06:48 PM (IST)
Updated Date: Wed, 27 May 2026 06:52 PM (IST)
ਆਕਾਸ਼, ਪੰਜਾਬੀ ਜਾਗਰਣ, ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਾਖਲਾ ਦਾ ਰਹਿਣ ਵਾਲਾ 27 ਸਾਲਾ ਫੌਜੀ ਜਵਾਨ ਜਸਵਿੰਦਰ ਕੁਮਾਰ ਡਿਊਟੀ ਤੇ ਜਾਂਦਿਆਂ ਰਾਹ ਵਿਚ ਭੇਤਭਰੇ ਹਾਲਾਤ ਵਿਚ ਲਾਪਤਾ ਹੋ ਗਿਆ। ਜਸਵਿੰਦਰ ਅੰਮ੍ਰਿਤਸਰ ਤੋਂ 17 ਮਈ ਨੂੰ ਟ੍ਰੇਨ 'ਚ ਬੈਠਾ ਸੀ ਅਤੇ ਅਸਾਮ ਦੇ ਡਿਬਰੂਗੜ੍ਹ ਲਈ ਰਵਾਨਾ ਹੋਇਆ ਸੀ। ਉਸਦੀ ਯੂਨਿਟ ਡੋਗਰਾ ਰੈਜੀਮੈਂਟ ਨੂੰ ਜਾਣਕਾਰੀ ਮਿਲੀ ਕਿ ਆਖਰੀ ਵਾਰ ਉਹ ਡਿਬਰੂਗੜ੍ਹ ਰੇਲਵੇ ਸਟੇਸ਼ਨ 'ਤੇ ਹੀ ਦੇਖਿਆ ਗਿਆ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਚੱਲ ਰਿਹਾ। ਯੂਨਿਟ ਦੇ ਮੈਂਬਰ ਉਸਨੂੰ ਲੱਭਣ ਲਈ ਉਸ ਦੇ ਘਰ ਪਿੰਡ ਦਾਖਲਾ ਵਿਖੇ ਵੀ ਪਹੁੰਚੇ ਸਨ ਅਤੇ ਉਸ ਬਾਰੇ ਪੁੱਛਗਿੱਛ ਕਰਕੇ ਚਲੇ ਗਏ।
ਜਵਾਨ ਦਾ ਪਰਿਵਾਰ ਸ਼ੱਕ ਪ੍ਰਗਟਾ ਰਿਹਾ ਹੈ ਕਿ ਜਸਵਿੰਦਰ ਨੂੰ ਕਿਸੇ ਵੱਲੋਂ ਅਗ਼ਵਾ ਕਰ ਲਿਆ ਗਿਆ ਹੈ ਕਿਉਂਕਿ ਉਸ ਦਾ ਫੋਨ ਇੱਕ ਦਿਨ 23 ਮਈ ਨੂੰ ਚਲਿਆ ਸੀ ਪਰ ਉਸ'ਤੇ ਕੋਈ ਅਸਾਮ ਦਾ ਹੀ ਆਦਮੀ ਬੋਲ ਰਿਹਾ ਸੀ। ਜਸਵਿੰਦਰ ਦਾ ਫੋਨ ਕਿਸੇ ਹੋਰ ਦੇ ਹੱਥ ਲੱਗ ਚੁੱਕਿਆ ਹੈ ਅਤੇ ਹੁਣ ਉਹ ਬੰਦ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਜਸਵਿੰਦਰ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸਦੀ ਬਜ਼ੁਰਗ ਮਾਂ ਰੋ-ਰੋ ਕੇ ਗੁਹਾਰ ਲਗਾ ਰਹੀ ਹੈ ਕਿ ਉਸਦੇ ਪੁੱਤਰ ਦੀ ਭਾਲ ਕੀਤੀ ਜਾਵੇ।
ਜਸਵਿੰਦਰ ਦੀ ਮਾਂ ਦਾ ਹੋਰ ਕਹਿਣਾ ਹੈ ਕਿ ਉਸਦੀ ਆਖਰੀ ਵਾਰ ਜਸਵਿੰਦਰ ਨਾਲ ਉਸ ਵੇਲੇ ਗੱਲ ਹੋਈ ਜਦੋਂ ਦਿੱਲੀ ਪਹੁੰਚ ਗਿਆ ਸੀ । ਉਸ ਵੇਲੇ ਉਹ ਬਿਲਕੁਲ ਸਹੀ ਸਲਾਮਤ ਸੀ ਅਤੇ ਬਾਅਦ ਵਿੱਚ ਪਤਾ ਲੱਗਿਆ ਸੀ ਕਿ ਉਹ ਡਿਬਰੂਗੜ੍ਹ ਵੀ ਪਹੁੰਚ ਗਿਆ ਹੈ। ਪਰ ਉਸ ਤੋਂ ਬਾਅਦ ਉਸ ਦਾ ਕੋਈ ਅਤਾ ਪਤਾ ਨਹੀਂ ਚੱਲਿਆ ਅਤੇ ਉਸਦਾ ਫੋਨ ਵੀ ਬੰਦ ਹੋ ਗਿਆ। ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਉਸਦੀ ਯੂਨਿਟ ਉਸ ਨੂੰ ਲੱਭਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।