- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਨਾਲ-ਨਾਲ ਪੈਂਦੇ ਬਾਰਡਰ ਏਰੀਏ ਨਾਲ ਸੰਬੰਧਿਤ ਸਰਹੱਦੀ ਪਿੰਡ ਚੌੜਾ ਕਲਾਂ, ਲੋਪਾ, ਦੋਸਤਪੁਰ, ਸਰਜੇਚੱਕ, ਮੀਰ ਕਚਾਣਾ, ਧੀਦੋਵਾਲ, ਰੋਸਾ, ਰੁਡਿਆਣਾ, ਅਗਵਾਨ, ਕਲਾਨੌਰ, ਮੋਮਨਪੁਰ ਆਦਿ ਪਿੰਡਾਂ ਦੀਆਂ ਸੜਕਾਂ ’ਤੇ ਵੱਖ-ਵੱਖ ਲੋਕੇਸ਼ਨਾਂ ਤੇ ਵਧੀਆ ਕੁਆਲਿਟੀ ਦੇ ਨਾਈਟ ਵਿਜ਼ਨ ਜੀਪੀਐੱਸ ਵਾਲੇ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਪੂਰੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਕਲਾਨੌਰ : ਪਿਛਲੇ ਸਮੇਂ ਤੋਂ ਪੰਜਾਬ ਦੀ ਧਰਤੀ ’ਤੇ ਫੈਲੇ ਘਾਤਕ ਨਸ਼ਿਆਂ ਦੀ ਚੇਨ ਤੋੜਨ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਉੱਥੇ ਪੰਜਾਬ ਸਰਕਾਰ ਵੱਲੋਂ ਭਾਰਤ-ਪਾਕਿਸਤਾਨ ਦੇ ਬਾਰਡਰ ਏਰੀਏ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪਿੰਡਾਂ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣਾਉਣ ਤੋਂ ਬਾਅਦ ਬਾਰਡਰ ਏਰੀਏ ਵਿੱਚ ਦੇਸ਼ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਮਨੋਰਥ ਨਾਲ ਵੱਖ-ਵੱਖ ਸਰਹੱਦੀ ਸੜਕਾਂ ਅਤੇ ਚੌਰਾਹਿਆਂ ਤੇ ਸੀਸੀਟੀਵੀ ਲਗਾਉਣ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਨਾਲ-ਨਾਲ ਪੈਂਦੇ ਬਾਰਡਰ ਏਰੀਏ ਨਾਲ ਸੰਬੰਧਿਤ ਸਰਹੱਦੀ ਪਿੰਡ ਚੌੜਾ ਕਲਾਂ, ਲੋਪਾ, ਦੋਸਤਪੁਰ, ਸਰਜੇਚੱਕ, ਮੀਰ ਕਚਾਣਾ, ਧੀਦੋਵਾਲ, ਰੋਸਾ, ਰੁਡਿਆਣਾ, ਅਗਵਾਨ, ਕਲਾਨੌਰ, ਮੋਮਨਪੁਰ ਆਦਿ ਪਿੰਡਾਂ ਦੀਆਂ ਸੜਕਾਂ ’ਤੇ ਵੱਖ-ਵੱਖ ਲੋਕੇਸ਼ਨਾਂ ਤੇ ਵਧੀਆ ਕੁਆਲਿਟੀ ਦੇ ਨਾਈਟ ਵਿਜ਼ਨ ਜੀਪੀਐੱਸ ਵਾਲੇ ਸੀਸੀਟੀਵੀ ਕੈਮਰੇ ਲਗਾਉਣ ਦਾ ਕੰਮ ਪੂਰੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਕੈਮਰੇ ਲਗਾਉਣ ਵਾਲਿਆਂ ਨੇ ਦੱਸਿਆ ਕਿ ਇਹਨਾਂ ਕੈਮਰਿਆਂ ਨੂੰ ਲਗਾਉਣ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਹ ਕੈਮਰੇ ਪੁਲਿਸ ਪ੍ਰਸ਼ਾਸਨ ਅਤੇ ਹੋਰ ਅਧਿਕਾਰੀਆਂ ਦੀ ਨਜ਼ਰ ਰਹੇਗੀ। ਬਾਰਡਰ ਏਰੀਏ ’ਤੇ ਵੱਖ-ਵੱਖ ਸਰਹੱਦੀ ਪਿੰਡਾਂ ਦੇ ਚੌਰਾਹਿਆਂ ’ਤੇ ਵੱਖ-ਵੱਖ ਲੋਕੇਸ਼ਨਾਂ ਤੇ ਸੀਸੀਟੀਵੀ ਕੈਮਰੇ ਪੂਰੀ ਤੇਜ਼ੀ ਨਾਲ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਕੈਮਰੇ ਰਾਤ ਵੇਲੇ ਵੀ ਤਿੰਨ ਤੋਂ ਚਾਰ ਕਿਲੋਮੀਟਰ ਤੱਕ ਏਰੀਆ ਨੂੰ ਕਵਰ ਕਰਨਗੇ। ਇਹ ਕੈਮਰੇ 20 ਤੋਂ 38 ਫੁੱਟ ਉੱਚੇ ਖੰਭੇ ’ਤੇ ਲਗਾਏ ਜਾ ਰਹੇ ਹਨ। ਇਨ੍ਹਾਂ ਲਗਾਏ ਜਾ ਰਹੇ ਸੀਸੀਟੀਵੀ ਕੈਮਰਿਆਂ ਨੂੰ ਡੀਰਿਕਾਡਰ, ਬੈਟਰੀ ਬੈਕਅਪ ਅਤੇ ਇੰਟਰਨੈਟ ਨਾਲ ਸੰਪਰਕ ਜੋੜਿਆ ਜਾ ਰਿਹਾ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਬਾਰਡਰ ਏਰੀਏ ਵਿੱਚ ਸੀਸੀਟੀਵੀ ਕੈਮਰੇ ਲਗਾ ਰਹੇ ਠੇਕੇਦਾਰ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ 55 ਲੋਕੇਸ਼ਨਾਂ ਹਨ ਜਿਨ੍ਹਾਂ ਵਿੱਚੋਂ 32 ਥਾਵਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਜਾ ਚੁੱਕੇ ਹਨ ਜਦਕਿ 22 ਲੋਕੇਸ਼ਨਾਂ ’ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਹਨਾਂ ਕੈਮਰਿਆਂ ਨੂੰ ਇੰਟਰਨੈੱਟ ਨਾਲ ਜੋੜਿਆ ਜਾ ਰਿਹਾ ਹੈ।
ਸਾਰੇ ਲੋਕ ਆਪਣੇ ਘਰਾਂ ’ਚ ਲਗਾਉਣ ਸੀਸੀਟੀਵੀ ਕੈਮਰੇ : ਐੱਸਐੱਸਪੀ
ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਐੱਸਐੱਸਪੀ ਆਦਿੱਤਿਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਬਾਰਡਰ ਏਰੀਏ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਉਹਨਾਂ ਸਰਹੱਦੀ ਪਿੰਡਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੀ ਨਿਗਰਾਨੀ ਲਈ ਸਾਰੇ ਲੋਕ ਆਪਣੇ ਘਰਾਂ ਵਿੱਚ ਵੀ ਸੀਸੀਟੀਵੀ ਕੈਮਰੇ ਲਗਾਉਣ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਵੇਚਣ ਵਾਲਿਆ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸਰਹੱਦੀ ਪਿੰਡਾਂ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ। ਉਹਨਾਂ ਪਿੰਡਾਂ ਦੇ ਸਰਪੰਚਾਂ, ਪੰਚਾਂ, ਮੋਹਤਬਰਾਂ, ਦੁਕਾਨਦਾਰਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀਸੀਟੀਵੀ ਕੈਮਰੇ ਲਗਾਉਣ ਨੂੰ ਯਕੀਨੀ ਬਣਾਉਣ ਅਤੇ ਭੈੜੇ ਅਨਸਰਾਂ ਸਬੰਧੀ ਪੁਲਿਸ ਨੂੰ ਇਤਲਾਹ ਦੇਣ ਤਾਂ ਜੋ ਅਮਨ ਸ਼ਾਂਤੀ ਨੂੰ ਬਹਾਲ ਰੱਖਿਆ ਜਾ ਸਕੇ।
ਸਰਕਾਰ ਸਰਹੱਦੀ ਪਿੰਡਾਂ ’ਚ ਵੀ ਲਗਾਏ ਸੀਸੀਟੀਵੀ ਕੈਮਰੇ : ਸਰਪੰਚ ਰਵੇਲ ਸਿੰਘ
ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਦੇ ਕੰਢੇ ਵਸੇ ਪਿੰਡ ਚੰਦੂ ਵਡਾਲਾ ਦੇ ਸਰਪੰਚ ਅਤੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਰਵੇਲ ਸਿੰਘ ਨੇ ਦੱਸਿਆ ਕਿ ਬਾਰਡਰ ਏਰੀਏ ਵਿੱਚ ਲਗਾਏ ਜਾ ਰਹੇ ਸੀਸੀਟੀਵੀ ਕੈਮਰਿਆਂ ਕਾਰਨ ਗਲਤ ਅਨਸਰਾਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਬਾਰਡਰ ਨਾਲ ਨਾਲ ਲੱਗਦੇ ਪਿੰਡਾਂ ਵਿੱਚ ਵੀ ਸਰਕਾਰ ਸੀਸੀਟੀਵੀ ਕੈਮਰੇ ਲਗਾਵੇ ਤਾਂ ਜੋ ਸਰਹੱਦੀ ਪਿੰਡਾਂ ਵਿੱਚ ਬਾਹਰੋਂ ਆਉਣ ਜਾਣ ਵਾਲੇ ਸ਼ਰਾਰਤੀ ਅਨਸਰਾਂ ਸਬੰਧੀ ਜਾਣਕਾਰੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਸਕੇ।