ਹਾਈ ਵੋਲਟੇਜ ਵਾਲੀਆਂ ਤਾਰਾਂ ਵਾਲੇ ਟਾਵਰ 'ਤੇ ਚੜੇ ਪਿਓ-ਪੁੱਤ ਆਪਣੀਆਂ ਮੰਗਾਂ ਨੂੰ ਲੈ ਕੇ ਅਜੇ ਵੀ ਬਜ਼ਿੱਦ, ਕਰੀਬ 24 ਘੰਟਿਆਂ ਤੋਂ ਟਾਵਰ 'ਤੇ ਬੈਠੇ
ਬਟਾਲਾ ਦੇ ਸਿਵਲ ਲਾਈਨ ਥਾਣਾ ਪੁਲਿਸ ਨੇ ਅਦਾਲਤ ਚ ਹੋਈ ਲੜਾਈ ਦੇ ਮਾਮਲੇ ਚ ਹਰਦੇਵ ਸਿੰਘ ਉਸਦੇ ਪੁੱਤਰ ਹਰਮਨਦੀਪ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਸੀ। ਹਰਦੇਵ ਸਿੰਘ ਨੇ ਬੀਤੇ ਕੱਲ ਦੋਸ਼ ਲਗਾਇਆ ਸੀ ਕਿ ਪੁਲਿਸ ਉਸਦੇ ਛੋਟੇ ਪੁੱਤਰ ਨੂੰ ਘਰੋਂ ਚੁੱਕ ਕੇ ਲੈ ਗਈ ਹੈ ਜਦ ਕਿ ਥਾਣਾ ਸਿਵਲ ਲਾਈਨ ਦੇ ਐਸਐਚਓ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ
Publish Date: Thu, 09 Apr 2026 12:07 PM (IST)
Updated Date: Thu, 09 Apr 2026 12:10 PM (IST)
ਸੁਖਦੇਵ ਸਿੰਘ/ਰਣਜੀਤ ਬਾਵਾ, ਬਟਾਲਾ/ਘੁਮਾਣ : ਬੁੱਧਵਾਰ ਦੀ ਸਵੇਰ ਤੋਂ ਕਸਬਾ ਘੁਮਾਣ ਦੇ ਨਜ਼ਦੀਕ ਪਿੰਡ ਸ਼ੈਰੋਵਾਲ ਵਿਖੇ ਪੁਲਿਸ ਤੋਂ ਇਨਸਾਫ ਦੀ ਮੰਗ ਨੂੰ ਲੈ ਕੇ ਹਾਈ ਵੋਲਟੇਜ ਦਾਰਾਂ ਵਾਲੇ ਟਾਵਰ ਤੇ ਚੜੇ ਪਿਓ ਪੁੱਤ 24 ਘੰਟਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ। ਸ਼ਾਮ ਤੇਜ ਮੀਂਹ ਦੇ ਦੌਰਾਨ ਵੀ ਪਿਓ ਪੁੱਤ ਟਾਵਰ ਤੇ ਹੀ ਚੜੇ ਰਹੇ, ਹਾਲਾਂਕਿ ਹਾਈ ਵੋਲਟੇਜ ਤਾਰਾਂ ਵਾਲਾ ਟਾਵਰ ਹੋਣ ਕਰਕੇ ਦੋਵਾਂ ਪਿਓ ਪੁੱਤ ਨੇ ਆਪਣੀ ਜਾਨ ਖਤਰੇ ਚ ਪਾਈ ਹੋਈ ਹੈ। ਉਧਰ ਥਾਣਾ ਘੁਮਾਣ ਦੇ ਐਸਐਚ ਓ ਹਰਜਿੰਦਰ ਸਿੰਘ ਅਤੇ ਕਿਸਾਨ ਜਥੇਬੰਦੀਆਂ ਦੇ ਕੁਝ ਆਗੂਆਂ ਵੱਲੋਂ ਕੀਤੀ ਅਪੀਲ ਨੂੰ ਵੀ ਪਿਓ ਪੁੱਤ ਨੇ ਨਹੀਂ ਮੰਨਿਆ ਅਤੇ ਇਨਸਾਫ ਮਿਲਣ ਤੱਕ ਟਾਵਰ ਤੇ ਹੀ ਬੈਠੇ ਰਹਿਣ ਦਾ ਕਿਹਾ ਹੈ।
ਇੱਥੇ ਦੱਸਣ ਯੋਗ ਹੈ ਕਿ 2021 ਚ ਹਰਦੇਵ ਸਿੰਘ ਦਾ ਛੋਟਾ ਬੇਟਾ ਸਿਮਰਨ ਦੀਪ ਸਿੰਘ ਸਕੂਲ ਗਿਆ ਸੀ ਜਿੱਥੇ ਲੜਾਈ ਦੌਰਾਨ ਉਸ ਦੇ ਬੇਟੇ ਦਾ ਕਤਲ ਹੋ ਗਿਆ ਸੀ ਉਸ ਮਾਮਲੇ ਚ ਨਾਮਜਦ ਮੁਲਜਮ ਬਰੀਆ ਜਮਾਨਤ ਤੇ ਬਾਹਰ ਹਨ। ਲੰਘੀ ਦੋ ਮਾਰਚ ਨੂੰ ਹਰਦੇਵ ਸਿੰਘ ਅਤੇ ਉਸਦਾ ਪੁੱਤਰ ਹਰਮਨਦੀਪ ਸਿੰਘ ਜਦ ਕਤਲ ਕੇਸ ਦੇ ਮਾਮਲੇ ਚ ਗਵਾਹੀ ਦੇਣ ਲਈ ਅਦਾਲਤ ਗਏ ਸਨ ਤਾਂ ਉਹਨਾਂ ਦਾ ਦੂਜੀ ਧਿਰ ਨਾਲ ਮੁੜ ਟਕਰਾਅ ਹੋ ਗਿਆ ਸੀ।
ਬਟਾਲਾ ਦੇ ਸਿਵਲ ਲਾਈਨ ਥਾਣਾ ਪੁਲਿਸ ਨੇ ਅਦਾਲਤ ਚ ਹੋਈ ਲੜਾਈ ਦੇ ਮਾਮਲੇ ਚ ਹਰਦੇਵ ਸਿੰਘ ਉਸਦੇ ਪੁੱਤਰ ਹਰਮਨਦੀਪ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਸੀ। ਹਰਦੇਵ ਸਿੰਘ ਨੇ ਬੀਤੇ ਕੱਲ ਦੋਸ਼ ਲਗਾਇਆ ਸੀ ਕਿ ਪੁਲਿਸ ਉਸਦੇ ਛੋਟੇ ਪੁੱਤਰ ਨੂੰ ਘਰੋਂ ਚੁੱਕ ਕੇ ਲੈ ਗਈ ਹੈ ਜਦ ਕਿ ਥਾਣਾ ਸਿਵਲ ਲਾਈਨ ਦੇ ਐਸਐਚਓ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਹਰਦੇਵ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹ ਅਤੇ ਉਸਦਾ ਪੁੱਤਰ ਟਾਵਰ ਤੇ ਹੀ ਬੈਠੇ ਰਹਿਣਗੇ।