ਕੈਲੀਫੋਰਨੀਆ ਦੇ ਟਰੇਸੀ 'ਚ ਕਲਾਨੌਰ ਦੇ ਭਾਈ ਅਵਤਾਰ ਸਿੰਘ ਨੂੰ ਅਗਵਾ ਕਰ ਕੇ ਕੀਤਾ ਕਤਲ, ਇਲਾਕੇ 'ਚ ਸੋਗ ਦੀ ਲਹਿਰ
ਭਾਈ ਅਵਤਾਰ ਸਿੰਘ ਲੰਮੇ ਕੈਲੀਫੋਰਨੀਆ ਦੇ ਟਰੇਸੀ ਸਥਿਤ ਦਮਦਮੀ ਟਕਸਾਲ ਦੇ ਗੁਰਦੁਆਰਾ ਨਾਨਕ ਪ੍ਰਕਾਸ਼ ਵਿਖੇ ਸੇਵਾ ਕਰ ਰਹੇ ਸਨ ਅਤੇ ਲੰਮੇ ਸਮੇਂ ਤੋਂ ਬਾਅਦ ਪਿਛਲੇ ਸਾਲ ਅਵਤਾਰ ਸਿੰਘ ਦੇ ਘਰ ਇੱਕ ਪੁੱਤਰੀ ਤੇ ਦੋ ਪੁੱਤਰਾਂ ਸਮੇਤ ਤਿੰਨ ਬੱਚਿਆਂ ਨੇ ਜਨਮ ਲਿਆ ਸੀ ਅਤੇ ਮਈ ਮਹੀਨੇ ਬੱਚਿਆਂ ਦਾ ਜਨਮ ਮਨਾਉਣਾ ਸੀ।
Publish Date: Sun, 22 Feb 2026 11:30 AM (IST)
Updated Date: Sun, 22 Feb 2026 11:41 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ: ਇਤਿਹਾਸਿਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕਲਾਨੌਰ ਦੇ ਹੈਡ ਗ੍ਰੰਥੀ ਰਹੇ ਬਾਬਾ ਬਲਕਾਰ ਸਿੰਘ ਦੇ ਛੋਟੇ ਭਰਾ ਭਾਈ ਅਵਤਾਰ ਸਿੰਘ (55), ਜਿਨ੍ਹਾਂ ਨੂੰ ਬੀਤੇ ਦਿਨੀਂ ਕੈਲੀਫੋਰਨੀਆ ਸਥਿਤ ਟਰੇਸੀ ਦੇ ਗੁਰਦੁਆਰਾ ਨਾਨਕ ਪ੍ਰਕਾਸ਼ ਤੋਂ ਅਗਵਾ ਕਰ ਲਿਆ ਗਿਆ ਸੀ, ਦੀ ਲਾਸ਼ ਮਿਲੀ ਹੈ। ਭਾਈ ਬਲਕਾਰ ਸਿੰਘ ਨੇ ਦੱਸਿਆ ਕਿ ਭਾਈ ਅਵਤਾਰ ਸਿੰਘ ਲੰਮੇ ਸਮੇਂ ਤੋਂ ਕੈਲੀਫੋਰਨੀਆ ਦੇ ਟਰੇਸੀ ਸਥਿਤ ਦਮਦਮੀ ਟਕਸਾਲ ਦੇ ਗੁਰਦੁਆਰਾ ਨਾਨਕ ਪ੍ਰਕਾਸ਼ ਵਿਖੇ ਸੇਵਾ ਕਰ ਰਹੇ ਸਨ। ਲੰਘੇ ਸ਼ੁੱਕਰਵਾਰ ਨੂੰ ਗੱਡੀ ’ਤੇ ਆਏ ਕੁਝ ਨੌਜਵਾਨ ਕਿਸੇ ਦਾ ਪਤਾ ਪੁੱਛਣ ਮਗਰੋਂ ਉਨ੍ਹਾਂ ਨਾਲ ਬਹਿਸਬਾਜ਼ੀ ਕਰਨ ਲੱਗ ਪਏ। ਇਸ ਤੋਂ ਬਾਅਦ ਉਨ੍ਹਾਂ ਅਵਤਾਰ ਸਿੰਘ ਨੂੰ ਜਬਰੀ ਆਪਣੀ ਗੱਡੀ ’ਚ ਬਿਠਾ ਲਿਆ ਤੇ ਉੱਥੋਂ ਲੈ ਗਏ। ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਹੁਣ ਉਨ੍ਹਾਂ ਦੀ ਲਾਸ਼ ਬੇਰੀਸ ਝੀਲ ਤੋਂ ਬਰਾਮਦ ਹੋਈ ਹੈ। ਜਾਂਚ ਮੁਤਾਬਕ ਤਿੰਨ ਸ਼ੱਕੀ ਵਿਅਕਤੀਆਂ ਨੇ ਸਫੈਦ ਰੰਗ ਦੀ ਐੱਸਯੂਬੀ ਰਾਹੀਂ ਉਨ੍ਹਾਂ ਨੂੰ ਅਗ਼ਵਾ ਕੀਤਾ ਸੀ।