- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਆਦੀਆ ਦੇ ਸਰਪੰਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਦੋਰਾਂਗਲਾ ਥਾਣੇ ਦੇ ਐੱਸਐੱਚਓ ਬਨਾਰਸੀ ਦਾਸ ਦਾ ਫ਼ੋਨ ਆਇਆ ਕਿ ਆਦੀਆ ਪੁਲਿਸ ਚੌਕੀ ’ਤੇ ਤਾਇਨਾਤ ਮੁਲਾਜ਼ਮ ਨੇ ਉਨ੍ਹਾਂ ਦਾ ਫ਼ੋਨ ਨਹੀਂ ਚੁੱਕ ਰਹੇ। ਇਸ ’ਤੇ ਉਹ ਸਵੇਰੇ 8:15 ਵਜੇ ਚੌਕੀ ਪੁੱਜੇ ਤਾਂ ਏਐੱਸਆਈ ਗੁਰਨਾਮ ਸਿੰਘ ਦੇ ਦੋਵੇਂ ਹੱਥ ਜੇਬਾਂ ’ਚ ਸਨ, ਉਨ੍ਹਾਂ ਦੇ ਸਾਹਮਣੇ ਇੱਕ ਹੀਟਰ ਚਾਲੂ ਸੀ ਤੇ ਨੇੜੇ ਹੀ ਇਕ ਕਾਰਬਾਈਨ ਪਈ ਸੀ।

ਆਕਾਸ਼,ਪੰਜਾਬੀ ਜਾਗਰਣ ਗੁਰਦਾਸਪੁਰ -- ਪਾਕਿਸਤਾਨ ਨਾਲ਼ ਲੱਗਦੀ ਸਰਹੱਦ ਤੋਂ ਸਿਰਫ਼ ਡੇਢ ਕਿਲੋਮੀਟਰ ਦੇ ਫ਼ਾਸਲੇ ’ਤੇ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਆਦੀਆਂ ਦੇ ਪੁਲਿਸ ਨਾਕੇ ’ਤੇ ਤਾਇਨਾਤ ਇਕ ਏਐੱਸਆਈ ਤੇ ਇਕ ਹੋਮਗਾਰਡ ਦਾ ਜਵਾਨ ਐਤਵਾਰ ਸਵੇਰੇ ਮਿ੍ਰਤ ਮਿਲੇ। ਦੋਵਾਂ ਦੀਆਂ ਲਾਸ਼ਾਂ ਖ਼ੂਨ ’ਚ ਭਿੱਜੀਆਂ ਸਨ। ਏਐੱਸਾਈ ਦੀ ਲਾਸ਼ ਕੁਰਸੀ ’ਤੇ ਜਦਕਿ ਹੋਮਗਾਰਡ ਦੇ ਜਵਾਨ ਦੀ ਲਾਸ਼ ਬਿਸਤਰੇ ’ਤੇ ਪਈ ਸੀ। ਮੌਕੇ ’ਤੇ ਇਕ ਕਾਰਬਾਈਨ ਤੇ ਚਾਰ ਗੋਲ਼ੀਆਂ ਦੇ ਖੋਲ ਵੀ ਬਰਾਮਦ ਹੋਏ ਹਨ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਦੋਵਾਂ ਦੀ ਹੱਤਿਆ ਕੀਤੀ ਗਈ ਹੈ, ਹਾਲਾਂਕਿ ਪੁਲਿਸ ਅਧਿਕਾਰੀ ਇਸ ਬਾਰੇ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਮਰਨ ਵਾਲਿਆਂ ਦੀ ਪਛਾਣ ਪਿੰਡ ਗਾਦੜੀਆਂ ਵਾਸੀ ਏਐੱਸਾਈ ਗੁਰਨਾਮ ਸਿੰਘਤੇ ਪਿੰਡ ਅਖਲਾਸਪੁਰ ਵਾਸੀ ਹੋਮਗਾਰਡ ਜਵਾਨ ਅਸ਼ੋਕ ਕੁਮਾਰ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਡੀਆਈਜੀ ਸੰਦੀਪ ਗੋਇਲ, ਡੀਆਈਜੀ ਬੀਐੱਸਐੱਫ ਜੇਕੇ ਵਿਰਦੀ ਤੇ ਐੱਸਐੱਸਪੀ ਗੁਰਦਾਸਪੁਰ ਆਦਿੱਤਿਆ ਮੌਕੇ ’ਤੇ ਪੁੱਜੇ। ਪੁਲਿਸ ਨੇ ਲਾਸ਼ਾਂ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ। ਖ਼ਾਸ ਗੱਲ ਇਹ ਹੈ ਕਿ ਘਟਨਾ ਸਥਾਨ ਤੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਹੀ ਬੀਐੱਸਐੱਫ ਦੀ ਚੌਕੀ ਵੀ ਹੈ ਤੇ ਇਸ ਪਿੰਡ ਨੂੰ ਬੀਐੱਸਐੱਫ ਨੇ ਕੇਂਦਰ ਸਰਕਾਰ ਦੀ ਯੋਜਨਾ ਤਹਿਤ ਗੋਦ ਲਿਆ ਹੈ। ਓਧਰ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ (ਟੀਟੀਐੱਚ) ਨੇ ਇੰਟਰਨੈੱਟ ਮੀਡੀਆ ’ਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਹੈ•।
