- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਐੱਸਐੱਫ ਦੇ ਮਹਿਲਾ ਅਤੇ ਪੁਰਸ਼ ਜਵਾਨਾਂ ਵੱਲੋਂ ਕੰਡਿਆਲੀ ਤਾਰ ਤੇ ਲੱਗੇ ਗੇਟਾਂ ਤੇ ਖੋਜੀ ਕੁੱਤਿਆਂ ਰਾਹੀਂ ਕੰਡਿਆਲੀ ਤਾਰ ਤੋਂ ਪਾਰ ਜਾਣ ਵਾਲੇ ਕਿਸਾਨਾਂ, ਟਰੈਕਟਰ, ਟਰਾਲੀਆਂ, ਰੀਪਰਾਂ ਅਤੇ ਕੰਬਾਈਨਾਂ ਤੋਂ ਇਲਾਵਾ ਮਜ਼ਦੂਰਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ : ਜਿੱਥੇ ਪਿਛਲੇ ਸਮੇਂ ਝੋਨੇ ਦੇ ਸੀਜ਼ਨ ਦੌਰਾਨ ਭਾਰਤ-ਪਾਕਿਸਤਾਨ ਦੀ ਸਰਹੱਦ ਨਾਲ ਵਹਿੰਦੇ ਰਾਵੀ ਦਰਿਆ ’ਤੇ ਪਾਣੀ ਨਾਲ ਕੰਡਿਆਲੀ ਤਾਰ ਦੇ ਆਰ ਅਤੇ ਪਾਰ ਪੈਂਦੇ ਖੇਤਾਂ 'ਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਸੀ, ਉੱਥੇ ਹੁਣ ਇਸ ਵਾਰ ਇਸ ਖੇਤਰ ਵਿੱਚ ਕਿਸਾਨਾਂ ਵੱਲੋਂ ਕਾਸ਼ਤ ਕੀਤੀ ਗਈ ਕਣਕ ਦੀ ਫ਼ਸਲ ਪੱਕਣ ਤੇ ਬੀਐੱਸਐੱਫ ਦੇ ਜਵਾਨਾਂ ਦੀਆਂ ਸੰਗੀਨਾਂ ਦੇ ਛਾਂਅ ਹੇਠ ਬੀਐੱਸਐੱਫ ਦੇ ਜਵਾਨਾਂ ਵੱਲੋਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਡਿਆਲੀ ਤਾਰ ਤੋਂ ਪੈਂਦੀਆਂ ਜ਼ਮੀਨਾਂ ਵਿੱਚ ਕਣਕ ਦੀ ਕਟਾਈ ਜ਼ੋਰਾਂ ’ਤੇ ਕਰਵਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਐੱਸਐੱਫ ਦੇ ਵੱਖ-ਵੱਖ ਸੈਕਟਰਾਂ ਦੀ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਜਿੱਥੇ ਕਣਕ ਦੀ ਕਟਾਈ ਹੋ ਰਹੀ ਹੈ, ਉਥੇ ਬੀਐੱਸਐੱਫ ਸੈਕਟਰ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ 'ਤੇ ਬੀਐੱਸਐੱਫ ਦੀਆਂ ਅੱਧੀ ਦਰਜਨ ਦੇ ਕਰੀਬ ਵੱਖ-ਵੱਖ ਬਟਾਲੀਅਨਾਂ ਦੇ ਏਰੀਏ ਵਿੱਚ ਬੀਐੱਸਐੱਫ ਦੇ ਜਵਾਨਾਂ ਵਲੋਂ ਸਰਹੱਦ ਦੀ ਸੁਰੱਖਿਆ ਦੇ ਮੱਦੇਨਜ਼ਰ ਪਾਕਿਸਤਾਨ ਵੱਲ ਬੈਠੇ ਦੇਸ਼ ਵਿਰੋਧੀ ਅਨਸਰਾ ਤੇ ਤਿੱਖੀ ਨਜ਼ਰ ਰੱਖਦਿਆਂ ਹੋਇਆਂ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਵਿੱਚ ਕਿਸਾਨਾਂ, ਕੰਬਾਈਨ ਚਾਲਕਾਂ ਅਤੇ ਲੇਬਰ ਨੂੰ ਸੁਰੱਖਿਆ ਛੱਤਰੀ ਪ੍ਰਦਾਨ ਕਰਦਿਆਂ ਹੋਇਆਂ ਉਹਨਾਂ ਦੀਆਂ ਕਣਕਾਂ ਅਤੇ ਰੀਪਰ ਨਾਲ ਪਸ਼ੂਆਂ ਦਾ ਚਾਰਾ ਤੂੜੀ ਬਣਵਾਈ ਜਾ ਰਹੀ ਹੈ।
