ਪੈਟਰੋਲ ਪੰਪਾਂ ’ਤੇ ਡੀਜ਼ਲ ਪੈਟਰੋਲ ਦੀ ਵਿਕਰੀ ਘਟੀ
ਪੈਟਰੋਲ ਪੰਪਾਂ ’ਤੇ ਡੀਜ਼ਲ ਪੈਟਰੋਲ ਦੀ ਵਿਕਰੀ ਘਟੀ
Publish Date: Mon, 18 May 2026 05:13 PM (IST)
Updated Date: Mon, 18 May 2026 05:15 PM (IST)

-ਚਾਰਪਹੀਆ ਵਾਹਨ ’ਚ ਵੱਧ ਤੋਂ ਵੱਧ ਪੈਟਰੋਲ 50 ਤੇ 100 ਲੀਟਰ ਪਾਇਆ ਜਾ ਰਿਹੈ ਡੀਜ਼ਲ -ਹਦਾਇਤਾਂ ਦੀ ਪਾਲਣਾ ਨਾ ਕਰਨ ’ਤੇ 15 ਦਿਨਾਂ ਲਈ ਬੰਦ ਹੋ ਸਕਦੈ ਪੈਟਰੋਲ ਪੰਪ ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ: ਅਮਰੀਕਾ-ਈਰਾਨ ਜੰਗ ਕਾਰਨ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ, ਉਥੇ ਹੀ ਪੈਟਰੋਲੀਅਮ ਵਿਭਾਗ ਵੱਲੋਂ ਚਾਰ ਪਹੀਆ ਵਾਹਨ ਵਿੱਚ 50 ਲੀਟਰ ਪੈਟਰੋਲ ਅਤੇ 100 ਲੀਟਰ ਡੀਜ਼ਲ ਪ੍ਰਤੀ ਵਾਹਨ ਪਾਉਣ ਦੀਆਂ ਦਿੱਤੀ ਗਈਆਂ ਹਦਾਇਤਾਂ ਦੇ ਚੱਲਦਿਆਂ ਬਾਰਡਰ ਏਰੀਏ ਦੇ ਪੈਟਰੋਲ ਪੰਪਾਂ ਮਾਲਕਾਂ ਵੱਲੋਂ ਪੈਟਰੋਲਿਅਮ ਵਿਭਾਗ ਦੀਆਂ ਹਿਦਾਇਤਾਂ ਤਹਿਤ ਵਾਹਨਾਂ ਵਿੱਚ ਪੈਟਰੋਲ ਡੀਜ਼ਲ ਪਾਇਆ ਜਾ ਰਿਹਾ ਹੈ। ਜਿਸ ਕਾਰਨ ਪੈਟਰੋਲ ਪੰਪਾਂ ਤੇ ਪੈਟਰੋਲ ਡੀਜ਼ਲ ਤੇਲਾਂ ਦੀ ਵਿਕਰੀ ਘੱਟਣ ਕਾਰਨ ਪੈਟਰੋਲ ਪੰਪ ਮਾਲਕ ਅਤੇ ਲੇਬਰ ਨਿਰਾਸ਼ਾ ਦੇ ਆਲਮ ’ਚ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਹਰਾ ਪੈਟਰੋਲ ਪੰਪ ਦੇ ਮਾਲਕ ਪ੍ਰਦੀਪ ਬਲਹੋਤਰਾ, ਜਗੀਰੀ ਲਾਲ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਜੰਗ ਦੌਰਾਨ ਹੀ ਉਹਨਾਂ ਦੀ ਕੰਪਨੀ ਵੱਲੋਂ ਡੀਜ਼ਲ ਪੈਟਰੋਲ ਦੇ ਸੰਕਟ ਤੋਂ ਬਚਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਪ੍ਰਤੀ ਵਾਹਨ 50 ਲੀਟਰ ਪੈਟਰੋਲ ਅਤੇ 100 ਲੀਟਰ ਪੈਟਰੋਲ ਵਾਹਨਾਂ ਵਿੱਚ ਪਾਇਆ ਜਾਵੇ। ਇਸ ਤੋਂ ਇਲਾਵਾ 2000 ਲੀਟਰ ਤੇਲ ਪੈਟਰੋਲ ਪੰਪ ’ਤੇ ਸਟਾਕ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕੰਪਨੀ ਨੇ ਕਿਹਾ ਹੈ ਕਿ ਜੇਕਰ ਹਦਾਇਤਾਂ ਦੀ ਪਾਲਣਾ ਨਹੀਂ ਹੁੰਦੀ ਤਾਂ 15 ਦਿਨਾਂ ਲਈ ਪੈਟਰੋਲ ਪੰਪ ਬੰਦ ਕੀਤਾ ਜਾ ਸਕਦਾ ਹੈ। ਬਠਿੰਡਾ ਰਿਫਾਈਨਰੀ ਵਿੱਚੋਂ ਉਹਨਾਂ ਨੂੰ ਸਿੱਧਾ ਟੈਂਕਰਾਂ ਰਾਹੀਂ ਤੇਲ ਮੁਹੱਈਆ ਹੋ ਰਿਹਾ ਹੈ ਅਤੇ ਉਹਨਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਪੈਟਰੋਲ ਡੀਜ਼ਲ ਵਾਹਨਾਂ ਵਿੱਚ ਪਾਇਆ ਜਾ ਰਿਹਾ ਹੈ। ਪੈਟਰੋਲ ਪੰਪ ਮਾਲਕ ਦਵਿੰਦਰ ਸਿੰਘ ਬੋਬੀ ਨੇ ਦੱਸਿਆ ਕਿ ਵੱਖ-ਵੱਖ ਕੰਪਨੀਆਂ ਦੀਆਂ ਵੱਖ-ਵੱਖ ਹਦਾਇਤਾਂ ਹਨ ਅਤੇ ਹਰੇਕ ਕੰਪਨੀ ਵੱਲੋਂ ਪੈਟਰੋਲ ਅਤੇ ਡੀਜ਼ਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੰਕੋਚ ਨਾਲ ਪਾਉਣ ਦੇ ਦਿੱਤੇ ਆਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਇਸ ਮੌਕੇ ਪੈਟਰੋਲ ਮਾਲਕਾਂ ਨੇ ਕਿਹਾ ਕਿ ਇਸ ਵੇਲੇ ਜਿੱਥੇ ਪੈਟਰੋਲ ਡੀਜ਼ਲ ਦੀ ਵਿਕਰੀ ਘੱਟ ਹੋ ਰਹੀ ਹੈ ਉੱਥੇ ਤੇਲ ਦੀ ਕੀਮਤਾਂ ’ਚ ਵੀ ਵਾਧਾ ਹੋਇਆ ਹੈ ਪਰ ਉਹਨਾਂ ਦੀਆਂ ਤੇਲ ਦੀ ਕਮਿਸ਼ਨ 2017 ਤੋਂ ਬਾਅਦ ਉਹੀ ਚਲਦੀ ਆ ਰਹੀ ਹੈ। ਪਿਛਲੇ ਸਮਿਆਂ ਵਿੱਚ 1200 ਲੀਟਰ ਦਾ ਟੈਂਕਰ 6 ਲੱਖ ਦੇ ਕਰੀਬ ਆਉਂਦਾ ਸੀ ਜਦਕਿ ਸਮੇਂ ਸਮੇਂ ਤੇ ਵੱਧਦੀਆਂ ਰਹੀਆਂ ਕੀਮਤਾਂ ਕਾਰਨ ਇਸ ਵੇਲੇ ਕਰੀਬ 13 ਲੱਖ ਦਾ ਇੱਕ ਟੈਂਕਰ ਤੇਲ ਆ ਰਿਹਾ ਹੈ। ਪੈਟਰੋਲ ਪੰਪ ਮਾਲਕਾਂ ਵੱਲੋਂ ਬੈਂਕਾਂ ਵਿੱਚ ਲਿਮਟਾਂ ਬਣਾ ਕੇ ਤੇਲ ਮੰਗਵਾਇਆ ਜਾਂਦਾ ਹੈ ਪਰੰਤੂ ਅਫ਼ਸੋਸ ਕਿ ਤੇਲ ਦੀਆਂ ਕੀਮਤਾਂ ਦੁਗਣੀਆਂ ਹੋਣ ਦੇ ਬਾਵਜੂਦ ਉਹਨਾਂ ਨੂੰ 2017 ਵਾਲੀ ਕਮਿਸ਼ਨ ਮਿਲ ਰਹੀ ਹੈ। ਇਸ ਮੌਕੇ ਪੈਟਰੋਲ ਪੰਪ ਮਾਲਕਾਂ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਕਿਹਾ ਕਿ ਡੀਜ਼ਲ ਪੈਟਰੋਲ ਦੇ ਸੰਕਟ ਤੋਂ ਬਚਣ ਲਈ ਬੇਲੋੜੇ ਵਾਹਨ ਚਲਾਉਣ ਤੋਂ ਗ਼ੁਰੇਜ਼ ਕਰਕੇ ਤੇਲ ਦੀ ਖਪਤ ਨੂੰ ਘਟਾਉਣਾ ਚਾਹੀਦਾ ਹੈ।