ਪਿੰਡ ਆਦੀਆ ਦੇ ਸਰਪੰਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਦੋਰਾਂਗਲਾ ਥਾਣੇ ਦੇ ਐੱਸਐੱਚਓ ਬਨਾਰਸੀ ਦਾਸ ਦਾ ਫ਼ੋਨ ਆਇਆ ਕਿ ਆਦੀਆ ਪੁਲਿਸ ਚੌਕੀ ’ਤੇ ਤਾਇਨਾਤ ਮੁਲਾਜ਼ਮ ਨੇ ਉਨ੍ਹਾਂ ਦਾ ਫ਼ੋਨ ਨਹੀਂ ਚੁੱਕ ਰਹੇ। ਇਸ ’ਤੇ ਉਹ ਸਵੇਰੇ 8:15 ਵਜੇ ਚੌਕੀ ਪੁੱਜੇ ਤਾਂ ਏਐੱਸਆਈ ਗੁਰਨਾਮ ਸਿੰਘ ਦੇ ਦੋਵੇਂ ਹੱਥ ਜੇਬਾਂ ’ਚ ਸਨ, ਉਨ੍ਹਾਂ ਦੇ ਸਾਹਮਣੇ ਇੱਕ ਹੀਟਰ ਚਾਲੂ ਸੀ ਤੇ ਨੇੜੇ ਹੀ ਇਕ ਕਾਰਬਾਈਨ ਪਈ ਸੀ। ਇਸੇ ਤਰ੍ਹਾਂ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਕੰਬਲ ਹੇਠ ਪਿਆ ਸੀ, ਉਨ੍ਹਾਂ ਦਾ ਚਿਹਰਾ ਨੰਗਾ ਸੀ। ਮੌਕੇ ’ਤੇ ਤਿੰਨ-ਚਾਰ ਗੋਲੀਆਂ ਦੇ ਖੋਲ ਪਏ ਸਨ। ਏਐੱਸਆਈ ਦੇ ਕੰਨ ਤੇ ਅੱਖ ਦੇ ਨੇੜੇ ਗੋਲ਼ੀਆਂ ਦੇ ਨਿਸ਼ਾਨ ਸਨ ਤੇ ਖੂਨ ਵਹਿ ਰਿਹਾ ਸੀ। ਜਦਕਿ ਦੂਜੇ ਦੇ ਸਿਰ ਤੋਂ ਖੂਨ ਵਹਿ ਰਿਹਾ ਸੀ। ਉਨ੍ਹਾਂ ਦੀ ਇਸ ਦੀ ਸੂਚਨਾ ਥਾਣੇ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਡੀਆਈਜੀ ਸੰਦੀਪ ਗੋਇਲ, ਐੱਸਐੱਸਪੀ ਆਦਿੱਤਿਆ ਤੇ ਬੀਐੱਸੈਅਫ ਦੇ ਡੀਆਈਜੀ ਜੇਕੇ ਵਿਰਦੀ ਵੀ ਮੌਕੇ ’ਤੇ ਪੁੱਜੇ। ਐੱਸਐੱਸਪੀ ਨੇ ਦੱਸਿਆ ਕਿ ਫੋਰੈਂਸਿਕ ਤੇ ਟੈਕਨੀਕਲ ਟੀਮ ਨੇ ਮੌਕੇ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸ ਹਥਿਆਰ ਨਾਲ ਗੋਲ਼ੀ ਚੱਲੀ ਹੈ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਅੱਤਵਾਦੀ ਸੰਗਠਨ ਵੱਲੋਂ ਇਸ ਦੀ ਜ਼ਿੰਮੇਵਾਰੀ ਲੈਣ ’ਤੇ ਉਨ੍ਹਾਂ ਕਿਹਾ ਕਿ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਰਾਜਪਾਲ ਦੀ ਸੁਰੱਖਿਆ ’ਚ ਰਹਿ ਚੁੱਕੇ ਹਨ ਗੁਰਨਾਮ ਸਿੰਘ
ਸਿਵਲ ਹਸਪਤਾਲ ਪੁੱਜੇ ਮ੍ਰਿਤਕ ਗੁਰਨਾਮ ਸਿੰਘ ਦੇ ਪੁੱਤਰ ਸੰਦੀਪ ਸਿੰਘ ਤੇ ਚਚੇਰੇ ਭਰਾ ਬਲਵਿੰਦਰ ਸਿੰਘ ਨੇ ਕਿਹਾ ਕਿ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਨਾਮ ਸਿੰਘ ਪਹਿਲਾਂ ਰਾਜਪਾਲ ਦੀ ਸੁਰੱਖਿਆ ’ਚ ਤਾਇਨਾਤ ਸੀ। ਉਸਦੇ ਬੱਚਿਆਂ ਦੇ ਵਿਦੇਸ਼ ਜਾਣ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਹੀ ਉਹ ਦੋਰਾਂਗਲਾ ਥਾਣੇ ਆਇਆ ਸੀ। ਪੁਲਿਸ ਅਧਿਕਾਰੀ ਇਸ ਵੇਲੇ ਉਨ੍ਹਾਂ ਨੂੰ ਕੁਝ ਵੀ ਨਹੀਂ ਦੱਸ ਰਹੇ ਹਨ। ਮ੍ਰਿਤਕ ਅਸ਼ੋਕ ਕੁਮਾਰ ਦੇ ਪੁੱਤਰ ਸੰਦੀਪ ਕੁਮਾਰ ਤੇ ਅਭਿਸ਼ੇਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸ਼ਾਂਤ ਸੁਭਾਅ ਦੇ ਵਿਅਕਤੀ ਸਨ ਤੇ ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ। ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ।
ਸੀਸਟੀਵੀ ’ਚ ਦੋ ਬਾਈਕਾਂ ’ਤੇ ਜਾਂਦੇ ਨਜ਼ਰ ਆਏ ਪੰਜ ਜਣੇ
ਪਿੰਡ ਆਦੀਆ ਦੀ ਪੁਲਿਸ ਚੈੱਕ ਪੋਸਟ ’ਤੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਪੁਲਿਸ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਘਾ ਲਹੀ ਹੈ। ਇਸ ਦੌਰਾਨ ਇਕ ਸੀਸੀਟੀਵੀ ਕੈਮਰੇ ਦੀ ਫੁਟੇਜ ’ਚ ਦੋ ਬਾਈਕਾਂ ’ਤੇ ਸਵਾਰ ਪੰਜ ਲੋਕ ਉੱਥੋਂ ਲੰਘਦੇ ਦਿਖਾਈ ਦਿੱਤੇ ਹਨ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ’ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਡ੍ਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਇਸੇ ਇਲਾਕੇ ’ਚ ਸਭ ਤੋਂ ਵੱਧ
ਜ਼ਿਕਰਯੋਗ ਹੈ ਕਿ ਬੀਐੱਸਐਅਫ ਨੇ ਕੇਂਦਰ ਸਰਕਾਰ ਦੀ ਬਾਈਬ੍ਰੇਂਟ ਤਹਿਤ ਪਿੰਡ ਆਦੀਆ ਨੂੰ ਗੋਦ ਲਿਆ ਹੋਇਆ ਹੈ। ਇਹ ਪਿੰਡ ਸਰਹੱਦ ਨੇੜੇ ਡ੍ਰੋਨ ਰਾਹੀਂ ਹਥਿਆਰਾਂ ਤੇ ਨਸ਼ੇ ਦੀ ਤਸਕਰੀ ਲਈ ਬਦਨਾਮ ਹੈ। ਪਿੰਡ ਨੂੰ ਗੋਦ ਲੈਣ ਤੋਂ ਬਾਅਦ ਬੀਐੱਸਐੱਫ ਨੇ ਇੱਥੇ ਕਈ ਪ੍ਰੋਗਰਾਮ ਲਾਂਚ ਕੀਤੇ ਹਨ। ਪਿੰਡ ’ਚ ਇਕ ਬੀਐੱਸਐਅਫ ਦੀ ਪੋਸਟ ਵੀ ਹੈ। ਇਹੀ ਨਹੀਂ, ਬੀਐੱਸਐੱਫ ਤੋਂ ਬਾਅਦ ਪੁਲਿਸ ਨੇ ਦੂਜੇ ਸੁਰੱਖਿਆ ਘੇਰੇ ਤਹਿਤ ਇੱਥੇ ਪੁਲਿਸ ਪੋਸਟ ਸਥਾਪਤ ਕੀਤੀ ਹੋਈ ਹੈ। ਇਸ ਪੋਸਟ ਦੇ ਨੇੜੇ ਹੀ ਇਕ ਕਮਰਾ ਬਣਾਇਆ ਗਿਆ ਹੈ, ਜਿੱਥੇ ਮੁਲਾਜ਼ਮ ਆਰਾਮ ਕਰਦੇ ਹਨ।