ਬੀਐੱਸਐੱਫ ਦੇ ਮਹਿਲਾ ਅਤੇ ਪੁਰਸ਼ ਜਵਾਨਾਂ ਵੱਲੋਂ ਕੰਡਿਆਲੀ ਤਾਰ ਤੇ ਲੱਗੇ ਗੇਟਾਂ ਤੇ ਖੋਜੀ ਕੁੱਤਿਆਂ ਰਾਹੀਂ ਕੰਡਿਆਲੀ ਤਾਰ ਤੋਂ ਪਾਰ ਜਾਣ ਵਾਲੇ ਕਿਸਾਨਾਂ, ਟਰੈਕਟਰ, ਟਰਾਲੀਆਂ, ਰੀਪਰਾਂ ਅਤੇ ਕੰਬਾਈਨਾਂ ਤੋਂ ਇਲਾਵਾ ਮਜ਼ਦੂਰਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਬੀਐੱਸਐੱਫ ਵੱਲੋਂ ਕਿਸਾਨਾਂ ਦੀ ਕਣਕ ਦੀ ਕਟਾਈ ਨੂੰ ਨੇਪਰੇ ਚੜ੍ਹਾਉਣ ਲਈ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਕਿਸਾਨਾਂ ਦੀ ਪੱਕੀ ਫ਼ਸਲ ਦੀ ਕਟਾਈ ਕਰਵਾਉਣ ਲਈ ਤੱਤਪਰ ਹਨ।
ਖੇਤਾਂ ਵਿਚ ਪੱਕੀ ਕਣਕ ਨੂੰ ਅੱਗ ਅਤੇ ਹੋਰ ਕੁਦਰਤੀ ਆਫਤਾਂ ਤੋਂ ਬਚਾਉਣ ਲਈ ਬੀਐੱਸਐੱਫ ਦੇ ਜਵਾਨ ਕਣਕ ਦੀ ਕਟਾਈ ਲਈ ਕਿਸਾਨਾਂ ਦਾ ਪੂਰਾ ਸਹਿਯੋਗ ਕਰ ਰਹੇ ਹਨ ਅਤੇ ਹਰੇਕ ਕੰਬਾਈਨ ਅਤੇ ਟਰਾਲੀ-ਟਰੈਕਟਰ ਤੇ ਬੀਐੱਸਐੱਫ ਦੇ ਤਾਇਨਾਤ ਜਵਾਨਾਂ ਦੀ ਦੇਖ-ਰੇਖ ਹੇਠ ਕਣਕ ਦੀ ਕਟਾਈ ਕੀਤੀ ਜਾ ਰਹੀ ਹੈ। ਇਥੋਂ ਤੱਕ ਕਿ ਡਰੋਨ ਐਕਟੀਵਿਟੀ ਰਾਹੀਂ ਕਣਕ ਦੇ ਖੇਤਾਂ ਵਿੱਚ ਨਸ਼ੀਲੇ ਪਦਾਰਥਾਂ ਹੋਣ ਦੇ ਖਦਸ਼ੇ ਨੂੰ ਲੈ ਕੇ ਬੀਐੱਸਐੱਫ ਦੇ ਜਵਾਨਾਂ ਅਤੇ ਖੋਜੀ ਕੁੱਤਿਆਂ ਵੱਲੋਂ ਕਣਕ ਦੇ ਖੇਤਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਵੱਲੋਂ ਹਰੇਕ ਬੀਓਪੀ ਦੇ ਤਾਇਨਾਤ ਬੀਐੱਸਐੱਫ ਦੇ ਮਹਿਲਾ ਅਤੇ ਪੁਰਸ਼ ਜਵਾਨ ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਵਿੱਚ ਗਰਮੀ ਦੌਰਾਨ ਕਿਸਾਨਾਂ ਵਾਂਗ ਹੀ ਆਪਣਾ ਪਸੀਨਾ ਵਹਾ ਰਹੇ ਹਨ। ਬੀਐੱਸਐੱਫ ਵੱਲੋਂ ਕੰਡਿਆਲੀ ਤਾਰ ਤੋਂ ਪਾਰ ਕਣਕ ਦੀ ਕਟਾਈ ਕਰਨ ਜਾਣ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਸ਼ੁੱਧ ਠੰਢੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਆਗੂ ਪ੍ਰਭਸ਼ਰਨ ਸਿੰਘ ਰੋਸੇ, ਜਗੀਰ ਸਿੰਘ, ਅਮਰੀਕ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਜਗਦੀਸ਼ ਸਿੰਘ ਸਤਨਾਮ ਸਿੰਘ, ਪਰਮਜੀਤ ਸਿੰਘ, ਹਰਦੇਵ ਸਿੰਘ, ਕੁਲਦੀਪ ਸਿੰਘ ਅਗਵਾਨ, ਨੰਬਰਦਾਰ ਆਦਿ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਨੇ ਖੇਤਾਂ ਵਿੱਚ ਪੱਕੀ ਕਣਕ ਦੀ ਸਾਂਭ ਸੰਭਾਲ ਨੂੰ ਲੈ ਕੇ ਚਿੰਤਤ ਸਨ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਵੱਲੋਂ ਕਿਸਾਨਾਂ ਨੂੰ ਮੀਟਿੰਗਾਂ ਰਾਹੀ ਜਾਗਰੂਕ ਕੀਤਾ ਜਾ ਚੁੱਕਾ ਹੈ। ਪ੍ਰਭਸ਼ਰਨ ਸਿੰਘ ਨੇ ਦੱਸਿਆ ਕਿ ਬੀਐੱਸਐੱਫ ਦੀਆਂ ਵੱਖ-ਵੱਖ ਬੀਓਪੀ ਤੇ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਵਿੱਚ ਜਿੱਥੇ ਕਣਕ ਦੀ ਕਟਾਈ ਬੀਐੱਸਐੱਫ ਦੇ ਜਵਾਨਾਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਉੱਥੇ ਜਿੰਨਾ ਕਿਸਾਨਾਂ ਨੂੰ ਅਜੇ ਤੱਕ ਕੰਬਾਈਨਾਂ ਨਹੀਂ ਮਿਲੀਆਂ ਉਹ ਕੰਬਾਈਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
---
ਖੇਤਾਂ ’ਚੋਂ ਸ਼ੱਕੀ ਵਸਤੂ ਮਿਲਣ ’ਤੇ ਬੀਐੱਸਐੱਫ ਨੂੰ ਦਿੱਤੀ ਜਾਵੇ ਇਤਲਾਹ : ਡੀਆਈਜੀ
ਕੰਡਿਆਲੀ ਤਾਰ ਤੋਂ ਪਾਰ ਬੀਐੱਸਐੱਫ ਦੇ ਜਵਾਨਾਂ ਦੀ ਦੇਖਰੇਖ ਹੇਠ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਕਣਕ ਦੀ ਕਟਾਈ ਸਬੰਧੀ ਜਦੋਂ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਜੇਕੇ ਬਿਰਦੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੀਐੱਸਐੱਫ ਅਤੇ ਸਰਹੱਦੀ ਕਿਸਾਨਾਂ ਦਾ ਆਪਸ ਵਿੱਚ ਗਹਿਰਾ ਰਿਸ਼ਤਾ ਹੈ। ਉਹਨਾਂ ਕਿਹਾ ਕਿ ਬੀਐੱਸਐੱਫ ਦੇ ਜਵਾਨਾਂ ਵੱਲੋਂ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਤੇ ਮਾਲਕ ਕਿਸਾਨਾਂ ਦੀ ਕਣਕ ਦੀ ਕਟਾਈ ਉਨ੍ਹਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਬੀਐੱਸਐੱਫ ਦੇ ਜਵਾਨਾਂ ਵੱਲੋਂ ਕੰਬਾਈਨ ਚਾਲਕਾਂ, ਟਰੈਕਟਰ ਚਾਲਕਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਚੈਕਿੰਗ ਤੋਂ ਇਲਾਵਾ ਬੀਐੱਸਐੱਫ ਦੇ ਖੋਜੀ ਕੁੱਤਿਆਂ ਦੀਆਂ ਟੀਮਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਣਕ ਦੇ ਖੇਤਾਂ ਵਿਚ ਨਸ਼ੀਲਾਂ ਪਦਾਰਥ ਹੈਰੋਇਨ, ਅਸਲਾ, ਡਰੋਨ ਆਦਿ ਗੈਰ ਵਸਤੂ ਮਿਲਦੀ ਹੈ ਤਾਂ ਤੁਰੰਤ ਬੀਐੱਸਐੱਫ ਦੀ ਸਬੰਧਤ ਬੀਓਪੀ 'ਤੇ ਸੂਚਿਤ ਕੀਤਾ ਜਾਵੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਕਣਕ ਦੀ ਨਾੜ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਈ ਜਾਵੇ।