15 ਮਈ ਨੂੰ ਹੋਣਗੀਆਂ ਬਾਰ ਐਸੋਸੀਏਸ਼ਨ ਦੀਆਂ ਚੋਣਾਂ, ਅਹੁਦੇਦਾਰਾਂ ਤੇ ਕਾਰਜਕਾਰੀ ਮੈਂਬਰਾਂ 'ਚ 30 ਫੀਸਦੀ ਨੁਮਾਇੰਦਗੀ ਮਹਿਲਾ ਵਕੀਲਾਂ ਨੂੰ ਦੇਣੀ ਜ਼ਰੂਰੀ
ਇਸ ਤੋਂ ਇਲਾਵਾ 20 ਅਪ੍ਰੈਲ ਤੋਂ ਪਹਿਲਾਂ ਜਾ 20 ਅਪ੍ਰੈਲ ਨੂੰ ਸਬੰਧਿਤ ਬਾਰ ਐਸੋਸੀਏਸ਼ਨਾਂ ਚੋਣ ਪ੍ਰਕਿਰਿਆ ਨੇਪਰੇ ਚਾੜਨ ਲਈ ਰਿਟਰਨਿੰਗ ਅਫਸਰ ਜਾਂ ਇਲੈਕਸ਼ਨ ਕਮੇਟੀ ਨਿਯੁਕਤ ਕਰਨਗੀਆਂ। ਰਿਟਰਨਿੰਗ ਅਫਸਰ ਵੱਲੋਂ 24 ਅਪ੍ਰੈਲ ਤੱਕ ਵੋਟਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।
Publish Date: Thu, 09 Apr 2026 10:10 AM (IST)
Updated Date: Thu, 09 Apr 2026 10:22 AM (IST)

ਪਲਵਿੰਦਰ ਸਿੰਘ, ਪੰਜਾਬੀ ਜਾਗਰਣ, ਗੁਰਦਾਸਪੁਰ : ਬਾਰ ਕੌਸਲ ਆਫ ਪੰਜਾਬ ਐਂਡ ਹਰਿਆਣਾ ਦੀਆਂ 5 ਸਾਲ ਬਾਅਦ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਹੁਣ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਦੀਆਂ ਸਾਲਾਨਾ ਚੋਣਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਬਾਰ ਕੌਸਲ ਆਫ ਪੰਜਾਬ ਐਂਡ ਹਰਿਆਣਾ ਦੇ ਰਿਟਰਨਿੰਗ ਅਫਸਰ ਜਸਟਿਸ ਜੈ ਸ਼੍ਰੀ ਠਾਕੁਰ (ਰਿਟਾ.) ਵੱਲੋਂ ਇਨ੍ਹਾਂ ਚੋਣਾਂ ਲਈ ਸਬੰਧਿਤ ਬਾਰ ਐਸੋਸੀਏਸ਼ਨਾਂ ਦੇ ਮੌਜੂਦਾ ਪ੍ਰਧਾਨਾਂ ਅਤੇ ਸਕੱਤਰਾਂ ਨੂੰ ਇਸ ਸਬੰਧੀ ਪੱਤਰ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬਾਰ ਐਸੋਸੀਏਸ਼ਨਾਂ ਦੇ ਮੈਂਬਰਾਂ ਅਤੇ ਚੋਣ ਲੜਨ ਦੇ ਚਾਹਵਾਨ ਦੇ ਉਮੀਦਵਾਰਾਂ ਵਿਚ ਹਲਚਲ ਤੇਜ਼ ਹੋ ਗਈ ਹੈ। ਦੋਨਾਂ ਸੂਬਿਆਂ ਅਤੇ ਯੂਟੀ ਚੰਡੀਗੜ੍ਹ ਦੇ ਸਮੂਹ ਵਕੀਲ ਮੈਂਬਰਾਂ ਨੂੰ 16 ਅਪ੍ਰੈਲ ਤੱਕ ਆਪਣੇ ਚੰਦੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ 20 ਅਪ੍ਰੈਲ ਤੋਂ ਪਹਿਲਾਂ ਜਾ 20 ਅਪ੍ਰੈਲ ਨੂੰ ਸਬੰਧਿਤ ਬਾਰ ਐਸੋਸੀਏਸ਼ਨਾਂ ਚੋਣ ਪ੍ਰਕਿਰਿਆ ਨੇਪਰੇ ਚਾੜਨ ਲਈ ਰਿਟਰਨਿੰਗ ਅਫਸਰ ਜਾਂ ਇਲੈਕਸ਼ਨ ਕਮੇਟੀ ਨਿਯੁਕਤ ਕਰਨਗੀਆਂ। ਰਿਟਰਨਿੰਗ ਅਫਸਰ ਵੱਲੋਂ 24 ਅਪ੍ਰੈਲ ਤੱਕ ਵੋਟਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਇਸ ਵੋਟਰ ਸੂਚੀ ਨੂੰ 27 ਅਪ੍ਰੈਲ ਨੂੰ ਨੋਟਿਸ ਬੋਰਡ ’ਤੇ ਲਾਇਆ ਜਾਵੇਗਾ ਅਤੇ ਇਸ ਉੱਪਰ ਇਤਰਾਜ਼ ਮੰਗੇ ਜਾਣਗੇ। ਇਤਰਾਜ਼ਾਂ ਬਾਰੇ ਨਿਪਟਾਰਾ 8 ਮਈ ਜਾਂ ਇਸ ਤੋਂ ਪਹਿਲਾਂ ਕਰਨਾ ਪਵੇਗਾ। ਰਿਟਰਨਿੰਗ ਅਫਸਰ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ, ਇਨ੍ਹਾਂ ਦੀ ਦਰੁਸਤੀ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀਆਂ ਤਰੀਕਾਂ ਤੈਅ ਕੀਤੀਆਂ ਜਾਣਗੀਆਂ। ਮਤਦਾਨ ਅਤੇ ਵੋਟਾਂ ਦੀ ਗਿਣਤੀ 15 ਮਈ ਨੂੰ ਹੋਵੇਗੀ।
ਬਾਰ ਐਸੋਸੀਏਸ਼ਨਾਂ ਦੀਆਂ ਇੰਨਾਂ ਚੋਣਾਂ ਵਿਚ ਇਸ ਵਾਰ ਖਾਸ ਗੱਲ ਇਹ ਹੋਵੇਗੀ ਕਿ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਵਿਚ 30 ਫੀਸਦੀ ਨੁਮਾਇੰਦਗੀ ਮਹਿਲਾ ਵਕੀਲਾਂ ਨੂੰ ਦੇਣੀ ਜ਼ਰੂਰੀ ਬਣਾਇਆ ਗਿਆ ਹੈ। ਜਸਟਿਸ ਜੈ ਸ਼੍ਰੀ ਠਾਕੁਰ ਵੱਲੋਂ ਜਾਰੀ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਕਿ ਸੁਪਰੀਮ ਕੋਰਟ ਨੇ 16 ਜਨਵਰੀ 2026 ਨੂੰ ਦੀਕਸ਼ਾ ਐੱਨ ਅਮਰੂਥੇਸ਼ ਬਨਾਮ ਸਟੇਟ ਆਫ ਕਰਨਾਟਕਾ ਦੇ ਫੈਸਲੇ ਵਿਚ 30 ਫੀਸਦੀ ਮਹਿਲਾ ਨੁਮਾਇੰਦਗੀ ਕਰਨ ਦੇ ਆਦੇਸ਼ ਦਿੱਤੇ ਸਨ। ਆਪਣੇ ਪੱਤਰ ਵਿਚ ਜਸਟਿਸ ਠਾਕੁਰ ਨੇ ਇਹ ਵੀ ਲਿਖਿਆ ਕਿ ਜੇਕਰ ਨਿਰਧਾਰਿਤ ਨਿਯਮਾਂ ਦਾ ਕੋਈ ਉਲੰਘਣ ਹੋਇਆ ਤਾਂ ਚੋਣ ਰੱਦ ਸਮਝੀ ਜਾਵੇਗੀ।