ਕੈਬਨਿਟ ਮੰਤਰੀ ਹਰਭਜਨ ਸਿੰਘ ETO ਦੀ ਗੱਡੀ ਦਾ ਭਿਆਨਕ ਐਕਸੀਡੈਂਟ, ਗੁਰਦਾਸਪੁਰ ਦੇ ਕਲਾਨੌਰ ਨੇੜੇ ਵਾਪਰਿਆ ਹਾਦਸਾ; 4 ਗੰਨਮੈਨ ਜ਼ਖ਼ਮੀ
ਬੁੱਧਵਾਰ ਨੂੰ ਕਲਾਨੌਰ ਗੁਰਦਾਸਪੁਰ ਮਾਰਗ 'ਤੇ ਪੈਂਦੇ ਅੱਡੇ ਨਰਾਂਵਾਲੀ ਦੇ ਨਜ਼ਦੀਕ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਪਾਇਲਟ ਗੱਡੀ ਅਤੇ ਸਵਿੱਫਟ ਗੱਡੀ ਦਾ ਭਿਆਨਕ ਐਕਸੀਡੈਂਟ ਹੋਇਆ।
Publish Date: Wed, 15 Oct 2025 12:47 PM (IST)
Updated Date: Wed, 15 Oct 2025 01:30 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਬੁੱਧਵਾਰ ਨੂੰ ਕਲਾਨੌਰ ਗੁਰਦਾਸਪੁਰ ਮਾਰਗ 'ਤੇ ਪੈਂਦੇ ਅੱਡੇ ਨਰਾਂਵਾਲੀ ਦੇ ਨਜ਼ਦੀਕ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਪਾਇਲਟ ਗੱਡੀ ਅਤੇ ਸਵਿੱਫਟ ਗੱਡੀ ਦਾ ਭਿਆਨਕ ਐਕਸੀਡੈਂਟ ਹੋਇਆ। ਇਸ ਹਾਦਸੇ ਦੋਰਾਨ ਦੋਵੇਂ ਗੱਡੀਆਂ ਚਕਨਾਚੂਰ ਹੋ ਗਈਆਂ ਤੇ ਪਾਇਲਟ ਗੱਡੀ ਵਿੱਚ ਸਵਾਰ ਤਿੰਨ ਗੰਨਮੈਨ ਤੋਂ ਇਲਾਵਾ ਸਵਿੱਫਟ ਕਾਰ ਚਾਲਕ ਵੀ ਗੰਭੀਰ ਫੱਟੜ ਹੋ ਗਿਆ। ਉਨ੍ਹਾਂ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਐਂਬੂਲੈਂਸ 108 ਰਾਹੀਂ ਦਾਖਲ ਕਰਵਾਇਆ ਗਿਆ। ਇਸ ਕਾਫਲੇ ਵਿੱਚ ਕੈਬਨਿਟ ਮੰਤਰੀ ਈਟੀਓ ਹਰਭਜਨ ਸਿੰਘ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨ ਅਤੇ ਹੋਰ ਪ੍ਰਸ਼ਾਸਨ ਅਧਿਕਾਰੀ ਵੀ ਸ਼ਾਮਲ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਸਵਿੱਫਟ ਗੱਡੀ ਜੋ ਕਲਾਨੌਰ ਤੋਂ ਗੁਰਦਾਸਪੁਰ ਜਾ ਰਹੀ ਸੀ, ਜਦਕਿ ਦੂਸਰੇ ਪਾਸੇ ਤੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਪਾਇਲਟ ਗੱਡੀ ਵਿੱਚ ਡੇਰਾ ਬਾਬਾ ਨਾਨਕ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਚੈੱਕ ਵੰਡਣ ਜਾ ਰਹੇ ਸਨ, ਪੁਲਿਸ ਦੀ ਪਾਇਲਟ ਗੱਡੀ ਅਤੇ ਸਵਿੱਫਟ ਦਰਮਿਆਨ ਜ਼ਬਰਦਸਤ ਹਾਦਸਾ ਵਾਪਰ ਗਿਆ ਅਤੇ ਦੋਵੇਂ ਗੱਡੀਆਂ ਚਕਨਾਚੂਰ ਹੋ ਗਈਆਂ। ਇਸ ਮੌਕੇ 'ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਖੁਦ ਵੀ ਪੁਲਿਸ ਲੋਕ ਨਿਰਮਾਣ ਹਾਦਸੇ ਦੌਰਾਨ ਸਹਾਇਤਾ ਕਰਦੇ ਰਹੇ।
ਇਸ ਮੌਕੇ ਕੈਬਨਿਟ ਮੰਤਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਇਲਟ ਗੱਡੀ ਵਿੱਚ ਸਵਾਰ ਚਾਰ ਦੇ ਕਰੀਬ ਗੰਨਮੈਨ ਗੰਭੀਰ ਫੱਟੜ ਹੋਏ ਹਨ ਅਤੇ ਜਵਾਨਾਂ ਨੂੰ ਜੱਦੋ ਜਹਿਦ ਕਰਕੇ ਹਾਦਸਾਗ੍ਰਸਤ ਗੱਡੀ ਵਿੱਚੋਂ ਬਾਹਰ ਕੱਢ ਕੇ ਇਲਾਜ ਲਈ ਭੇਜਿਆ ਗਿਆ ਹੈ। ਇਸ ਦੌਰਾਨ ਦੂਜੀ ਗੱਡੀ ਦੇ ਚਾਲਕ ਸਮੇਤ ਤਿੰਨ ਹੋਰ ਵਿਅਕਤੀ ਜ਼ਖਮੀ ਹੋ ਗਏ ਹਨ।